ਅਮਰੂਦ, ਕੇਲੇ ਦੇ ਦਰੱਖ਼ਤਾਂ ਅਤੇ ਅੰਗੂਰਾਂ ਦੇ ਬੂਟਿਆਂ ਹੇਠ ਆਉਂਦੀ ਜ਼ਮੀਨ ਨੂੰ ਵੀ ਬਾਗ਼ ਮੰਨਿਆ ਜਾਵੇਗਾ

ਖ਼ਬਰਾਂ, ਪੰਜਾਬ

ਚੰਡੀਗੜ੍ਹ, 19 ਜਨਵਰੀ (ਸ.ਸ.ਸ.) : ਪੰਜਾਬ ਲੈਂਡ ਰਿਫਾਰਮਜ਼ (ਸੋਧ) ਐਕਟ, 2017 ਵਿਚ ਦੋ ਸੋਧਾਂ ਸ਼ਾਮਲ ਕੀਤੀਆਂ ਗਈਆਂ ਹਨ। ਪਹਿਲੀ ਸੋਧ ਪੰਜਾਬ ਲੈਂਡ ਰਿਫਾਰਮਜ਼  ਐਕਟ 1972 ਦੀ ਧਾਰਾ 3(8) ਵਿਚ ਕੀਤੀ ਗਈ ਹੈ, ਜਿਸ ਦੇ ਤਹਿਤ ਪਹਿਲਾਂ ਅਮਰੂਦ, ਕੇਲੇ ਦੇ ਦਰਖ਼ਤਾਂ ਅਤੇ ਅੰਗੂਰਾਂ ਦੇ ਬੂਟਿਆਂ ਹੇਠ ਆਉਂਦੀ ਭੂਮੀ ਨੂੰ ਬਾਗ਼ ਨਹੀਂ ਮੰਨਿਆ  ਜਾਂਦਾ ਸੀ। ਖੇਤੀ  ਪੈਦਾਵਾਰ ਵਿੱਚ ਵਿਭਿੰਨਤਾ ਲਿਆਉਣ ਦੇ ਮੱਦੇਨਜ਼ਰ ਅਤੇ ਸੂਬੇ ਨੂੰ ਕਣਕ, ਝੋਨੇ ਦੇ ਚੱਕਰ 'ਚੋਂ ਕੱਢਕੇ ਸਬਜ਼ੀਆਂ ਅਤੇ ਫਲਾਂ ਦੀ ਕਾਸ਼ਤ ਵੱਲ  ਪ੍ਰੇਰਤ ਕਰਨ ਲਈ ਸੂਬਾ ਸਰਕਾਰ ਨੇ ਲੈਂਡ ਰਿਫਾਰਮਜ਼ ਐਕਟ ਦੀ ਧਾਰਾ 3(8) ਵਿੱਚ ਸੋਧ ਕੀਤੀ ਹੈ, ਜਿਸ ਮੁਤਾਬਕ ਹੁਣ ਅਮਰੂਦ, ਕੇਲੇ ਦੇ ਦਰਖ਼ਤਾਂ ਅਤੇ ਅੰਗੂਰਾਂ ਦੇ ਬੂਟਿਆਂ ਹੇਠ ਆਉਂਦੀ ਜ਼ਮੀਨ ਨੂੰ ਵੀ ਬਾਗ਼ ਮੰਨਿਆ ਜਾਵੇਗਾ।ਇਹ ਜਾਣਕਾਰੀ  ਵਿੱਤੀ ਕਮਿਸ਼ਨਰ, ਮਾਲੀਆ ਵਿਭਾਗ, ਪੰਜਾਬ, ਸ੍ਰੀਮਤੀ ਵਿੰਨੀ ਮਹਾਜਨ ਨੇ ਦਿਤੀ। ਇਸ ਸੋਧ ਨਾਲ ਇਨ੍ਹਾਂ ਫ਼ਸਲਾਂ ਦੀ ਪੈਦਾਵਾਰ ਵਿਚ ਵਾਧਾ ਹੋਵੇਗਾ ਅਤੇ ਖੇਤੀ ਵਿਭਿੰਨਤਾ ਨੂੰ ਹੁਲਾਰਾ ਮਿਲੇਗਾ। ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਵਿੱਚ ਕਿੰਨੂ ਤੋਂ ਬਾਅਦ ਅਮਰੂਦ ਸੂਬੇ ਦਾ ਦੂਜਾ ਪ੍ਰਮੁੱਖ ਫਲ ਹੈ ਜਿਸ ਦੀ ਸਾਲਾਨਾ ਪੈਦਾਵਾਰ 182089 ਮੀਟਰਕ ਟਨ ਹੈ ਅਤੇ 8103  ਹੈਕਟੇਅਰ ਭੂਮੀ 'ਤੇ ਹੁੰਦੀ ਹੈ।  ਜਿੱਥੇ ਇਸ ਸੋਧ ਨਾਲ ਅਮਰੂਦ, ਕੇਲੇ, ਅੰਗੂਰ ਦੇ ਬੂਟੇ ਲਗਾਉਣ ਵਾਲੇ ਕਾਸ਼ਤਕਾਰਾਂ ਨੂੰ ਫਲਾਂ ਦੇ ਬਾਗ ਲਗਾਉਣ ਵਾਲਿਆਂ ਬਰਾਬਰ ਲਾਭ ਮਿਲੇਗਾ ਉੱਥੇ ਇਹ ਖੇਤੀ ਵਿਚ ਵਿਭਿੰਨਤਾ ਲਿਆਉਣ ਵਾਲੇ ਸਰਕਾਰ ਦੇ ਉਪਰਾਲਿਆਂ ਨੂੰ ਨਵੀਂ ਸੇਧ ਪ੍ਰਦਾਨ ਕਰੇਗੀ।