ਅਮਿਟੀ ਵਲੋਂ ਮੋਹਾਲੀ ਵਿਚ ਯੂਨੀਵਰਸਟੀ ਸਥਾਪਤ ਕਰਨ ਦਾ ਪ੍ਰਸਤਾਵ

ਖ਼ਬਰਾਂ, ਪੰਜਾਬ

ਚੰਡੀਗੜ੍ਹ, 1 ਫ਼ਰਵਰੀ (ਸਸਸ): ਪੰਜਾਬ ਵਿਚ ਨਿਵੇਸ਼ ਲਈ ਪੈਦਾ ਹੋਏ ਸੁਖਾਵੇਂ ਮਾਹੌਲ ਤੋਂ ਉਤਸ਼ਾਹਤ ਹੁੰਦਿਆਂ ਅਤੇ ਸੂਬਾ ਸਰਕਾਰ ਵਲੋਂ ਸਿਖਿਆ ਖੇਤਰ ਨੂੰ ਦਿਤੀ ਜਾ ਰਹੀ ਤਰਜੀਹ ਦੇ ਮੱਦੇਨਜ਼ਰ ਅਮਿਟੀ ਯੂਨੀਵਰਸਿਟੀ ਨੇ ਮੋਹਾਲੀ ਵਿਚ ਆਲ੍ਹਾ ਦਰਜੇ ਦੀ ਯੂਨੀਵਰਸਿਟੀ ਸਥਾਪਤ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਹੈ। ਅਮਿਟੀ ਐਜੂਕੇਸ਼ਨ ਗਰੁਪ ਦੇ ਮੁਖੀ ਡਾਕਟਰ ਅਤੁਲ ਚੌਹਾਨ ਦੀ ਅਗਵਾਈ ਵਿਚ ਵਫ਼ਦ ਨੇ ਅੱਜ ਇਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਜਿਸ ਦੌਰਾਨ ਉਨ੍ਹਾਂ ਨੇ 1000-1500 ਕਰੋੜ ਰੁਪਏ ਦੀ ਲਾਗਤ ਨਾਲ ਨਿਵੇਸ਼ ਕਰਕੇ 20,000 

ਵਿਦਿਆਰਥੀਆਂ ਦੀ ਸਮਰਥਾ ਵਾਲਾ ਕੈਂਪਸ ਸਥਾਪਤ ਕਰਨ ਦੀ ਯੋਜਨਾ ਮੁੱਖ ਮੰਤਰੀ ਨਾਲ ਸਾਂਝੀ ਕੀਤੀ। ਵਫ਼ਦ ਨੇ ਮੁੱਖ ਮੰਤਰੀ ਨੂੰ ਦਸਿਆ ਕਿ ਗਰੁੱਪ ਵਲੋਂ ਵਿਗਿਆਨ ਆਧਾਰਤ ਯੂਨੀਵਰਸਿਟੀ ਦੀ ਸਥਾਪਨਾ ਕਰਨ ਨੂੰ ਵਿਚਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਵਿਦਿਆਰਥੀਆਂ ਦੀਆਂ ਲੋੜਾਂ ਮੁਤਾਬਕ ਕੋਰਸ ਤਿਆਰ ਕੀਤੇ ਜਾਣ ਦਾ ਪ੍ਰਸਤਾਵ ਹੈ। ਮੁੱਖ ਮੰਤਰੀ ਨੇ ਸਿਖਿਆ ਵਿਭਾਗ ਅਤੇ ਮਕਾਨ ਉਸਾਰੀ ਵਿਭਾਗ ਨੂੰ ਇਸ ਪ੍ਰਸਤਾਵ 'ਤੇ ਗ਼ੌਰ ਕਰ ਕੇ ਇਸ ਗਰੁੱਪ ਨੂੰ ਹਰ ਸੰਭਵ ਸਹਿਯੋਗ ਦੇਣ ਦੇ ਹੁਕਮ ਦਿਤੇ ਤਾਕਿ ਪੰਜਾਬ ਦੇ ਵਿਦਿਆਰਥੀਆਂ ਲਈ ਇਸ ਪ੍ਰੋਜੈਕਟ ਨੂੰ ਯਕੀਨੀ ਬਣਾਇਆ ਜਾ ਸਕੇ।