'ਆਪ' ਆਗੂਆਂ 'ਤੇ ਪਾਣੀ ਦੀਆਂ ਵਾਛੜਾਂ, ਹਿਰਾਸਤ ਵਿਚ ਲਏ

ਖ਼ਬਰਾਂ, ਪੰਜਾਬ




ਚੰਡੀਗੜ੍ਹ, 4 ਸਤੰਬਰ (ਨੀਲ ਭਲਿੰਦਰ ਸਿੰਘ) :  ਮੁੱਖ ਮੰਤਰੀ ਦੀ ਕੋਠੀ ਘੇਰਨ ਦੇ ਮਕਸਦ ਨਾਲ ਅੱਗੇ ਵਧ ਰਹੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਚੰਡੀਗੜ੍ਹ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ।
ਪੁਲਿਸ ਨੇ ਪਹਿਲਾਂ ਚਿਤਾਵਨੀ ਵਜੋਂ ਜਲ ਤੋਪਾਂ ਚਲਾਈਆਂ ਤੇ ਫਿਰ  ਐਮ.ਐਲ.ਏ. ਹੋਸਟਲ ਕੋਲ ਹਿਰਾਸਤ ਵਿਚ ਲੈ ਲਿਆ। ਪੁਲਿਸ ਨੇ ਨੇਤਾ ਵਿਰੋਧੀ ਧਿਰ  ਸੁਖਪਾਲ ਸਿਂੰਘ  ਖਹਿਰਾ, ਐਮਪੀ ਅਤੇ ਪੰਜਾਬ ਇਕਾਈ ਪ੍ਰਧਾਨ ਭਗਵੰਤ ਮਾਨ, ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿਂੰਘ  ਬੈਂਸ ਸਣੇ ਕਈ ਆਗੂਆਂ  ਤੇ ਵਰਕਰਾਂ ਨੂੰ ਹਿਰਾਸਤ ਵਿਚ ਲਿਆ। ਇਨ੍ਹਾਂ ਨੂੰ ਕਰੀਬ ਤਿੰਨ ਘੰਟੇ ਸੈਕਟਰ 17 ਦੇ ਥਾਣੇ ਵਿਚ ਰਖਿਆ ਗਿਆ। ਆਮ ਆਦਮੀ ਪਾਰਟੀ ਦੀ ਮੰਗ ਹੈ ਕਿ ਸਿਟੀ ਸੈਂਟਰ ਮਾਮਲੇ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੀ ਕਲੀਨ ਚਿਟ ਦੇ ਮਾਮਲੇ ਦੀ ਸੀਬੀਆਈ ਜਾਂਚ ਹੋਵੇ।
ਅੱਜ ਦੇ ਘਟਨਾਕ੍ਰਮ ਮਗਰੋਂ 'ਆਪ' ਨੇ ਐਲਾਨ ਕੀਤਾ ਕਿ ਇਸ ਲੜਾਈ ਨੂੰ ਹਾਈ ਕੋਰਟ ਤੇ ਸੁਪਰੀਮ ਕੋਰਟ ਤਕ ਲਿਜਾਇਆ ਜਾਵੇਗਾ। ਭਗਵੰਤ ਮਾਨ ਨੇ ਕਿਹਾ ਇਹ ਸਰਕਾਰ 'ਕਲੀਨ ਚਿਟ' ਸਰਕਾਰ ਹੈ। ਹਰ ਮਾਮਲੇ 'ਚ ਕਲੀਨ ਚਿਟ ਮਿਲਦੀ ਹੈ। ਖਹਿਰਾ ਨੇ ਕਿਹਾ ਪੁਲਿਸ ਸਰਕਾਰ ਨਾਲ ਮਿਲੀ ਹੋਈ ਹੈ। ਪਾਰਟੀ ਇਸ ਲੜਾਈ ਨੂੰ ਪੰਜਾਬ ਦੇ ਕੋਨੇ-ਕੋਨੇ ਵਿਚ ਲੈ ਕੇ ਜਾਵੇਗੀ। ਸਿਮਰਜੀਤ ਸਿਂੰਘ ਬੈਂਸ ਨੇ ਕਿਹਾ ਕੈਪਟਨ ਸਰਕਾਰ ਭ੍ਰਿਸ਼ਟ ਸਰਕਾਰ ਹੈ ਤੇ ਇਸ ਸਰਕਾਰ ਵਿਰੁਧ ਲੜਾਈ ਜਾਰੀ ਰਹੇਗੀ। ਪਾਰਟੀ ਦੇ ਸਾਰੇ ਵਿਧਾਇਕਾਂ ਨੇ ਅੱਜ ਮੁੱਖ ਮੰਤਰੀ ਨਿਵਾਸ ਸਾਹਮਣੇ ਧਰਨਾ ਲਾਉਣ ਦੀ ਯੋਜਨਾ ਬਣਾਈ ਸੀ। ਆਮ ਆਦਮੀ ਪਾਰਟੀ ਲੁਧਿਆਣਾ ਸਿਟੀ ਘਪਲੇ ਤੇ ਅੰਮ੍ਰਿਤਸਰ ਇੰਪਰੂਵਮੈਂਟ ਟਰਸੱਟ ਘੁਟਾਲੇ ਕਾਰਨ ਕੈਪਟਨ ਨੂੰ ਘੇਰਨਾ ਚਾਹੁੰਦੀ ਹੈ। ਪਾਰਟੀ ਇਨ੍ਹਾਂ ਕੇਸਾਂ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕਰ ਰਹੀ ਹੈ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕੈਪਟਨ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਰਹਿੰਦਿਆਂ ਇਸ ਮਾਮਲੇ ਦੀ ਨਿਰਪੱਖ ਜਾਂਚ ਨਹੀਂ ਹੋ ਸਕਦੀ ਕਿਉਂਕਿ ਉਹ ਖ਼ੁਦ ਵਿਜੀਲੈਂਸ ਬਿਊਰੋ ਦੇ ਮੁਖੀ ਹਨ। ਹਿਰਾਸਤ ਵਿਚ ਲਏ ਸਾਰੇ ਆਗੂਆਂ ਤੇ ਵਰਕਰਾਂ ਨੂੰ ਬਾਅਦ ਵਿਚ ਛੱਡ ਦਿਤਾ ਗਿਆ। ਚੰਡੀਗੜ੍ਹ ਪੁਲਿਸ ਦੇਰ ਸ਼ਾਮ ਤਕ ਮੁਖ ਮੰਤਰੀ ਨਿਵਾਸ ਅਤੇ ਪੰਜਾਬ ਭਵਨ ਦੁਆਲੇ ਤਾਇਨਾਤ ਰਹੀ।