ਚੰਡੀਗੜ੍ਹ, 16
ਸਤੰਬਰ (ਜੀ.ਸੀ. ਭਾਰਦਵਾਜ) : ਸ਼੍ਰੋਮਣੀ ਅਕਾਲੀ ਦਲ ਦੇ ਪੈਟਰਨ ਅਤੇ ਪੰਜ ਵਾਰ ਮੁੱਖ
ਮੰਤਰੀ ਰਹੇ 90 ਸਾਲਾ ਅਕਾਲੀ ਨੇਤਾ ਪਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ
ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਪਹਿਲੇ 6 ਮਹੀਨੇ ਪੂਰੀ ਤਰ੍ਹਾਂ ਨਾਕਾਮਯਾਬੀ
ਵਾਲੇ ਰਹੇ ਅਤੇ ਇਹ ਸਰਕਾਰ ਸਿਆਸੀ, ਆਰਥਕ, ਧਾਰਮਕ ਅਤੇ ਸਦਾਚਾਰਕ ਖੇਤਰਾਂ ਸਮੇਤ ਹਰ ਫਰੰਟ
'ਤੇ ਫੇਲ੍ਹ ਹੋਈ ਹੈ।
ਅੱਜ ਸੈਕਟਰ-28 ਵਾਲੇ ਪਾਰਟੀ ਦਫ਼ਤਰ 'ਚ ਅਪਣੇ ਮਾਸਿਕ
ਪ੍ਰੋਗਰਾਮ ਤਹਿਤ ਵੱਖ-ਵੱਖ ਇਲਾਕਿਆਂ ਤੋਂ ਆਏ ਪੀੜ੍ਹਤ ਵਰਕਰਾਂ, ਲੀਡਰਾਂ ਅਤੇ ਹੋਰ ਲੋਕਾਂ
ਦੇ ਦੁਖ-ਦਰਦ ਸੁਣਨ ਉਪਰੰਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵੈਟਰਨ ਅਕਾਲੀ ਨੇਤਾ ਨੇ
ਕਿਹਾ ਕਿ ਕਾਂਗਰਸ ਨੇ ਚੋਣ ਪ੍ਰਚਾਰ ਮੌਕੇ 100 ਤੋਂ ਵੱਧ ਵਾਅਦੇ ਕੀਤੇ, ਜਿਨ੍ਹਾਂ 'ਚੋਂ
ਇਕ ਵੀ ਪੂਰਾ ਨਹੀਂ ਕੀਤਾ, ਸਿਰਫ 6 ਮਹੀਨੇ ਬਹਾਨੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ
ਅਕਾਲੀ-ਭਾਜਪਾ ਸਰਕਾਰ ਨੇ 10 ਸਾਲਾਂ 'ਚ ਵਿਕਾਸ ਦੇ ਅਣਗਿਣਤ ਕੰਮ ਕੀਤੇ। ਸਿੱਖ ਯਾਦਗਾਰਾਂ
ਬਣਾਈਆਂ ਅਤੇ ਅੱਜ ਕਾਂਗਰਸ ਸਰਕਾਰ ਇਨ੍ਹਾਂ ਕੰਮਾਂ ਦੀ ਬਦਖੋਹੀ ਕਰ ਰਹੀ ਹੈ।
ਸ.
ਬਾਦਲ ਨੇ ਕਿਹਾ ਕਿ ਕਿਸਾਨਾਂ ਸਿਰ 90 ਹਜ਼ਾਰ ਕਰੋੜ ਦੇ ਕਰਜ਼ੇ ਮਾਫ਼ ਕਰਨ ਵਾਲੀ ਸਰਕਾਰ ਨੇ
ਵਿਧਾਨ ਸਭਾ ਦੇ ਪਵਿੱਤਰ ਸਦਨ 'ਚ ਕੀਤੇ ਐਲਾਨ ਦੀ ਵੀ ਤੌਹੀਨ ਕੀਤੀ ਹੈ। ਉਦਯੋਗਪਤੀਆਂ ਨੂੰ
5 ਰੁਪਏ ਪ੍ਰਤੀ ਯੂਨਿਟ ਬਿਜਲੀ ਦਾ ਐਲਾਨ ਵੀ ਗ਼ਲਤ ਨਿਕਲਿਆ।
ਇਤਿਹਾਸ 'ਚ ਪਹਿਲੀ ਵਾਰ
ਹੋਇਆ ਹੈ ਕਿ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਤੋਂ ਵੀ ਇਹ ਕਾਂਗਰਸ ਸਰਕਾਰ ਮੁਨਕਰ ਹੋਈ
ਹੈ। ਗੁਰਦਾਸਪੁਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਪ੍ਰਚਾਰ 'ਤੇ ਜਾਣ ਬਾਰੇ ਪੁੱਛੇ ਸਵਾਲ
'ਤੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਭਾਜਪਾ ਦੇ ਉਮੀਦਵਾਰ ਦੀ ਸਫ਼ਲਤਾ ਲਈ
ਜਰੂਰ ਪਠਾਨਕੋਟ ਤੇ ਗੁਰਦਾਸਪੁਰ ਜਾਣਗੇ, ਪਰ ਪ੍ਰੋਗਰਾਮ ਬਾਰੇ ਤਾਂ ਅਕਾਲੀ ਦਲ ਦੀ ਕੋਰ
ਕਮੇਟੀ 'ਚ ਸੋਮਵਾਰ ਨੂੰ ਫੈਸਲਾ ਹੋਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਨਾਲ ਸਮਝੌਤਾ ਅਟੁੱਟ
ਹੈ ਅਤੇ ਲਗਾਤਾਰ ਜਾਰੀ ਰਹੇਗਾ। ਇਸ ਵੇਲੇ ਪੰਜਾਬ ਵਿਧਾਨ ਸਭਾ 'ਚ 15 ਵਿਧਾਇਕ ਅਕਾਲੀ ਦਲ
ਦੇ ਅਤੇ ਸਿਰਫ਼ 3 ਭਾਜਪਾ ਦੇ ਹਨ।