ਐਸ. ਏ. ਐਸ. ਨਗਰ, 27 ਨਵੰਬਰ (ਸੁਖਦੀਪ ਸਿੰਘ ਸੋਈ): ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਅਗਵਾਈ 'ਚ ਅੱਜ ਡੀਜੀਐਸਈ ਦੇ ਦਫ਼ਤਰ ਅੱਗੇ ਹਜ਼ਾਰਾਂ ਆਂਗਨਵਾੜੀ ਮੁਲਾਜ਼ਮਾਂ ਨੇ ਜੇਤੂ ਰੈਲੀ ਕੀਤੀ। ਇਸ ਰੈਲੀ 'ਚ ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਆਂਗਨਵਾੜੀ ਵਰਕਰ ਟੋਲੇ ਬਣਾ ਕੇ ਅਪਣੀ ਜਿੱਤ ਦੇ ਨਾਹਰੇ ਲਾਉਂਦੀਆਂ ਹੋਈਆਂ ਰੈਲੀ 'ਚ ਸ਼ਾਮਲ ਹੋਈਆਂ। ਰੈਲੀ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੀ ਕੌਮੀ ਪ੍ਰਧਾਨ ਸ੍ਰੀਮਤੀ ਉਸ਼ਾ ਰਾਣੀ, ਸੀਟੂ ਪੰਜਾਬ ਦੇ ਮੀਤ ਪ੍ਰਧਾਨ ਕਾਮਰੇਡ ਚੰਦਰ ਸ਼ੇਖਰ, ਜਨਰਲ ਸਕੱਤਰ ਕਾਮਰੇਡ ਰਘੂਨਾਥ ਸਿੰਘ ਨੂੰ ਸੰਬੋਧਨ ਕਰਦਿਆਂ ਸਮੂਹ ਆਂਗਨਵਾੜੀ ਵਰਕਰ ਅਤੇ ਹੈਲਪਰਾਂ ਨੂੰ ਕ੍ਰਾਂਤੀਕਾਰੀ ਵਧਾਈ ਦਿਤੀ ਅਤੇ ਕਿਹਾ ਕਿ ਆਂਗਨਵਾੜੀ ਵਰਕਰਾਂ ਦੇ ਸਿਰੜੀ ਸੰਘਰਸ਼ ਦੀ ਵੱਡੀ ਜਿੱਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਲੜਾਈ ਕੋਈ ਆਖ਼ਰੀ ਲੜਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ 20 ਸਤੰਬਰ ਨੂੰ ਪੰਜਾਬ ਕੈਬਨਿਟ ਵਲੋਂ ਬਿਨਾਂ ਕਿਸੇ ਵਿਊਤਬੰਦੀ ਤੋਂ ਲਿਆ ਫ਼ੈਸਲਾ ਕਿ ਪ੍ਰਾਇਮਰੀ ਸਕੂਲਾਂ 'ਚ ਪ੍ਰੀ-ਨਰਸਰੀ ਕਲਾਸਾਂ ਸ਼ੁਰੂ ਦਾ ਜੋ ਫ਼ੈਸਲਾ ਲਿਆ ਸੀ ਇਸ ਨਾਲ ਪ੍ਰਾਂਤ ਦੀਆਂ 54000 ਔਰਤਾਂ ਦੇ ਬੇਰੁਜ਼ਗਾਰ ਹੋਣ ਦੀ ਤਲਵਾਰ ਲਟਕ ਗਈ ਸੀ ਜਿਸ ਨਾਲ ਸੂਬੇ ਦੇ ਤਿੰਨ ਲੱਖ ਵਿਦਿਆਰਥੀਆਂ ਬੱਚਿਆਂ ਦੇ ਬੋਧਿਕ ਦੇ ਭਵਿੱਖ ਅਤੇ ਸਰੀਰਕ ਵਿਕਾਸ ਉਤੇ ਗਹਿਰਾ ਅਸਰ ਹੋਣਾ ਸੀ। ਉਨ੍ਹਾਂ ਕਿਹਾ ਕਿ ਆਂਗਨਵਾੜੀ ਵਰਕਰਾਂ ਨੇ 66 ਦਿਨਾਂ ਦਾ ਸੰਘਰਸ਼ ਕੀਤਾ ਜਿਸ ਅੱਗੇ ਸਰਕਾਰ ਨੂੰ ਝੁਕਣਾ ਪਿਆ।