ਅਕਾਲੀ ਦਲ ਵਲੋਂ ਐਸਐਚਓ ਦੀ ਬਰਖ਼ਾਸਤਗੀ ਦੀ ਮੰਗ

ਖ਼ਬਰਾਂ, ਪੰਜਾਬ

ਚੰਡੀਗੜ੍ਹ, 21 ਨਵੰਬਰ (ਸਸਸ): ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਦੇ ਘਨੌਰ ਤੋਂ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਹੱਥਠੋਕੇ ਮਾਈਨਿੰਗ ਮਾਫੀਆ ਨਾਲ ਸਮਝੌਤੇ ਵਾਸਤੇ ਮਜਬੂਰ ਕਰਨ ਲਈ ਇਕ ਮਾਈਨਿੰਗ ਅਧਿਕਾਰੀ ਨੂੰ ਨਾਜਾਇਜ਼ ਹਿਰਾਸਤ ਵਿਚ ਰੱਖਣ ਵਾਲੇ ਐਸਐਚਓ ਦੀ ਤੁਰਤ ਬਰਖ਼ਾਸਤਗੀ ਦੀ ਮੰਗ ਕੀਤੀ ਹੈ।
ਪ੍ਰੈੱਸ ਬਿਆਨ ਜਾਰੀ ਕਰਦਿਆਂ ਪਾਰਟੀ ਦੇ ਮੀਤ ਪ੍ਰਧਾਨ ਅਤੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬੜੇ ਅਫ਼ਸੋਸ ਦੀ ਗੱਲ ਹੈ ਕਿ ਜਨਰਲ ਮੈਨੇਜਰ ਮਾਈਨਿੰਗ ਟਹਿਲ ਸਿੰਘ ਸੇਖੋਂ ਨੂੰ ਪਟਿਆਲਾ ਦੇ ਸ਼ੰਭੂ ਪੁਲਿਸ ਸਟੇਸ਼ਨ ਅੰਦਰ ਲਿਆ ਕੇ ਸਿਰਫ਼ ਇਸ ਲਈ ਕੁੱਟਿਆ, ਕਿਉਂਕਿ ਉਹ ਰੇਤੇ ਦੀ ਨਾਜਾਇਜ਼ ਮਾਈਨਿੰਗ ਨੂੰ ਰੋਕਣ ਦੀ ਡਿਊਟੀ ਨਿਭਾ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਵੀ ਵੱਧ ਅਫ਼ਸੋਸਨਾਕ ਗੱਲ ਇਹ ਹੈ ਕਿ ਇਹ ਅਧਿਕਾਰੀ ਪਿਛਲੇ ਦੋ ਦਿਨਾਂ ਤੋਂ ਇਨਸਾ²ਫ਼ ਲੈਣ ਲਈ ਦਰ ਦਰ ਘੁੰਮ ਰਿਹਾ ਹੈ ਪਰ ਅਜੇ ਤਕ ਉਸ ਨੂੰ ਇਨਸਾਫ਼ ਨਹੀਂ ਮਿਲਿਆ।