ਚੰਡੀਗੜ੍ਹ, 7 ਫ਼ਰਵਰੀ (ਜੀ.ਸੀ. ਭਾਰਦਵਾਜ) : ਪੰਜਾਬ 'ਚ ਸੱਤਾਧਾਰੀ ਕਾਂਗਰਸ ਦੇ ਵਿਧਾਇਕਾਂ ਤੇ ਨੇਤਾਵਾਂ ਦੀ ਖਹਿਬਾਜ਼ੀ 'ਚ ਲੁਧਿਆਣਾ ਕਾਰਪੋਰੇਸ਼ਨ ਦੀ ਲਟਕੀ ਚੋਣ ਲਈ ਹੁਣ ਹਲਕੇ ਤੋਂ ਨਾਮਜ਼ਦਗੀ ਕਾਗ਼ਜ਼ ਭਰਨੇ ਸ਼ੁਰੂ ਹੋ ਜਾਣਗੇ। ਇਕ ਪਾਸੇ ਵਾਰਡਬੰਦੀ ਦੇ ਰਫੜੇ ਅਤੇ ਉਮੀਦਵਾਰਾਂ ਦੀ ਲਿਸਟ 'ਚ ਲਟਕੀ ਕਾਂਗਰਸ ਨੇ ਅਜੇ ਤਕ ਕੋਈ ਫ਼ੈਸਲਾ ਨਹੀਂ ਕੀਤਾ, ਜਦੋਂ ਕਿ ਦੂਜੇ ਪਾਸੇ ਪਿਛਲੇ 10 ਸਾਲਾਂ ਤੋਂ ਸਰਕਾਰ 'ਚ ਭਾਈਵਾਲ ਰਹੀ ਪਾਰਟੀ ਭਾਜਪਾ ਨੇ 32 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿਤੀ ਹੈ।ਅੱਜ ਭਾਜਪਾ ਦੇ ਸੈਕਟਰ-37 ਦੇ ਮੁੱਖ ਦਫ਼ਤਰ 'ਚ ਰਾਜ ਪਧਰੀ ਚੋਣ ਕਮੇਟੀ ਦੀ ਮਹੱਤਵਪੂਰਨ ਬੈਠਕ ਮਗਰੋਂ ਸੂਬਾ ਪ੍ਰਧਾਨ ਤੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਨੇ ਪੱਤਰਕਾਰਾਂ ਨੂੰ ਦਸਿਆ ਕਿ ਕੁਲ 95 ਮੈਂਬਰੀ ਲੁਧਿਆਣਾ ਕਾਰਪੋਰੇਸ਼ਨ ਦੀਆਂ ਆਮ ਚੋਣਾਂ 'ਚ ਅਕਾਲੀ-ਭਾਜਪਾ ਗਠਜੋੜ ਅੱਧੀਆਂ-ਅੱਧੀਆਂ ਸੀਟਾਂ 'ਤੇ ਮਿਲ ਕੇ ਚੋਣ ਲੜੇਗਾ।