ਮੋਹਾਲੀ : ਪ੍ਰਸਿੱਧ ਫਿਲਮੀ ਅਦਾਕਾਰਾ ਨਾਲ ਸਮੂਹਿਕ ਜਬਰ-ਜ਼ਨਾਹ ਕਰਨ ਤੇ ਗਰਭਵਤੀ ਹੋਣ 'ਤੇ ਉਸਦਾ ਗਰਭਪਾਤ ਕਰਵਾਉਣ ਸਬੰਧੀ ਦਰਜ ਐੱਫ. ਆਈ. ਆਰ. ਵਾਲੇ ਕੇਸ ਵਿਚ ਮੁੱਖ ਮੁਲਜ਼ਮ ਪ੍ਰਸਿੱਧ ਪੰਜਾਬੀ ਗਾਇਕ ਜਰਨੈਲ ਜੈਲੀ ਖਿਲਾਫ ਅੱਜ ਇਥੋਂ ਦੀ ਅਦਾਲਤ ਵਲੋਂ ਚਾਰਜ ਫਰੇਮ ਕਰ ਦਿੱਤੇ ਗਏ ਹਨ । ਅਦਾਲਤ ਵਲੋਂ ਕੇਸ ਦੀ ਸੁਣਵਾਈ ਲਈ ਅਗਲੀ ਤਰੀਕ 20 ਫਰਵਰੀ ਨਿਸ਼ਚਿਤ ਕੀਤੀ ਗਈ ਹੈ ।
ਦੱਸਣਯੋਗ ਹੈ ਕਿ ਸਟੇਟ ਕ੍ਰਾਈਮ ਬ੍ਰਾਂਚ ਵਲੋਂ ਗਾਇਕ ਜਰਨੈਲ ਸਿੰਘ ਉਰਫ ਜੈਲੀ ਖਿਲਾਫ 17 ਜੁਲਾਈ ਨੂੰ ਉਕਤ ਅਭਿਨੇਤਰੀ ਦਾ ਜ਼ਬਰਦਸਤੀ ਗਰਭਪਾਤ ਕਰਵਾਉਣ ਸਬੰਧੀ 9 ਪੰਨਿਆਂ ਦਾ ਚਲਾਨ ਪੇਸ਼ ਕੀਤਾ ਗਿਆ ਸੀ । ਪੁਲਸ ਨੇ ਅਦਾਲਤ ਨੂੰ ਸਬੂਤ ਡਾਕੂਮੈਂਟਰੀ ਵੀ ਪੇਸ਼ ਕਰ ਦਿੱਤੀ ਸੀ । ਉਸ ਤੋਂ ਬਾਅਦ ਪੁਲਸ ਹੁਣ ਮੁਲਜ਼ਮ ਜੈਲੀ ਦੇ ਨਾਲ-ਨਾਲ ਇਸ ਕੇਸ ਦੇ ਹੋਰ ਮੁਲਜ਼ਮਾਂ ਸਰਵਣ ਸਿੰਘ ਛਿੰਦਾ, ਮਨਿੰਦਰ ਮੰਗਾ ਦਾ ਪੋਲੀਗ੍ਰਾਫ ਟੈਸਟ ਵੀ ਕਰਵਾ ਚੁੱਕੀ ਹੈ । ਹੁਣ ਪੁਲਸ ਇਸ ਕੇਸ ਦਾ ਫਾਈਨਲ ਚਲਾਨ ਪੇਸ਼ ਕਰਨ ਦੀ ਤਿਆਰੀ ਵਿਚ ਹੈ।
ਅਭਿਨੇਤਰੀ ਵਲੋਂ ਸਮੂਹਿਕ ਜਬਰ-ਜ਼ਨਾਹ ਦੇ ਲਾਏ ਦੋਸ਼ਾਂ ਬਾਰੇ ਐੱਸ. ਐੱਚ. ਓ. ਕੁਲਵੰਤ ਸਿੰਘ ਨੇ ਦੱਸਿਆ ਕਿ ਜਬਰ-ਜ਼ਨਾਹ ਦੀਆਂ ਧਾਰਾਵਾਂ ਤਹਿਤ ਚੰਡੀਗੜ੍ਹ ਦੇ ਸੈਕਟਰ-39 ਦੇ ਪੁਲਸ ਥਾਣੇ ਵਿਚ ਕੇਸ ਦਰਜ ਸੀ, ਜਿਸ ਵਿਚ ਚੰਡੀਗੜ੍ਹ ਪੁਲਸ ਵਲੋਂ ਉਥੋਂ ਦੀ ਅਦਾਲਤ ਵਿਚ ਚਲਾਨ ਪੇਸ਼ ਕੀਤਾ ਜਾ ਚੁੱਕਾ ਹੈ ।ਗਾਇਕ ਜੈਲੀ ਵਲੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਚ ਜ਼ਮਾਨਤ ਪਟੀਸ਼ਨ ਦਾਖਲ ਕੀਤੀ ਗਈ ਹੈ, ਅੱਜ ਉਸ ਮੰਗ 'ਤੇ ਵੀ ਸੁਣਵਾਈ ਹੋਈ । ਅਦਾਲਤ ਨੇ ਜ਼ਮਾਨਤ 'ਤੇ ਸੁਣਵਾਈ ਲਈ ਅਗਲੀ ਤਰੀਕ 21 ਮਾਰਚ ਨਿਸ਼ਚਿਤ ਕਰ ਦਿੱਤੀ ਹੈ । ਇਸ ਤੋਂ ਪਹਿਲਾਂ ਉਸ ਦੀ ਜ਼ਮਾਨਤ ਮੋਹਾਲੀ ਅਦਾਲਤ ਵਲੋਂ ਰੱਦ ਕੀਤੀ ਜਾ ਚੁੱਕੀ ਹੈ ।