ਆਦਮਪੁਰ ਏਅਰਪੋਰਟ ਤੋਂ ਫਲਾਈਟ ਦੀ ਬੁਕਿੰਗ 1 ਨਵੰਬਰ ਤੋਂ ਸ਼ੁਰੂ, ਜਾਣੋਂ ਕਦੋਂ ਉੱਡੇਗੀ ਪਹਿਲੀ ਉਡਾਣ

ਖ਼ਬਰਾਂ, ਪੰਜਾਬ

ਜਲੰਧਰ: ਆਦਮਪੁਰ ਏਅਰਪੋਰਟ ਤੋਂ ਫਲਾਈਟ ਦੀ ਬੁਕਿੰਗ 1 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਦੇ ਠੀਕ ਇਕ ਮਹੀਨੇ ਬਾਅਦ ਯਾਨੀ ਇਕ ਦਸੰਬਰ ਤੋਂ ਇਥੋਂ ਫਲਾਈਟ ਉਡਾਣ ਭਰੇਗੀ। ਸਪਾਈਸ ਜੈੱਟ ਨੇ ਆਖਿਰਕਾਰ ਆਦਮਪੁਰ ਏਅਰਪੋਰਟ ਤੋਂ ਫਲਾਈਟ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਐਲਾਨ ਨਵੀਂ ਦਿੱਲੀ 'ਚ ਕੰਪਨੀ ਦੇ ਹੈੱਡਕੁਆਰਟਰ ਤੋਂ ਜਾਰੀ ਹੋਇਆ ਹੈ। 

ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਪਹਿਲੀ ਦਸੰਬਰ ਤੋਂ ਫਲਾਈਟ ਸ਼ੁਰੂ ਕਰਨ ਦੀ ਪੁਸ਼ਟੀ ਕੀਤੀ ਹੈ। ਫਿਲਹਾਲ ਫਲਾਈਟ ਦੀ ਟਾਈਮਿੰਗ ਤੈਅ ਨਹੀਂ ਹੈ। ਇਕ ਦੋ ਦਿਨ 'ਚ ਅਜੇ ਟਾਈਮਿੰਗ ਸੈੱਟ ਕਰ ਦਿੱਤੀ ਜਾਵੇਗੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਤਿੰਨ ਵਾਰ ਆਦਮਪੁਰ ਏਅਰਪੋਰਟ ਤੋਂ ਫਲਾਈਟ ਸ਼ੁਰੂ ਹੋਣ ਦੀ ਤਰੀਕ ਬਦਲ ਚੁੱਕੀ ਹੈ। 

ਜ਼ਿਕਰੇਯੋਗ ਹੈ ਕਿ ਨਵੀਂ ਦਿੱਲੀ 'ਚ ਏਅਰਪੋਰਟ ਅਥਾਰਿਟੀ ਸਿਵਲ ਐਵੀਏਸ਼ਨ ਮਨਿਸਟਰੀ ਅਤੇ ਸਪਾਈਸ ਜੈੱਟ ਦੀ ਸਾਂਝੀ ਮੀਟਿੰਗ ਹੋਈ। ਸ਼ੁੱਕਰਵਾਰ ਨੂੰ ਕੰਪਨੀ ਨੇ ਪਹਿਲੀ ਦਸੰਬਰ 2017 ਨੂੰ ਆਦਮਪੁਰ ਏਅਰਪੋਰਟ ਤੋਂ ਫਲਾਈਟ ਦੀ ਸਰਵਿਸ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਡੀ. ਸੀ. ਵੀ. ਕੇ. ਸ਼ਰਮਾ ਦਾ ਕਹਿਣਾ ਹੈ ਕਿ ਅਜੇ ਤੱਕ ਅਧਿਕਾਰਤ ਸੂਚਨਾ ਪ੍ਰਸ਼ਾਸਨ ਦੇ ਕੋਲ ਆਉਣੀ ਬਾਕੀ ਹੈ। 

ਰੋਜ਼ਾਨਾ ਦਿੱਲੀ ਜਾਵੇਗੀ ਫਲਾਈਟ 

ਆਦਮਪੁਰ ਏਅਰਪੋਰਟ ਦੀ ਖਾਸੀਅਤ ਇਹ ਰਹੇਗੀ ਕਿ ਇਥੋਂ ਰੋਜ਼ਾਨਾ ਫਲਾਈਟ ਉੱਡੇਗੀ। ਹਫਤੇ ਦੇ ਸੱਤੋ ਦਿਨ ਇਥੋਂ ਨਵੀਂ ਦਿੱਲੀ ਦੇ ਲਈ ਸਰਵਿਸ ਉਪਲੱਬਧ ਰਹੇਗੀ ਜਦਕਿ ਬਠਿੰਡਾ ਅਤੇ ਲੁਧਿਆਣਾ ਏਅਰਪੋਰਟ 'ਤੇ ਵੀ ਇਹ ਸਰਵਿਸ ਰੋਜ਼ਾਨਾ ਦੇ ਤੌਰ 'ਤੇ ਉਪਲੱਬਧ ਨਹੀਂ ਹੈ। 

ਦੋਆਬਾ ਲਈ ਵੱਡੀ ਸਹੂਲੀਅਤ ਹੋਵੇਗਾ ਏਅਰਪੋਰਟ: ਸਾਂਪਲਾ

ਕੇਂਦਰੀ ਮੰਤਰੀ ਵਿਜੇ ਸਾਂਪਲਾ ਦਾ ਕਹਿਣਾ ਹੈ ਕਿ ਦੋਆਬਾ ਦੇ ਲੋਕਾਂ ਲਈ ਆਦਮਪੁਰ ਏਅਰਪੋਰਟ ਇਕ ਵੱਡੀ ਸੌਗਾਤ ਹੋਵੇਗਾ। ਕਿਉਂਕਿ ਦੋਆਬਾ ਐੱਨ. ਆਰ. ਆਈ. ਹਬ ਹੈ, ਇਸ ਲਈ ਵੱਧ ਤੋਂ ਵੱਧ ਇਸ ਦਾ ਲਾਭ ਲੈਣਗੇ। ਉਨ੍ਹਾਂ ਨੇ ਕਿਹਾ ਕਿ ਐੱਨ. ਆਰ. ਆਈ. ਤੋਂ ਇਲਾਵਾ ਜਲੰਧਰ ਇੰਡਸਟਰੀ ਦਾ ਵੀ ਵੱਡਾ ਕੇਂਦਰ ਹੈ। ਵੱਡੀ ਗਿਣਤੀ 'ਚ ਦਿੱਲੀ ਤੱਕ ਵਪਾਰੀਆਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ। 

ਨਵੀਂ ਦਿੱਲੀ-ਜਲੰਧਰ ਡਾਇਰੈਕਟ ਫਲਾਈਟ ਸ਼ੁਰੂ ਹੋਣ ਨਾਲ ਮੈਡੀਕਲ ਟੂਰਿਸਟ ਅਤੇ ਐੱਨ. ਆਰ. ਆਈਜ਼. ਨੂੰ ਸਿੱਧਾ ਫਾਇਦਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੇ ਵਾਅਦੇ ਮੁਤਾਬਕ ਜਲੰਧਰ 'ਚ ਨਿਰਧਾਰਿਤ ਸਮੇਂ 'ਤੇ ਸਰਵਿਸ ਸ਼ੁਰੂ ਕਰਨ ਜਾ ਰਿਹਾ ਹੈ।