ਅਕਾਲੀ ਆਗੂ ਕੋਲਿਆਂਵਾਲੀ ਦਾ ਪੁੱਤਰ ਹਸਪਤਾਲ 'ਚੋਂ ਚੁੱਪ-ਚਪੀਤੇ ਗ਼ਾਇਬ

ਖ਼ਬਰਾਂ, ਪੰਜਾਬ

ਬਠਿੰਡਾ, 30 ਅਕਤੂਬਰ (ਸੁਖਜਿੰਦਰ ਮਾਨ): ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਬਾਦਲਾਂ ਨਾਲ ਨੇੜਤਾ ਕਾਰਨ ਚਰਚਾ ਵਿਚ ਰਹੇ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਦਾ ਪੁੱਤਰ ਸਥਾਨਕ ਮੈਕਸ ਹਸਪਤਾਲ ਵਿਚੋਂ ਪਰਸੋ ਰਾਤ ਚੁੱਪ-ਚਪੀਤੇ ਚਲਾ ਗਿਆ। ਹਾਲਾਂਕਿ ਕਰੀਬ ਇਕ ਹਫ਼ਤਾ ਹਸਪਤਾਲ 'ਚ ਭਰਤੀ ਦੌਰਾਨ ਇਸ ਆਗੂ ਕੋਲ ਪਤਾ ਲੈਣ ਵਾਲਿਆਂ ਦਾ ਮੇਲਾ ਲੱਗਿਆ ਰਹਿੰਦਾ ਸੀ। ਸੂਤਰਾਂ ਅਨੁਸਾਰ ਸੂਬੇ 'ਚ ਵਿਰੋਧੀ ਧਿਰ ਦੀ ਸਰਕਾਰ ਹੋਣ ਕਾਰਨ ਗ੍ਰਿਫ਼ਤਾਰੀ ਦੇ ਡਰੋਂ ਇਸ ਪਿਉ-ਪੁੱਤ ਵਲੋਂ ਅਪਣਾ ਕੋਈ ਹੋਰ ਟਿਕਾਣਾ ਮੱਲ ਲਿਆ ਹੈ। ਮੈਕਸ ਹਸਪਤਾਲ ਵਿਚ ਭਰਤੀ ਪਰਮਿੰਦਰ ਦੇ ਇਲਾਜ ਉਪਰ ਖ਼ਰਚ ਆਇਆ ਕਰੀਬ ਡੇਢ ਲੱਖ ਰੁਪਇਆ ਐਚ.ਡੀ.ਐਫ਼.ਸੀ. ਦੀ ਐਗਰੋ ਬੀਮਾ ਕੰਪਨੀ ਵਲੋਂ ਅਦਾ ਕੀਤਾ ਹੈ। ਸੂਤਰਾਂ ਮੁਤਾਬਕ ਸਨਿਚਰਵਾਰ ਦੁਪਿਹਰ ਸਮੇਂ ਖ਼ੁਦ ਨੂੰ 'ਛੁੱਟੀ' ਕਰਵਾਉਣ ਤੋਂ ਬਾਅਦ ਦੇਰ ਸ਼ਾਮ ਤਕ ਪਰਮਿੰਦਰ ਸਿੰਘ ਹਸਪਤਾਲ ਰਿਹਾ। ਹਸਪਤਾਲ ਵਿਚੋਂ ਜਾਣ ਤੋਂ ਬਾਅਦ ਉਸ ਦਾ ਕੋਈ ਪਤਾ ਨਹੀਂ ਲੱਗ ਰਿਹਾ। ਯੂਥ ਆਗੂ ਪਰਮਿੰਦਰ ਸਿੰਘ ਅਤੇ ਉਨ੍ਹਾਂ ਦੇ ਪਿਤਾ ਦਿਆਲ ਸਿੰਘ ਦਾ ਵੀ ਨੰਬਰ ਬੰਦ ਆ ਰਿਹਾ ਹੈ।  ਜ਼ਿਕਰਯੋਗ ਹੈ ਕਿ ਪਰਮਿੰਦਰ ਸਿੰਘ ਕੋਲਿਆਂਵਾਲੀ ਵਲੋਂ ਯੂਥ ਕਾਂਗਰਸ ਦੇ ਆਗੂਆਂ ਉਤੇ ਘੇਰ ਕੇ ਹਮਲਾ ਕਰਨ ਦਾ ਦੋਸ਼ ਲਾਇਆ ਸੀ ਜਿਸ ਵਿਚ ਉਸ ਦੀ ਲੱਤ ਵੀ ਟੁੱਟ ਗਈ ਸੀ। ਜ਼ਖ਼ਮੀ ਹੋਣ ਤੋਂ ਤੁਰਤ ਬਾਅਦ ਉਸ ਨੂੰ ਬਠਿੰਡਾ ਦੇ ਮੈਕਸ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਜਿਥੇ ਉਨ੍ਹਾਂ ਦਾ ਪਤਾ ਲੈਣ ਲਈ ਦੋ ਵਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਇਕ ਵਾਰ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪਤਾ ਲੈਣ ਆਏ ਸਨ। 

ਸੂਤਰਾਂ ਅਨੁਸਾਰ ਛੋਟੇ ਬਾਦਲ ਦੇ ਚਲੇ ਜਾਣ ਤੋਂ ਬਾਅਦ ਪਰਮਿੰਦਰ ਸਿੰਘ ਕੋਲਿਆਂਵਾਲੀ ਵੀ ਹਸਪਤਾਲ ਵਿਚੋਂ ਚਲਾ ਗਿਆ। ਉਧਰ 22 ਅਕਤੂਬਰ ਦੀ ਦੇਰ ਸ਼ਾਮ ਵਾਪਰੀ ਇਸ ਘਟਨਾ ਤੋਂ ਬਾਅਦ ਮਲੋਟ ਸਿਟੀ ਪੁਲਿਸ ਨੇ ਪਰਮਿੰਦਰ ਸਿੰਘ ਦੇ ਬਿਆਨਾਂ ਉਪਰ ਯੂਥ ਕਾਂਗਰਸ ਦੇ ਸਕੱਤਰ ਸੁਭਦੀਪ ਸਿੰਘ ਬਿੱਟੂ ਤੋਂ ਇਲਾਵਾ ਟਰੱਕ ਯੂਨੀਅਨ ਮਲੋਟ ਦੇ ਸਾਬਕਾ ਪ੍ਰਧਾਨ ਬਖਸ਼ੀਸ਼ ਸਿੰਘ ਤੋਂ ਇਲਾਵਾ ਉਸ ਦੇ ਪੁੱਤਰ ਤੇ ਭਤੀਜੇ ਸਹਿਤ 13 ਵਿਅਕਤੀਆਂ ਵਿਰੁਧ ਧਾਰਾ 307 ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਸੀ। ਬਾਅਦ ਵਿਚ ਕਾਂਗਰਸੀ ਧਿਰ ਦੇ ਗੁਰਮੀਤ ਸਿੰਘ ਤੇ ਸੋਨੂੰ ਦੇ ਫ਼ਰੀਦਕੋਟ ਅਤੇ ਮਲੋਟ ਦੇ ਹਸਪਤਾਲ ਵਿਚ ਦਾਖ਼ਲ ਹੋਣ ਤੋਂ ਬਾਅਦ ਦੂਜੇ ਦਿਨ ਹੀ ਮਲੋਟ ਪੁਲਿਸ ਨੇ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਅਤੇ ਉਸ ਦੇ ਪੁੱਤਰ ਪਰਮਿੰਦਰ ਸਿੰਘ ਸਹਿਤ ਤਿੰਨ ਹੋਰਨਾਂ ਵਿਅਕਤੀਆਂ ਵਿਰੁਧ ਇਸੇ ਧਾਰਾ ਤਹਿਤ ਕੇਸ ਦਰਜ ਕਰ ਲਿਆ ਸੀ। ਬੇਸ਼ੱਕ ਇਸ ਮਾਮਲੇ 'ਚ ਵੱਡੇ ਬਾਦਲ ਵਲੋਂ ਕੀਤੀ ਲਾਮਬੰਦੀ ਤੋਂ ਬਾਅਦ ਮਾਲਵਾ ਦੀ ਅਕਾਲੀ ਲੀਡਰਸ਼ਿਪ ਨੇ ਮੁਕਤਸਰ ਪੁਲਿਸ ਉਪਰ ਦਬਾਅ ਵੀ ਬਣਾਇਆ ਸੀ ਪ੍ਰੰਤੂ ਛੋਟੇ ਬਾਦਲ ਵਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ 'ਤੇ ਸਿੱਧਾ ਇਸ ਮਾਮਲੇ 'ਚ ਸਿਆਸੀ ਹਮਲਾ ਕਰਨ ਤੋਂ ਬਾਅਦ ਕਾਂਗਰਸੀ ਆਗੂਆਂ ਵਿਚ ਕਾਫ਼ੀ ਨਰਾਜ਼ਗੀ ਪਾਈ ਜਾ ਰਹੀ ਹੈ।