ਆਲੂਆਂ ਦੇ ਮੰਦੇ ਨੇ ਕੋਲਡ ਸਟੋਰ ਮਾਲਕ ਤੇ ਆਲੂ ਉਤਪਾਦਕ ਕੀਤੇ ਆਹਮੋ-ਸਾਹਮਣੇ

ਖ਼ਬਰਾਂ, ਪੰਜਾਬ

ਬਠਿੰਡਾ, 7 ਸਤੰਬਰ (ਸੁਖਜਿੰਦਰ ਮਾਨ): ਆਲੂ ਦੇ ਵਾਪਰ 'ਚ ਛਾਈ ਮੰਦੀ ਨੇ ਹੁਣ ਪਿਛਲੇ ਕਈ ਸਾਲਾਂ ਤੋਂ ਨਹੂੰ-ਮਾਸ ਦੇ ਰਿਸ਼ਤੇ ਦੀ ਤਰ੍ਹਾਂ ਵਰਤ ਰਹੇ ਆਲੂ ਉਤਪਾਦਕਾਂ ਤੇ ਕੋਲਡ ਸਟੋਰ ਮਾਲਕਾਂ ਨੂੰ ਆਹਮੋ-ਸਾਹਮਣੇ ਕਰ ਦਿਤਾ ਹੈ। ਪਿਛਲੇ ਕਈ ਦਿਨਾਂ ਤੋਂ ਆਲੂ ਬੇਲਟ ਦੇ ਤੌਰ 'ਤੇ ਜਾਣੀ ਜਾਂਦੀ ਰਾਮਪੁਰਾ ਖੇਤਰ ਦੇ ਆਲੂ ਉਤਪਾਦਕ ਕਿਸਾਨਾਂ ਅਤੇ ਕੋਲਡ ਸਟੋਰ ਮਾਲਕਾਂ ਵਿਚਕਾਰ ਚਲ ਰਹੀ ਕਸ਼ਮਕਸ਼ ਨੂੰ ਖ਼ਤਮ ਕਰਨ ਲਈ ਅੱਜ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰੱਖੀ ਮੀਟਿੰਗ ਵੀ ਬੇਸਿੱਟਾ ਰਹੀ।
ਸਥਾਨਕ ਮੀਟਿੰਗ ਹਾਲ 'ਚ ਏ.ਡੀ.ਸੀ ਸੈਨਾ ਅਗਰਵਾਲ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਦੌਰਾਨ ਕਈ ਵਾਰ ਦੋਵਾਂ ਧਿਰਾਂ 'ਚ ਤਲਖ਼ਕਲਾਮੀ ਵੀ ਹੋਈ। ਮਾਮਲੇ ਦਾ ਕੋਈ ਹੱਲ ਨਾ ਨਿਕਲਦਾ ਦੇਖ ਕਿਸਾਨਾਂ ਵਲੋਂ ਅਗਲੇ ਸੰਘਰਸ਼ ਦੀ ਰੂਪ-ਰੇਖਾ ਉਲੀਕਣ ਲਈ 10 ਸਤੰਬਰ ਨੂੰ ਮੀਟਿੰਗ ਸੱਦ ਲਈ ਹੈ। ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਨੇ ਦੋਵਾਂ ਧਿਰਾਂ ੂਨੂੰ ਆਪਸੀ ਸਹਿਮਤੀ ਵਾਲਾ ਕੋਈ ਰਾਸਤਾ ਕਢਣ ਲਈ ਕੁੱਝ ਦਿਨਾਂ ਦੀ ਮੋਹਲਤ ਦਿੰਦੇ ਹੋÂੈ ਆਗਾਮੀ ਦਿਨਾਂ 'ਚ ਫ਼ਿਰ ਮੀਟਿੰਗ ਸੱਦਣ ਦਾ ਭਰੋਸਾ ਦਿਵਾਇਆ ਹੈ। ਦਸਣਾ ਬਣਦਾ ਹੈ ਕਿ ਇਸ ਮੁੱਦੇ ਨੂੰ ਲੈ ਕੇ ਆਲੂ ਉਤਪਾਦਕਾਂ ਵਲੋਂ ਕੁੱਝ ਦਿਨ ਪਹਿਲਾਂ ਰਾਮਪੁਰਾ ਦੇ ਮੁੱਖ ਮਾਰਗ 'ਤੇ ਧਰਨਾ ਲਗਾਇਆ ਸੀ। ਇਸ ਦੇ ਇਲਾਵਾ ਧਰਨੇ ਦੌਰਾਨ ਸੜਕਾਂ ਉਪਰ ਆਲੂ ਖਿਲਾਰ ਕੇ ਅਪਣਾ ਰੋਸ ਪ੍ਰਗਟ ਵੀ ਕੀਤਾ ਸੀ।
ਆਲੂ ਉਤਪਾਦਕਾਂ ਦੀ ਮੰਗ ਹੈ ਕਿ ਕੋਲਡ ਸਟੋਰ ਮਾਲਕਾਂ ਵਲੋਂ ਪ੍ਰਤੀ ਗੱਟਾ ਆਲੂ ਦੇ ਲਏ ਜਾ ਰਹੇ ਕਿਰਾਏ ਨੂੰ ਘੱਟ ਕੀਤਾ ਜਾਵੇ ਦੂਜੇ ਪਾਸੇ ਕੋਲਡ ਸਟੋਰ ਮਾਲਕਾਂ ਦਾ ਦਾਅਵਾ ਹੈ ਕਿ ਇਸ ਖੇਤਰ ਵਿਚ ਪਹਿਲਾਂ ਹੀ ਦੂਜੇ ਖੇਤਰਾਂ ਦੇ ਮੁਕਾਬਲੇ ਕਿਰਾਇਆ ਕਾਫ਼ੀ ਘੱਟ ਹੈ ਜਿਸ ਦੇ ਚਲਦੇ ਉਹ ਕਿਸੇ ਵੀ ਕੀਮਤ 'ਤੇ ਕਿਰਾਇਆ ਘੱਟ ਨਹੀਂ ਕਰਨਗੇ। ਪਰ ਆਲੂ ਉਤਪਾਦਕਾਂ ਦਾ ਕਹਿਣਾ ਹੈ ਕਿ ਉਹ ਇੰਨਾ ਕਿਰਾਇਆ ਅਦਾ ਨਹੀਂ ਕਰਨਗੇ, ਬੇਸ਼ੱਕ ਉਨ੍ਹਾਂ ਨੂੰ ਅਪਣਾ ਆਲੂ ਹੀ ਕੋਲਡ ਸਟੋਰਾਂ ਵਿਚ ਕਿਉਂ ਨਾ ਛਡਣਾ ਪਏ।
ਆਲੂ ਉਤਪਾਦਕ ਕਿਸਾਨਾਂ ਦੇ ਆਗੂ ਬਲਦੇਵ ਸਿੰਘ ਮੰਡੀ ਕਲਾਂ ਨੇ ਦਸਿਆ ਕਿ ਆਲੂ ਦੀ ਪੈਦਾਵਾਰ ਤੋਂ ਲੈ ਕੇ ਕੋਲਡ ਸਟੋਰ ਦੇ ਕਿਰਾਏ ਤਕ ਆਲੂ 450 ਰੁਪਏ ਦਾ ਪੈਂਦਾ ਹੈ ਪ੍ਰੰਤੂ ਸਰਕਾਰ ਤੇ ਵਪਾਰੀ ਇਸ ਦਾ ਭਾਅ ਨਾਮਾਤਰ ਹੀ ਦਿੰਦੇ ਹਨ ਜਿਸ ਕਾਰਨ ਕਿਸਾਨਾਂ ਨੂੰ ਹਰ ਵਾਰ ਘਾਟਾ ਸਹਿਣਾ ਪੈਂਦਾ ਹੈ। ਉਨ੍ਹਾਂ ਕੋਲਡ ਸਟੋਰ ਮਾਲਕਾਂ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਿਸਾਨਾਂ ਦੀ ਬੁਕਿੰਗ ਦੇ ਨਾਂ 'ਤੇ ਵਪਾਰੀਆਂ ਦਾ ਮਾਲ ਰਖਵਾ ਕੇ ਨਾ ਸਿਰਫ਼ ਕਿਸਾਨਾਂ ਨੂੰ ਲੁੱਟਿਆ ਜਾ ਰਿਹਾ, ਬਲਕਿ ਸਰਕਾਰ ਨਾਲ ਵੀ ਮਾਰਕੀਟ ਕਮੇਟੀ ਦੀ ਫ਼ੀਸ 'ਚ ਗੋਲਮਾਲ ਕੀਤਾ ਜਾ ਰਿਹਾ। ਉਨ੍ਹਾਂ ਅੱਜ ਮੀਟਿੰਗ ਦੌਰਾਨ ਮੰਗ ਕੀਤੀ ਕਿ ਮਾਰਕੀਟ ਫ਼ੀਸ ਚੋਰੀ ਰੋਕਣ ਲਈ ਅਡਵਾਂਸ ਬੁਕਿੰਗ ਕੀਤੀ ਜਾਵੇ ਤੇ ਉਸ ਦਾ ਹਿਸਾਬ-ਕਿਤਾਬ ਮਾਰਕੀਟ ਕਮੇਟੀ ਦੇ ਦਫ਼ਤਰ ਵਿਚ ਵੀ ਉਪਲਬਧ ਹੋਵੇ। ਆਲੂ ਉਤਪਾਦਕਾਂ ਨੇ ਮੀਟਿੰਗ ਦੌਰਾਨ 60 ਰੁਪਏ ਪ੍ਰਤੀ ਗੱਟਾ ਤੋਂ ਵੱਧ ਕੋਲਡ ਸਟੋਰ ਮਾਲਕਾਂ ਨੂੰ ਕਿਰਾਇਆ ਦੇਣ ਤੋਂ ਸਾਫ਼ ਇੰਨਕਾਰ ਕਰ ਦਿਤਾ।
ਦੂਜੇ ਪਾਸੇ ਕੋਲਡ ਸਟੋਰ ਮਾਲਕਾਂ ਦੀ ਯੂਨੀਅਨ ਦੇ ਆਗੂ ਜਸਵੀਰ ਸਿੰਘ ਨੇ ਦਾਅਵਾ ਕੀਤਾ ਕਿ ਉਹ ਪਹਿਲਾਂ ਹੀ ਕਰੋੜਾਂ ਦੀ ਲਾਗਤ ਨਾਲ ਤਿਆਰ ਹੋਏ ਕੋਲਡ ਸਟੋਰਾਂ ਦਾ ਵਿਆਜ ਹੀ ਅਦਾ ਕਰਦੇ ਹਨ। ਇਸ ਦੇ ਇਲਾਵਾ ਉਸ ਦੇ ਖ਼ਰਚੇ ਕਢਣ ਲਈ ਕਿਸਾਨਾਂ ਤੋਂ ਜਾਇਜ਼ ਰੂਪ ਵਿਚ ਹੀ ਕਿਰਾਇਆ ਲਿਆ ਜਾਂਦਾ ਹੈ। ਜਸਵੀਰ ਸਿੰਘ ਨੇ ਆਲੂ ਉਤਪਾਦਕਾਂ ਨੂੰ ਅਪਣੇ ਆਸ-ਪਾਸ ਅਤੇ ਦੂਜੇ ਪ੍ਰਦੇਸ਼ਾਂ ਦੇ ਕੋਲਡ ਸਟੋਰਾਂ ਦੇ ਕਿਰਾਏ ਦੀ ਤੁਲਨਾ ਉਨ੍ਹਾਂ ਨਾਲ ਕਰਨ ਦੀ ਸਲਾਹ ਦਿੰਦਿਆ ਕਿਹਾ ਕਿ ਉਨ੍ਹਾਂ ਜਿੰਨਾ ਕਿਰਾਇਆ ਆਲੂ ਉਤਪਾਦਕਾਂ ਵਲੋਂ ਸਟੋਰ ਵਿਚ ਆਲੂ ਰਖਣ ਸਮੇਂ ਤੈਅ ਕੀਤਾ ਸੀ, ਉਨਾ ਹੀ ਲਿਆ ਜਾਵੇਗਾ।