ਚੰਡੀਗੜ/ਖੰਨਾ, 9 ਮਾਰਚ (ਏ.ਐਸ. ਖੰਨਾ) : ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਤ ਨੇ ਅੱਜ ਅਕਾਲੀ ਦਲ ਉੱਤੇ ਤਿੱਖਾ ਸਿਆਸੀ ਹਮਲਾ ਬੋਲਦਿਆਂ ਦੋਸ਼ ਲਾਇਆ ਹੈ ਕਿ ਉਹ ਵਿਧਾਨ ਸਭਾ ਚ ਲੋਕਾਂ ਦੀ ਆਵਾਜ ਬੁਲੰਦ ਕਰਨ ਦੀ ਬਜਾਏ ਉਥੋਂ ਭੱਜਣ ਦੀ ਤਿਆਰੀ ਕਰਨ ਲੱਗਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੂਬੇ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ 20 ਮਾਰਚ ਤੋਂ ਸ਼ੁਰੂ ਹੋਣ ਜਾ ਰਹੇ ਵਿਧਾਨ ਸਭਾ ਸ਼ੈਸ਼ਨ ਚ ਅਕਾਲੀ ਦਲ ਵੱਲੋਂ ਸ਼ੈਸ਼ਨ ਦੇ ਅੰਦਰ ਰਹਿ ਕਿ ਉਸਾਰੂ ਬਹਿਸ ਕਰਨ ਦੀ ਥਾਂ ਬਾਹਰ ਧਰਨਾ ਮਾਰੇ ਜਾਣਾ ਬੇਹੱਦ ਮੰਦਭਾਗਾ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਅਸਲ 'ਚ ਅਕਾਲੀ ਦਲ ਤੇ ਭਾਜਪਾ ਨੇ ਰਲ ਕੇ ਅਪਣੇ ਕਾਰਜਕਾਲ ਦੌਰਾਨ ਪੰਜਾਬ ਨੂੰ ਦਸ ਸਾਲ ਲੁੱਟਿਆ ਤੇ ਕੁੱਟਿਆ, ਜਿਸ ਕਰ ਕੇ ਸੂਬੇ ਦੀ ਆਰਥਿਕਤਾ ਡਾਵਾਂ ਡੋਲ ਹੋ ਗਈ।
ਅਕਾਲੀ ਦਲ ਨੂੰ ਪਤਾ ਕਿ ਪਹਿਲਾਂ ਸੂਬੇ ਦੇ ਲੋਕਾਂ ਨੇ ਚੋਣਾਂ 'ਚ ਉਨ੍ਹਾਂ ਦੀ ਪੋਲ ਖੋਲੀ ਹੈ ਤੇ ਹੁਣ ਉਨਾਂ ਦੀ ਪੋਲ ਵਿਧਾਨ ਸਭਾ 'ਚ ਖੁਲ੍ਹਣ ਜਾ ਰਹੀ ਹੈ ਜਿਸ ਕਰ ਕੇ ਅਕਾਲੀ ਵਿਧਾਇਕ ਡਰਦੇ ਮਾਰੇ ਬਾਹਰ ਧਰਨਾ ਮਾਰੇ ਜਾਣ ਦੇ ਡਰਾਮੇ ਰਚਣ 'ਚ ਜੁਟ ਗਏ ਹਨ। ਇਕ ਸਵਾਲ ਦੇ ਜਵਾਬ 'ਚ ਕੈਬਨਿਟ ਮੰਤਰੀ ਸ. ਧਰਮਸੋਤ ਨੇ ਆਖਿਆ ਕਿ ਜਸਟਿਸ ਜੋਰਾ ਸਿੰਘ ਕਮਿਸ਼ਨ ਸਾਹਮਣੇ ਸੁਖਬੀਰ ਬਾਦਲ ਇਸ ਕਰ ਕੇ ਪੇਸ਼ ਹੋਣ ਤੋਂ ਭੱਜ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਬੇਅਦਬੀ ਮਾਮਲਿਆਂ ਦਾ ਕਿਤੇ ਅਸਲੀ ਸੱਚ ਸਾਹਮਣੇ ਨਾ ਆ ਜਾਵੇ ਉਨ੍ਹਾਂ ਸੁਖਬੀਰ ਬਾਦਲ ਨੂੰ ਪੰਜਾਬ ਦੇ ਲੋਕਾਂ ਦਾ ਭਗੌੜਾ ਦਸਦਿਆਂ ਆਖਿਆ ਕਿ ਜੇ ਉਹ ਸੱਚੇ ਹਨ ਤਾਂ ਫਿਰ ਕਮਿਸ਼ਨ ਸਾਹਮਣੇ ਬੇਝਿਜਕ ਕਿਉਂ ਨਹੀਂ ਪੇਸ਼ ਹੁੰਦੇ, ਕਿਉਂ ਪੇਸ਼ ਨਾ ਹੋਣ ਦੇ ਬਹਾਨੇ ਘੜਦੇ ਹਨ? ਇਕ ਹੋਰ ਸਵਾਲ ਦੇ ਜਵਾਬ 'ਚ ਉਨ੍ਹਾਂ ਦਾਅਵਾ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੂਬੇ ਦੀ ਜਨਤਾ ਨਾਲ ਕੀਤਾ ਹਰ ਵਾਅਦਾ ਪੂਰਾ ਕਰੇਗੀ।