ਐਸ.ਐਸ.ਪੀ. 'ਤੇ ਕੁੱਤਾ ਪਿਆ ਭਾਰੂ

ਖ਼ਬਰਾਂ, ਪੰਜਾਬ

ਬਠਿੰਡਾ : ਕੁੱਤੇ ਅਕਸਰ ਵੱਢ ਲਿਆ ਕਰਦੇ ਹਨ। ਇਹ ਉਹਨਾਂ ਦਾ ਸੁਭਾਅ ਹੈ। ਬੀਤੇ ਦਿਨ੍ਹੀਂ ਇੱਕ ਗ਼ੈਰ ਪਾਲਤੂ ਕੁੱਤਾ ਇਸ ਕਰਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਉਸਨੇ ਬਠਿੰਡਾ ਦੇ ਐਸ.ਐਸ.ਪੀ. ਨਵੀਨ ਸਿੰਗਲਾ ਦੀ ਲੱਤ 'ਤੇ ਬੁਰਕ ਭਰ ਲਿਆ। ਐਸ.ਐਸ.ਪੀ. ਨਾਲ ਸੁਰੱਖਿਆ ਕਰਮੀ ਵੀ ਸਨ ਪਰ ਉਹ ਵੀ ਆਪਣੇ 'ਸਾਹਬ' ਨੂੰ ਕੁੱਤੇ ਤੋਂ ਬਚਾਅ ਨਹੀਂ ਸਕੇ। ਜਿੱਥੇ ਇਹ ਗੱਲ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣੀ ਹੈ ਉੱਥੇ ਹੀ ਸੁਰੱਖਿਆ ਕਰਮੀਆਂ ਲਈ ਵੀ ਨਮੋਸ਼ੀ ਦਾ ਕਾਰਨ ਬਣੀ ਹੋਈ ਹੈ। 

ਐਸ.ਐਸ.ਪੀ. ਨੇ ਸੁਰੱਖਿਆ ਕਰਮੀਆਂ ਨੂੰ ਝਾੜ ਹੀ ਨਹੀਂ ਪਾਈ ਸਗੋਂ ਉਹਨਾਂ ਨੂੰ ਮੁਅੱਤਲ ਕਰਨ ਦੀ ਧਮਕੀ ਵੀ ਦਿੱਤੀ। ਕੁੱਤੇ ਦੇ ਵੱਢਣ ਦੀ ਘਟਨਾ ਤੋਂ ਬਾਅਦ ਬਠਿੰਡੇ ਦੇ ਮੇਅਰ ਨੇ ਉੱਥੇ ਤੁਰੰਤ 'ਕੁੱਤਾ ਘਰ' ਸਥਾਪਿਤ ਕਰਨ ਦਾ ਵੱਡਾ ਐਲਾਨ ਕਰ ਦਿੱਤਾ ਹੈ। ਜ਼ਰੂਰ ਬਹੁਤ ਸਾਰੇ ਲੋਕ ਐਸ.ਐਸ.ਪੀ. ਦੇ ਕੁੱਤੇ ਦੇ ਵੱਢਣ ਤੋਂ ਖੁਸ਼ ਹੋ ਕੇ ਉੱਚੀ-ਉੱਚੀ ਹੱਸ ਰਹੇ ਹੋਣੇ ਨੇ ਪਰ ਇਹ ਹੱਸਣ ਵਾਲੀ ਗੱਲ ਨਹੀਂ। ਕੁੱਤਿਆਂ ਦਾ ਮਨੁੱਖਾਂ ਨੂੰ ਵੱਢਣਾ ਗੰਭੀਰ ਵਿਸ਼ਾ ਹੈ ਤੇ ਇਸ 'ਤੇ ਵਿਚਾਰ ਚਰਚਾ ਵੀ ਗੰਭੀਰ ਹੋ ਕੇ ਕਰਨੀ ਬਣਦੀ ਹੈ।   

ਪੰਜਾਬ ਅਤੇ ਚੰਡੀਗੜ੍ਹ ਵਿੱਚ ਕਿੰਨੇ ਕੁੱਤੇ ਹਨ ਇਹ ਸਵਾਲ ਆਪਣੇ ਆਪ ਵਿੱਚ ਬਹਿਸ ਦਾ ਵਿਸ਼ਾ ਬਣਿਆ ਹੋਇਆ ਹੈ। 2015 ਸਾਲ ਦੇ ਸਰਕਾਰੀ ਰਿਕਾਰਡ ਅਨੁਸਾਰ ਪੰਜਾਬ ਵਿੱਚ ਆਵਾਰਾ ਕੁੱਤਿਆਂ ਦੀ ਗਿਣਤੀ 60,000 ਦੱਸੀ ਗਈ ਸੀ ਜਿਹਨਾਂ ਵਿੱਚੋਂ 35000 ਇਕੱਲੇ ਲੁਧਿਆਣਾ ਸ਼ਹਿਰ ਦੇ ਦੱਸੇ ਗਏ ਸੀ। ਪਰ ਜਾਨਵਰਾਂ ਲਈ ਕੰਮ ਕਰਦਿਆਂ ਸਵੈ ਸੇਵੀ ਸੰਸਥਾਵਾਂ ਨੇ ਇਸ ਗਿਣਤੀ ਲਈ ਕੇਂਦਰੀ ਗਣਨਾ 2012 ਦਾ ਹਵਾਲਾ ਦਿੰਦਿਆਂ ਸੂਬਾ ਸਰਕਾਰ 'ਤੇ ਨਿਸ਼ਾਨਾ ਸਾਧਿਆ। ਸੰਸਥਾਵਾਂ ਮੁਤਾਬਿਕ ਇਹ ਸੰਖਿਆ 4,70,558 ਦਿਖਾਈ ਗਈ ਸੀ ਅਤੇ 2014 ਵਿੱਚ ਇਹ 3.8 ਲੱਖ ਦੇ ਕਰੀਬ ਸੀ। ਉਹ ਪੁੱਛਦੇ ਹਨ ਕਿ ਬਾਕੀ ਕੁੱਤੇ ਕਿੱਧਰ ਗਏ ਜੇਕਰ ਸਰਕਾਰੀ ਗਿਣਤੀ ਸਿਰਫ 60 ਹਜ਼ਾਰ ਹੀ ਹੈ ? 

ਸਵੈ ਸੇਵੀ ਸੰਸਥਾਵਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਇਸ ਗਿਣਤੀ ਵਿੱਚ ਹੇਰ ਫ਼ੇਰ ਕੀਤਾ ਹੈ। ਆਵਾਰਾ ਕੁੱਤਿਆਂ ਦੀ ਗਿਣਤੀ ਨੂੰ ਇੱਕ ਪਾਸੇ ਵੀ ਰੱਖ ਦਈਏ ਤਾਂ ਵੀ ਇਹਨਾਂ ਦੇ ਕੱਟਣ ਦੇ ਸ਼ਿਕਾਰ ਹੋਏ ਲੋਕਾਂ ਦੇ ਵੇਰਵੇ ਦਿਲ ਦਹਿਲਾਉਣ ਵਾਲੇ ਹਨ।   

ਆਓ ਪਹਿਲਾਂ ਦੁਨੀਆ ਭਰ ਵਿੱਚ ਸੁੰਦਰ ਗਿਣੇ ਜਾਂਦੇ ਚੰਡੀਗੜ੍ਹ ਅਤੇ ਇਸਦੇ ਆਸ ਪਾਸ ਦੀ ਗੱਲ ਕਰੀਏ।   

ਅਪ੍ਰੈਲ 2016 ਵਿੱਚ ਸੰਤੋਸ਼ ਰਾਣਾ ਨਾਂ ਦੀ ਇੱਕ ਔਰਤ ਬਾਜ਼ਾਰ ਜਾਣ ਵੇਲੇ ਕੁੱਤੇ ਦੇ ਕੱਟਣ ਦਾ ਸ਼ਿਕਾਰ ਹੋਈ ਜਿਸਨੂੰ ਪਹਿਲਾਂ ਸੈਕਟਰ 16 ਹਸਪਤਾਲ ਅਤੇ ਫਿਰ ਪੀ.ਜੀ.ਆਈ. ਦਾਖਿਲ ਕਰਵਾਉਣਾ ਪਿਆ। ਇਲਾਜ ਲਈ ਉਹਨਾਂ ਨੂੰ 25 ਹਜ਼ਾਰ ਰੁ. ਖਰਚ ਕਰਨੇ ਪਏ। ਸੰਤੋਸ਼ ਰਾਣਾ ਇੱਕ ਬੁਟੀਕ ਚਲਾਉਂਦੀ ਸੀ ਅਤੇ ਇਸ ਤੋਂ ਬਾਅਦ ਹੁਣ ਉਹ ਕੰਮ ਨਹੀਂ ਕਰ ਸਕਦੀ। 

45 ਸਾਲਾ ਤੇਜ ਸਿੰਘ ਇੱਕ ਮਜ਼ਦੂਰ ਹੈ ਅਤੇ ਕੁੱਤੇ ਦੇ ਕੱਟਣ 'ਤੇ ਉਸਨੂੰ ਭਾਰੀ ਆਰਥਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਤੇਜ ਸਿੰਘ ਦੇ ਦੱਸਣ ਅਨੁਸਾਰ ਉਸਦੇ ਇਲਾਕੇ ਦੇ 9 ਲੋਕ ਅਜਿਹੀਆਂ ਦੁਰਘਟਨਾਵਾਂ ਦਾ ਸ਼ਿਕਾਰ ਹੋ ਚੁੱਕੇ ਨੇ।   

ਫੇਸ 2 ਦੇ ਇੱਕ 3 ਸਾਲ ਦੇ ਬੱਚੇ ਨੂੰ ਆਵਾਰਾ ਕੁੱਤਿਆਂ ਨੇ ਅਜਿਹਾ ਨੋਚਿਆ ਕਿ ਉਸਦੀ ਪਲਾਸਟਿਕ ਸਰਜਰੀ ਕਰਵਾਉਣੀ ਪਈ।   

10 ਸਾਲ ਦੇ ਵੀਰਾਜ ਭਏਆਣਾ ਨੂੰ ਮਾਰਚ 22 ਨੂੰ ਆਵਾਰਾ ਕੁੱਤਿਆਂ ਨੇ ਕੱਟਿਆ ਜਿਸ ਲਈ ਉਸਨੂੰ 25 ਇੰਜੈਕਸ਼ਨ ਲਗਵਾਉਣੇ ਪਏ।   

3 ਸਾਲਾਂ ਦੇ ਮਾਸੂਮ ਜਪਦੀਪ ਨਾਲ ਵੀ ਐਸੀ ਬੀਤੀ ਕਿ ਉਸਦੀ ਵੀ ਪਲਾਸਟਿਕ ਸਰਜਰੀ ਕਰਵਾਉਣ ਦੀ ਨੌਬਤ ਆ ਗਈ ਸੀ।   

ਸਿਟੀ ਬਿਊਟੀਫੁਲ ਦੀ ਸਾਬਕਾ ਮੇਅਰ ਸ਼੍ਰੀਮਤੀ ਹਰਜਿੰਦਰ ਕੌਰ ਖੁਦ ਵੀ 2012 ਵਿੱਚ ਆਵਾਰਾ ਕੁੱਤੇ ਦੇ ਕੱਟਣ ਦਾ ਸ਼ਿਕਾਰ ਹੋ ਚੁੱਕੇ ਹਨ।   

ਆਵਾਰਾ ਕੁੱਤਿਆਂ ਦੇ ਕੱਟਣ ਕਾਰਨ ਹੀ ਇਮਰਾਨਾ ਨਾਂਅ ਦੀ ਇੱਕ ਔਰਤ ਨੂੰ ਆਪਣੀ 6 ਸਾਲਾ ਬੇਟੀ ਸਾਦੀਆ ਸਦਾ ਲਈ ਗਵਾਉਣੀ ਪਈ।   

ਸਿਵਿਲ ਹਸਪਤਾਲ ਮੋਹਾਲੀ ਵਿੱਚ ਕੁੱਤੇ ਦੁਆਰਾ ਵੱਢਣ ਦੇ ਔਸਤਨ 6 ਤੋਂ 9 ਕੇਸ ਰੋਜ਼ਾਨਾ ਕੇਸ ਆ ਰਹੇ ਹਨ। ਉੱਧਰ ਰਾਜਿੰਦਰ ਹਸਪਤਾਲ ਪਟਿਆਲਾ ਵਿੱਚ ਵੀ ਇਹ ਔਸਤ 7 ਤੋਂ 8 ਹੈ। ਪਟਿਆਲਾ ਸ਼ਹਿਰ ਦੇ ਰਿਕਾਰਡ ਅਨੁਸਾਰ 2016 ਵਿੱਚ 4997 ਲੋਕ ਆਵਾਰਾ ਕੁੱਤਿਆਂ ਦੇ ਸ਼ਿਕਾਰ ਹੋਏ ਸੀ ਜਦਕਿ ਜਨਵਰੀ 2017 ਤੋਂ ਮਈ ਤੱਕ ਦੇ 5 ਮਹੀਨਿਆਂ ਵਿੱਚ ਹੀ 4791 ਲੋਕ ਆਵਾਰਾ ਕੁੱਤਿਆਂ ਦੇ ਸ਼ਿਕਾਰ ਹੋ ਚੁੱਕੇ ਹਨ। ਪਟਿਆਲਾ ਨੇੜੇ ਸਨੌਰ ਵਿੱਚ 4 ਸਾਲ ਦੇ ਬੱਚੇ ਹਰਨਾਮ ਸਿੰਘ ਨੂੰ ਕੁੱਤਿਆਂ ਨੇ ਬੁਰੀ ਤਰਾਂ ਨੋਚ ਖਾਧਾ ਸੀ ਅਤੇ ਉਸਦੀ ਵੀ ਪਲਾਸਟਿਕ ਸਰਜਰੀ ਕਰਵਾਉਣੀ ਪਈ। ਨੇੜਲੇ ਕਸਬਾ ਸਮਾਣਾ ਆਵਾਰਾ ਕੁੱਤੇ ਵਿੱਚ 12 ਸਾਲ ਦੇ ਬੱਚੇ ਦੀ ਮੌਤ ਦਾ ਕਾਰਨ ਬਣੇ।   

ਇਹ ਹੈਰਾਨ ਕਰ ਦੇਣ ਵਾਲ਼ੇ ਵੇਰਵੇ ਸਿਰਫ ਟ੍ਰਾਈਸਿਟੀ ਅਤੇ ਪਟਿਆਲਾ ਦੇ ਨੇ ਅਤੇ ਪੂਰੇ ਪੰਜਾਬ ਦੀਆਂ ਘਟਨਾਵਾਂ ਦਾ ਰਿਕਾਰਡ ਯਕੀਨੀ ਤੌਰ 'ਤੇ ਬੇਹੱਦ ਭਿਆਨਕ ਹੋਵੇਗਾ। ਐਸ.ਐਸ.ਪੀ. ਬਠਿੰਡਾ ਨਵੀਨ ਸਿੰਗਲਾ ਤੋਂ ਚਰਚਾ ਵਿੱਚ ਆਇਆ ਵਿਸ਼ਾ ਫੌਰੀ ਤੌਰ 'ਤੇ ਵਿਚਾਰਿਆ ਜਾਣਾ ਬਣਦਾ ਹੈ। ਇਸਦੀ ਗੰਭੀਰਤਾ ਨੂੰ ਸਮਝਦੇ ਹੋਏ ਪ੍ਰਸ਼ਾਸਨ ਨੂੰ ਨਤੀਜਾ ਮੁਖੀ ਕਦਮ ਚੁੱਕਣੇ ਚਾਹੀਦੇ ਹਨ।