ਅੰਮ੍ਰਿਤਸਰ 'ਚ 5 ਨਵੇਂ ਫ਼ਲਾਈਓਵਰ ਬਣਾਏ ਜਾਣਗੇ : ਸਿੱਧੂ

ਖ਼ਬਰਾਂ, ਪੰਜਾਬ

ਅੰਮ੍ਰਿਤਸਰ, 6 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਅਪਣੀ ਰਿਹਾਇਸ਼ 'ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਤਿੰਨ ਸ਼ਹਿਰਾਂ ਨੂੰ ਸਮਰਾਟ ਸਿਟੀ ਬਣਾਉਨ ਲਈ ਕੇਂਦਰ ਵਲੋਂ 500 ਕਰੋੜ ਰੁਪਏ ਜਾਰੀ ਕਰ ਦਿਤੇ ਗਏ ਹਨ, ਜਿਨ੍ਹਾਂ 'ਚੋਂ ਲੁਧਿਆਣੇ ਲਈ 200 ਕਰੋੜ ਰੁਪਏ, ਅੰਮ੍ਰਿਤਸਰ ਅਤੇ ਜਲੰਧਰ ਲਈ 150-150 ਕਰੋੜ ਰੁਪਏ ਜਾਰੀ  ਕੀਤੇ ਹਨ। ਸ. ਸਿੱਧੂ ਨੇ ਦਸਿਆ ਕਿ ਬੀਤੀ ਸ਼ਾਮ ਦਿੱਲੀ ਤੋਂ ਆਈ ਟੀਮ ਦੇ ਨਾਲ ਮੀਟਿੰਗ ਕੀਤੀ ਗਈ ਸੀ, ਜਿਸ 'ਚ ਕੇਂਦਰ ਸਰਕਾਰ ਦੇ ਸ਼ਹਿਰੀ ਵਿਕਾਸ ਵਿਭਾਗ ਦੇ ਅਧੀਨ ਸਕੱਤਰ ਡਾ. ਸਮੀਰ ਸ਼ਰਮਾ ਵੱਖ-ਵੱਖ ਕੰਮਾਂ ਲਈ ਨਿਯੁਕਤ ਕੀਤੇ ਗਏ ਸਲਾਹਕਾਰ ਹਾਜ਼ਰ ਸਨ। ਉਨ੍ਹਾਂ ਦਸਿਆ ਕਿ ਪੰਜਾਬ ਸਰਕਾਰ ਨੇ ਅਪਣੇ ਕੋਲੋਂ 50 ਕਰੋੜ ਰੁਪਏ ਦਾ ਹਿੱਸਾ ਪਾ ਕੇ ਕੇਦਰ ਕੋਲੋਂ 500 ਕਰੋੜ ਰੁਪਏ ਪ੍ਰਾਪਤ ਕੀਤੇ ਹਨ। ਇੰਨ੍ਹਾਂ ਪੈਸਿਆਂ ਨਾਲ ਸ਼ਹਿਰਾਂ ਦਾ ਸੀਵਰੇਜ ਸਿਸਟਮ ਅਤੇ ਪੀਣ ਵਾਲੀ ਪਾਣੀ ਦੀ ਸਮੱਸਿਆ ਹੱਲ ਹੋ ਸਕੇਗੀ ਅਤੇ ਸ਼ਹਿਰੀ ਲੋਕਾਂ ਨੂੰ ਪੀਣ ਲਈ ਨਹਿਰੀ ਪਾਣੀ ਮੁਹੱਈਆ ਹੋ ਸਕੇਗਾ। ਬੀ.ਆਰ.ਟੀ.ਐਸ. ਸਿਸਟਮ ਬਾਰੇ ਉਨ੍ਹਾਂ ਕਿਹਾ ਕਿ ਇਸ 'ਚ ਸੁਧਾਰ ਲਿਆਉਣ ਦੀ ਬਹੁਤ ਲੋੜ ਹੈ ਅਤੇ ਬਸਾਂ ਦੇ ਆਉਣ ਅਤੇ ਜਾਣ ਦੇ ਅੰਤਰ 'ਚ ਕੇਵਲ ਤਿੰਨ ਮਿੰਟ ਦਾ ਫਰਕ ਰਖਿਆ ਜਾਵੇਗਾ ਤਾਂ ਜੋ ਲੋਕਾਂ ਨੂੰ ਬਸਾਂ ਦੀ ਜ਼ਿਆਦਾ ਉਡੀਕ ਨਾ ਕਰਨੀ ਪਵੇ।