ਅਕਾਲੀ ਦਲ ਵਲੋਂ ਦਲ ਬਾਰੇ ਬਣਾਈ ਫ਼ਿਲਮ ਸਬੰਧੀ ਵਿਵਾਦ ਹੋਇਆ ਤੇਜ਼

ਖ਼ਬਰਾਂ, ਪੰਜਾਬ

ਤਰਨਤਾਰਨ: ਨਵੀਂ ਪੀੜ੍ਹੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸ਼ਾਨਾਮਤੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਅਕਾਲੀ ਦਲ ਵਲੋਂ ਬਣਾਈ ਫ਼ਿਲਮ ''ਜੋ ਲਰੈ ਦੀਨ ਕੇ ਹੇਤ'' ਠੀਕ ਉਹੀ ਕੰਮ ਕਰ ਰਹੀ ਹੈ ਜੋ ਸਿੱਖ ਵਿਰੋਧੀ ਤਾਕਤਾਂ ਦੀ ਮਨਸ਼ਾ ਹੈ। ਇਨ੍ਹਾਂ ਤਾਕਤਾਂ ਦਾ ਸਹਿਯੋਗ ਹਾਸਲ ਕਰਨ ਲਈ ਅਕਾਲੀ ਦਲ ਨੇ ਪਹਿਲਾਂ ਸਿੱਖਾਂ ਦੀ ਰਾਜਨੀਤਕ ਪਾਰਟੀ ਤੋਂ ਪੰਜਾਬੀ ਪਾਰਟੀ ਤਕ ਦਾ ਸਫ਼ਰ ਤੈਅ ਕੀਤਾ। ਹੁਣ ਅਪਣੇ ਸਿਆਸੀ ਭਾਈਵਾਲਾਂ ਨੂੰ ਖ਼ੁਸ਼ ਕਰਨ ਲਈ ਅਕਾਲੀ ਦਲ ਨੇ ਉਹੀ ਇਤਿਹਾਸ ਤਿਆਰ ਕਰ ਲਿਆ ਹੈ ਜੋ ਉਹ ਸੁਣਨਾ ਤੇ ਸੁਣਾਉਣਾ ਚਾਹੁੰਦੇ ਹਨ।

ਸ਼੍ਰੋਮਣੀ ਅਕਾਲੀ ਦਲ ਦੇ 97 ਵੇਂ ਸਥਾਪਨਾ ਦਿਵਸ ਮੌਕੇ ਅਕਾਲੀ ਦਲ ਬਾਦਲ ਵਲੋਂ ਤਿਆਰ ਕਰਵਾਈ ਗਈ ਇਸ ਦਸਤਾਵੇਜੀ ਫ਼ਿਲਮ ਵਿਚ ਪਾਰਟੀ ਦੇ 97 ਸਾਲ ਦੇ ਇਤਿਹਾਸ ਦੀ ਅਧੂਰੀ ਤੇ ਇਕ ਪਾਸੜ ਜਾਣਕਾਰੀ ਹੈ। ਸੱਤਾ ਤੋਂ ਹਟਦੇ ਸਾਰ ਹੀ ਅਕਾਲੀ ਦਲ ਨੂੰ ਮੁੜ ਤੋਂ ਧਰਮ ਯੁੱਧ ਮੋਰਚੇ ਦੀਆਂ ਮੰਗਾਂ ਤਾਂ ਯਾਦ ਆ ਗਈਆਂ ਜਿਨ੍ਹਾਂ ਵਿਚ ਅਕਾਲੀ ਦਲ ਨੂੰ ਦਰਪੇਸ਼ ਚੁਨੌਤੀਆਂ ਦੇ ਨਾਂਅ ਤੇ ਰਾਜਾਂ ਲਈ ਵੱਧ ਅਧਿਕਾਰ, ਪੰਜਾਬ ਸਿਰ ਦਹਿਸ਼ਤਵਾਦ ਦੇ ਸਮੇਂ ਦੌਰਾਨ ਚੜ੍ਹਿਆ ਕਰਜ਼ਾ ਮੁਆਫ਼ ਕਰਾਉਣਾ, ਕਿਸਾਨੀ ਨੂੰ ਦਰਪੇਸ਼ ਮੁਸ਼ਕਲਾਂ ਤੇ ਦਰਿਆਈ ਪਾਣੀਆਂ ਦਾ ਮਸਲਾ ਹੱਲ ਕਰਾਉਣਾ, ਪਾਰਟੀ ਦੀ ਜੁਝਾਰੂ ਸੋਚ ਦਸਿਆ ਗਿਆ ਹੈ ਪਰ ਦੂਜੇ ਪਾਸੇ ਪਾਰਟੀ ਦੇ ਏਜੰਡੇ ਵਿਚ 1980 ਤੋਂ 1995 ਦੌਰਾਨ ਪੰਜਾਬ ਵਿਚ ਪੁਲਿਸ ਤੇ ਸੁਰੱਖਿਆ ਦਸਤਿਆਂ ਵਲੋਂ ਮਾਰ ਮੁਕਾ ਦਿਤੇ ਗਏ ਹਜ਼ਾਰਾਂ-ਲੱਖਾਂ ਸਿੱਖਾਂ ਜਾਂ ਨਵੰਬਰ 84 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦਾ ਕੋਈ ਏਜੰਡਾ ਨਹੀਂ ਹੈ।