ਅੰਮ੍ਰਿਤਸਰ, 16 ਸਤੰਬਰ
(ਸੁਖਵਿੰਦਰਜੀਤ ਸਿੰਘ ਬਹੋੜੂ) : ਗੁਰੂ ਨਗਰੀ ਅੰਮ੍ਰਿਤਸਰ ਦੀ ਅਨੁਪ੍ਰੀਤ ਕੌਰ ਨੇ ਅਪਣੀ
ਮਿਹਨਤ ਦੇ ਦਮ 'ਤੇ ਪਾਇਲਟ ਬਣ ਕੇ ਅਸਮਾਨ ਦੀਆਂ ਉਚਾਈਆਂ ਨੂੰ ਛੂਹਣ 'ਚ ਸਫਲਤਾ ਹਾਸਲ
ਕੀਤੀ ਹੈ। ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਹੇਰ ਦ ਵਸਨੀਕ ਅਨੁਪੀਤ ਕੌਰ ਇਸ ਸਮੇਂ ਜੈੱਟ
ਏਅਰਵੇਜ਼ ਵਿਚ ਕਮਰਸ਼ੀਅਲ ਪਾਇਲਟ ਵਜੋਂ ਬਤੌਰ ਫ਼ਸਟ ਫ਼ਲਾਈਂਗ ਅਫ਼ਸਰ ਜਹਾਜ਼ ਉਡਾ ਰਹੀ ਹੈ।
ਅਨੁਪ੍ਰੀਤ ਦੀ ਪ੍ਰਾਪਤੀ ਨੇ ਇਕ ਵਾਰ ਫਿਰ ਸਾਬਤ ਕਰ ਦਿਤਾ ਹੈ ਕਿ ਲੜਕੀਆਂ ਕਿਸੇ ਵੀ ਖੇਤਰ
'ਚ ਲੜਕਿਆਂ ਤੋਂ ਘੱਟ ਨਹੀਂ ਹਨ। ਅਨੁਪ੍ਰੀਤ ਕੌਰ ਦੀ ਇਸ ਪ੍ਰਾਪਤੀ 'ਤੇ ਜਿਥੇ ਉਸ ਦੇ
ਮਾਂ-ਬਾਪ ਫ਼ਖ਼ਰ ਮਹਿਸੂਸ ਕਰ ਰਹੇ ਹਨ ਉਥੇ ਇਸ ਧੀ ਨੇ ਅਪਣੀ ਕਾਮਯਾਬੀ ਨਾਲ ਲੜਕੀਆਂ 'ਚ
ਅੱਗੇ ਵਧਣ ਦੀ ਪ੍ਰੇਰਨਾ ਪੈਦਾ ਕੀਤੀ ਹੈ।
ਅਨੁਪ੍ਰੀਤ ਕੌਰ ਨੇ ਦਸਿਆ ਕਿ ਉਸ ਨੇ
ਅੰਮ੍ਰਿਤਸਰ ਦੇ ਹੋਲੀਹਾਰਟ ਰੈਜ਼ੀਡੈਂਸੀ ਸਕੂਲ ਤੋਂ ਸਾਲ 2011 'ਚ ਨਾਨ ਮੈਡੀਕਲ ਵਿਸ਼ੇ 'ਚ
12ਵੀਂ ਜਮਾਤ ਪਾਸ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ
ਏਅਰਪੋਰਟ ਵਿਖੇ ਏਵੀਏਸ਼ਨ ਕਲੱਬ 'ਚ ਕਮਰਸ਼ੀਅਲ ਪਾਇਲਟ ਬਣਨ ਲਈ ਦਾਖ਼ਲਾ ਲੈ ਲਿਆ। ਪੰਜ ਸਾਲ
ਦੀ ਪੜ੍ਹਾਈ ਅਤੇ ਸਿਖਲਾਈ ਤੋਂ ਬਾਅਦ ਉਸ ਨੇ ਸਫ਼ਲਤਾਪੂਰਵਕ ਪਾਇਲਟ ਦਾ ਟੈਸਟ ਪਾਸ ਕੀਤਾ।
ਉਸ
ਤੋਂ ਬਾਅਦ ਸਤੰਬਰ 2016 'ਚ ਉਸ ਦੀ ਪਾਇਲਟ ਵਜੋਂ ਚੋਣ ਦੇਸ਼ ਦੀ ਪ੍ਰਮੁੱਖ ਏਅਰਲਾਈਨ ਜੈੱਟ
ਏਅਰਵੇਜ਼ ਵਿਚ ਹੋ ਗਈ। ਹੁਣ ਤਕ ਉਸ ਕੋਲ 200 ਘੰਟੇ ਤੋਂ ਵੱਧ ਦੀ ਉਡਾਨ ਦਾ ਤਜ਼ਰਬਾ ਹੋ
ਗਿਆ ਹੈ ਅਤੇ ਉਹ ਬਤੌਰ ਫਸਟ ਫਲਾਇੰਗ ਅਫ਼ਸਰ ਵਜੋਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਉਡਾਨਾ ਉਡਾ
ਰਹੀ ਹੈ। ਉਸ ਦਾ ਘਰ ਏਅਰਪੋਰਟ ਨੇੜੇ ਹੋਣ ਕਰ ਕੇ ਉਹ ਅਕਸਰ ਜਹਾਜਾਂ ਨੂੰ ਉੱਡਦੇ ਦੇਖਦੀ
ਸੀ ਤਾਂ ਉਸਦੇ ਮਨ 'ਚ ਵੀ ਇਹ ਸੁਪਨਾ ਆਉਂਦਾ ਸੀ ਕਿ ਇਕ ਦਿਨ ਉਹ ਵੀ ਪਾਇਲਟ ਬਣ ਕੇ ਅਸਮਾਨ
ਦੀ ਉਚਾਈਆਂ ਨੂੰ ਛੂਹੇਗੀ। ਭਾਵੇਂ ਪਾਇਲਟ ਬਣਨ ਲਈ ਉਸ ਨੂੰ ਬਹੁਤ ਘਾਲਣਾ ਘਾਲਣੀ ਪਈ ਹੈ
ਪਰ ਅੱਜ ਅਪਣਾ ਮਿਥਿਆ ਨਿਸ਼ਾਨਾ ਪ੍ਰਾਪਤ ਕਰ ਕੇ ਉਸ ਨੂੰ ਬਹੁਤ ਖੁਸ਼ੀ ਤੇ ਤਸੱਲੀ ਮਹਿਸੂਸ
ਹੁੰਦੀ ਹੈ।
ਅਪਣੀ ਕਾਮਯਾਬੀ ਦਾ ਸਿਹਰਾ ਅਪਣੇ ਮਾਪਿਆਂ ਸਿਰ ਬੰਨਦਿਆਂ ਪਾਇਲਟ
ਅਨੁਪ੍ਰੀਤ ਨੇ ਕਿਹਾ ਕਿ ਮੇਰੇ ਸੁਪਨਿਆਂ ਨੂੰ ਖੰਭ ਮੇਰੇ ਮਾਪਿਆਂ ਨੇ ਹੀ ਲਾਏ ਹਨ।
ਉਨ੍ਹਾਂ ਮੈਨੂੰ ਹਰ ਤਰਾਂ ਦਾ ਸਮਰਥਨ ਦਿਤਾ ਅਤੇ ਹਰ ਵੇਲੇ ਉਤਸ਼ਾਹਤ ਕੀਤਾ। ਪਾਇਲਟ
ਅਨੁਪ੍ਰੀਤ ਕੌਰ ਦਾ ਜਨਮ 1993 'ਚ ਪਿੰਡ ਹੇਰ ਵਿਖੇ ਹੋਇਆ। ਉਸੇ ਪਿਤਾ ਦਾ ਨਾਮ ਜਗਤਾਰ
ਸਿੰਘ ਅਤੇ ਮਾਂ ਦਾ ਨਾਮ ਸ੍ਰੀਮਤੀ ਪਰਮਜੀਤ ਕੌਰ ਹੈ। ਉਸ ਦਾ ਇਕ ਛੋਟਾ ਭਰਾ ਅੰਮ੍ਰਿਤਪਾਲ
ਸਿੰਘ ਹੈ। ਪਾਇਲਟ ਅਨੁਪ੍ਰੀਤ ਕਹਿੰਦੀ ਹੈ ਕਿ ਜਹਾਜ਼ ਉਡਾਣਾ ਭਾਵੇਂ ਬਹੁਤ ਚਣੌਤੀ ਪੂਰਨ
ਕੰਮ ਹੈ ਪਰ ਜਦੋਂ ਉਹ ਬੱਦਲਾਂ ਤੋਂ ਉਪਰ ਜਹਾਜ਼ ਉਡਾ ਰਹੀ ਹੁੰਦੀ ਹੈ ਤਾਂ ਇਹ ਅਨੁਭਵ ਉਸ
ਲਈ ਨਾ ਭੁੱਲਣ ਵਾਲਾ ਹੁੰਦਾ ਹੈ। ਉਸ ਨੇ ਲੜਕੀਆਂ ਨੂੰ ਇਸ ਖੇਤਰ 'ਚ ਆਉਣ ਦੀ ਅਪੀਲ
ਕਰਦਿਆਂ ਕਿਹਾ ਕਿ ਕੋਈ ਵੀ ਮੰਜ਼ਿਲ ਦੂਰ ਨਹੀਂ ਹੁੰਦੀ, ਬਸ ਲੋੜ ਹੈ ਮਿਹਨਤ ਤੇ ਦ੍ਰਿੜ
ਇਰਾਦੇ ਦੀ। ਉਸ ਨੇ ਕਿਹਾ ਕਿ ਲੜਕੀਆਂ ਨੂੰ ਅਪਣੀ ਮਿਹਨਤ ਦੇ ਬੱਲ 'ਤੇ ਅੱਗੇ ਆਉਣਾ
ਚਾਹੀਦਾ ਹੈ ਅਤੇ ਹਰ ਖੇਤਰ ਲੜਕੀਆਂ ਦੇ ਸਵਾਗਤ ਲਈ ਤਿਆਰ ਬੈਠਾ ਹੈ।
ਅਨੁਪ੍ਰੀਤ ਦਾ
ਕਹਿਣਾ ਹੈ ਕਿ ਉਹ ਚਾਹੁੰਦੀ ਹੈ ਕਿ ਹਰ ਲੜਕੀ ਦਾ ਸੁਪਨਾ ਪੂਰਾ ਹੋਵੇ ਅਤੇ ਉਹ ਅਪਣੇ ਆਪ
'ਚ ਮਿਸਾਲ ਹੋਵੇ। ਉਹ ਭਵਿੱਖ 'ਚ ਲੜਕੀਆਂ ਲਈ ਇੱਕ ਅਜਿਹੀ ਸੰਸਥਾ ਖੋਲਣੀ ਚਾਹੁੰਦੀ ਹੈ
ਜਿਥੇ ਲੜਕੀਆਂ ਨੂੰ ਕਾਮਯਾਬ ਤੇ ਆਤਮ ਨਿਰਭਰ ਬਣਾਉਣ ਦਾ ਉਪਰਾਲਾ ਕੀਤਾ ਜਾ ਸਕੇ।
ਅਨੁਪ੍ਰੀਤ ਕੌਰ ਦੇ ਪਿਤਾ ਜਗਤਾਰ ਸਿੰਘ ਅਤੇ ਮਾਤਾ ਪਰਮਜੀਤ ਕੌਰ ਨੇ ਅਪਣੀ ਧੀ ਦੀ
ਪ੍ਰਾਪਤੀ 'ਤੇ ਫ਼ਖ਼ਰ ਕਰਦਿਆਂ ਦਸਿਆ ਕਿ ਉਨ੍ਹਾਂ ਦੀ ਧੀ ਨੇ ਪਾਇਲਟ ਬਣ ਕੇ ਲੜਕੀਆਂ 'ਚ
ਕੁੱਝ ਬਣਨ ਦਾ ਜਜ਼ਬਾ ਪੈਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਨੁਪ੍ਰੀਤ ਦੀ ਇਸ ਪ੍ਰਾਪਤੀ 'ਤੇ
ਬਹੁਤ ਮਾਣ ਹੈ।