ਸ੍ਰੀ ਮੁਕਤਸਰ ਸਾਹਿਬ, 12
ਸਤੰਬਰ (ਰਣਜੀਤ ਸਿੰਘ/ਬਿੱਟੂ ਦੋਦਾ): ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਕੋਟ ਭਾਈ
ਵਿਖੇ ਡਿਊਟੀ 'ਤੇ ਤਾਇਨਾਤ ਪੰਜਾਬ ਪੁਲਿਸ ਦਾ ਇਕ ਏ.ਐਸ.ਆਈ. ਅਪਣੇ ਇਕ ਸਾਥੀ ਨਾਲ 50
ਗ੍ਰਾਮ ਹੈਰੋਇਨ ਸਮੇਤ ਪੁਲਿਸ ਨਾਕੇ ਦੌਰਾਨ ਕਾਬੂ ਕੀਤਾ ਗਿਆ।
ਇਸ ਸਬੰਧੀ ਪ੍ਰੈਸ
ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਜ਼੍ਹਾ ਪੁਲਿਸ ਮੁਖੀ ਸੁਸ਼ੀਲ ਕੁਮਾਰ ਨੇ ਦਸਿਆ ਕਿ
ਸਪੈਸ਼ਲ ਟਾਕਸ ਫ਼ੋਰਸ ਦੇ ਪ੍ਰਮੁੱਖ ਹਰਪ੍ਰੀਤ ਸਿੰਘ ਸਿੱਧੂ ਏ.ਡੀ.ਜੀ.ਪੀ.ਦੀਆਂ ਹਦਾਇਤਾਂ
ਅਨੁਸਾਰ ਨਸ਼ਾ ਵੇਚਣ ਵਾਲਿਆਂ ਨੂੰ ਪਕੜਨ ਵਾਸਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ
ਚੱਕ ਦੂਹੇ ਵਾਲਾ ਵਿਖੇ ਪੰਜਾਬ ਪੁਲਿਸ ਅਤੇ ਸਪੈਸਲ ਟਾਕਸ ਫ਼ੋਰਸ ਨੇ ਸਾਂਝੇ ਤੌਰ 'ਤੇ ਨਾਕਾ
ਲਗਾਇਆ ਹੋਇਆ ਸੀ। ਜਿਥੇ ਪੁਲਿਸ ਮਹਿਕਮੇ ਵਿਚ ਬਤੌਰ ਏ.ਐਸ.ਆਈ. ਵਜੋਂ ਸੇਵਾਵਾਂ ਨਿਭਾ
ਰਹੇ ਮੋਹਣ ਸਿੰਘ ਅਤੇ ਉਸ ਦਾ ਇਕ ਸਾਥੀ ਗੁਰਮੀਤ ਸਿੰਘ ਜੋ ਕਿ ਇਕ ਸਵਿਫਟ ਕਾਰ 'ਤੇ ਸਵਾਰ
ਸਨ, ਨੂੰ ਰੋਕ ਕੇ ਤਲਾਸ਼ੀ ਲੈਣ ਤੇ ਉਨ੍ਹਾਂ ਪਾਸੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਸ
'ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਪੁਛਗਿੱਛ ਦੌਰਾਨ ਦਸਿਆ ਕਿ
ਉਨ੍ਹਾਂ ਨਾਲ ਗੁਰਜੀਤ ਸਿੰਘ ਅਤੇ ਪਰਮਜੀਤ ਸਿੰਘ ਵੀ ਇਸ ਵਿਚ ਸ਼ਾਮਲ ਹਨ ਜਿਸ 'ਤੇ ਪੁਲਿਸ
ਨੇ ਏਐਸਆਈ ਮੋਹਣ ਸਿੰਘ, ਗੁਰਮੀਤ ਸਿੰਘ, ਗੁਰਜੀਤ ਸਿੰਘ ਅਤੇ ਪਰਮਜੀਤ ਸਿੰਘ ਵਿਰੁਧ ਮਾਮਲਾ
ਦਰਜ ਕਰ ਲਿਆ ਹੈ।
ਜ਼ਿਲ੍ਹਾ ਪੁਲਿਸ ਮੁਖੀ ਨੇ ਦਸਿਆ ਕਿ ਇਹ ਵਿਅਕਤੀ ਨਸ਼ਾ ਫ਼ਿਰੋਜ਼ਪੁਰ
ਤੋਂ ਲੈ ਕੇ ਆਉਂਦੇ ਸਨ। ਇਸ ਕੇਸ ਦੁ ਤਫਤੀਸ਼ੀ ਅਫ਼ਸਰ ਇਕਬਾਲ ਸਿੰਘ ਏ.ਐਸ.ਆਈ. ਨੇ ਦਸਿਆ ਕਿ
ਪੁਲਿਸ ਵਲੋਂ ਕਥਿਤ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰੀਮਾਂਡ ਲਈ ਅਦਾਲਤ
ਨੂੰ ਬੇਨਤੀ ਕੀਤੀ ਜਾਵੇਗੀ।