ਅਕਾਲੀ ਦਲ ਲੁਧਿਆਣਾ ਕਾਰਪੋਰੇਸ਼ਨ ਚੋਣਾਂ ਲਈ ਸਰਗਰਮ

ਖ਼ਬਰਾਂ, ਪੰਜਾਬ

ਚੰਡੀਗੜ੍ਹ, 27 ਦਸੰਬਰ (ਜੀ.ਸੀ. ਭਾਰਦਵਾਜ) : ਤਿੰਨ ਹਫ਼ਤੇ ਪਹਿਲਾਂ ਹੋਈਆਂ ਅੰਮ੍ਰਿਤਸਰ, ਜਲੰਧਰ ਤੇ ਪਟਿਆਲਾ ਕਾਰਪੋਰੇਸ਼ਨ ਸਮੇਤ 32 ਮਿਊਂਸਪਲਟੀ ਚੋਣਾਂ 'ਚ ਬੁਰੀ ਤਰ੍ਹਾਂ ਲਤਾੜੇ ਜਾਣ ਮਗਰੋਂ, ਪੰਜਾਬ ਦੇ 15 ਵਿਧਾਇਕਾਂ ਵਾਲੇ ਅਕਾਲੀ ਦਲ ਨੇ ਅੱਜ ਵੱਡੀ ਬੈਠਕ ਕਰ ਕੇ ਫ਼ੈਸਲਾ ਲਿਆ ਕਿ ਜਨਵਰੀ ਵਿਚ ਹੋਣ ਵਾਲੀ ਲੁਧਿਆਣਾ ਕਾਰਪੋਰੇਸ਼ਨ ਚੋਣ 'ਚ ਸੱਤਾਧਾਰੀ ਕਾਂਗਰਸ ਨੂੰ ਸਬਕ ਸਿਖਾਇਆ ਜਾਵੇਗਾ।ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਕਮਾਨ ਹੇਠ ਅੱਜ ਇਥੇ ਸੈਕਟਰ 2 ਦੇ ਪਾਰਟੀ ਦਫ਼ਤਰ ਵਿਚ ਕੀਤੀ ਅਹਿਮ ਬੈਠਕ 'ਚ ਇਹ ਵੀ ਫ਼ੈਸਲਾ ਲਿਆ ਗਿਆ ਕਿ 5 ਮਹੀਨੇ ਮਗਰੋਂ ਮਈ 'ਚ ਹੋਣ ਵਾਲੀਆਂ ਪੰਚਾਇਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਵੀ ਅਕਾਲੀ ਦਲ ਅਪਣੇ ਪਾਰਟੀ ਚੋਣ ਨਿਸ਼ਾਨ 'ਤੇ ਮੈਦਾਨ 'ਚ ਆਵੇਗਾ।ਅੱਜ ਬਾਅਦ ਦੁਪਹਿਰ ਹੋਈ ਇਸ ਵੱਡੀ  ਤੇ ਮਹਤਵਪੂਰਨ ਬੈਠਕ 'ਚ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਨੇ ਸੱਤਾਧਾਰੀ ਕਾਂਗਰਸ ਵਲੋਂ ਕੀਤੀ ਧੱਕੇਸ਼ਾਹੀ, ਧਾਂਦਲੇਬਾਜ਼ੀ, ਪੁਲਿਸ ਨਾਲ ਮਿਲ ਕੇ ਕੀਤੀ ਹੇਰਾਫੇਰੀ ਬਾਰੇ ਰੱਜ ਕੇ ਭੜਾਸ ਕੱਢੀ ਅਤੇ ਦਲ ਦੇ ਅਹੁਦੇਦਾਰਾਂ ਨੇ ਕਿਹਾ ਕਿ ਤਿੰਨ ਨਗਰ ਨਿਗਮਾਂ ਅਤੇ 32 ਮਿਊਂਸਪਲ ਕਮੇਟੀ ਚੋਣਾਂ ਦੌਰਾਨ ਕਾਂਗਰਸ ਨੇ ਲੋਕਤੰਤਰ ਦਾ ਘਾਣ ਕੀਤਾ, ਸ਼ਰੇਆਮ ਬਦਮਾਸ਼ੀ ਕੀਤੀ ਅਤੇ ਕਈ ਥਾਵਾਂ 'ਤੇ ਅਕਾਲੀ ਉਮੀਦਵਾਰਾਂ ਨੂੰ ਕਾਗਜ਼ ਨਹੀਂ ਦਾਖ਼ਲ ਕਰਨ ਦਿਤੇ। ਹੋਰ ਤਾਂ ਹੋਰ, ਰਾਜ ਦੇ ਚੋਣ ਕਮਿਸ਼ਨਰ ਸੇਵਾ ਮੁਕਤ ਆਈ.ਏ.ਐਸ. ਅਧਿਕਾਰੀ ਨੇ ਵੀ ਕਾਂਗਰਸ ਸਰਕਾਰ ਤੋਂ ਡਰਦਿਆਂ ਅਕਾਲੀ-ਬੀ.ਜੇ.ਪੀ. ਗੁਟ ਦੀ ਦਲੀਲ ਨਹੀਂ ਸੁਣੀ।