ਅਰਥਚਾਰੇ ਦੀ ਹਾਲਤ ਬਿਹਤਰ, ਬੁਨਿਆਦ ਮਜ਼ਬੂਤ : ਜੇਤਲੀ

ਖ਼ਬਰਾਂ, ਪੰਜਾਬ

ਨਵੀਂ ਦਿੱਲੀ, 24 ਅਕਤੂਬਰ : ਵਿੱਤ ਮੰਤਰੀ ਅਰੁਣ ਜੇਤਲੀ ਨੇ ਘਰੇਲੂ ਅਰਥਵਿਵਸਥਾ ਦੇ ਬੁਨਿਆਦੀ ਹਾਲਾਤ ਮਜ਼ਬੂਤ ਦਸਦਿਆਂ ਕਿਹਾ ਕਿ ਆਰਥਕ ਵਾਧੇ ਦੀ ਗਤੀ ਨੂੰ ਤੇਜ਼ ਰੱਖਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਪਿਛਲੇ ਤਿੰਨ ਸਾਲ ਤੋਂ ਸੱਭ ਤੋਂ ਤੇਜ਼ ਰਫ਼ਤਾਰ ਨਾਲ ਵਧਣ ਵਾਲੀ ਅਹਿਮ ਅਰਥਵਿਵਸਥਾ ਬਣਿਆ ਹੋਇਆ ਹੈ ਅਤੇ ਆਉਣ ਵਾਲੇ ਸਾਲਾਂ ਵਿਚ ਇਸ ਰਫ਼ਤਾਰ ਨੂੰ ਕਾਇਮ ਰੱਖਣ ਲਈ ਯਤਨ ਜਾਰੀ ਹਨ। ਜੇਤਲੀ ਨੇ ਇਥੇ ਪੱਤਰਕਾਰ ਸੰਮੇਲਨ 'ਚ ਦੇਸ਼ ਦੀ ਅਰਥਵਿਵਸਥਾ ਬਾਰੇ ਵਿਸਤਾਰ ਨਾਲ ਜਾਣਕਾਰੀ ਦਿਤੀ।ਪੇਸ਼ਕਾਰੀ ਵਿਚ ਆਰਥਕ ਮਾਮਲਿਆਂ ਦੇ ਸਕੱਤਰ ਐਸ ਸੀ ਗਰਗ ਨੇ ਕਿਹਾ ਕਿ ਮੁਦਰਾਸਫ਼ੀਤੀ ਸਾਲ 2014 ਤੋਂ ਲਗਾਤਾਰ ਥੱਲੇ ਆ ਰਹੀ ਹੈ ਅਤੇ ਚਾਲੂ ਵਿੱਤੀ ਵਰ੍ਹੇ ਵਿਚ ਵੀ ਇਹ ਚਾਰ ਫ਼ੀ ਸਦੀ ਤੋਂ ਉਪਰ ਨਹੀਂ ਜਾਵੇਗੀ। ਉਨ੍ਹਾਂ ਕਿਹਾ ਕਿ ਚਾਲੂ ਵਿੱਤ ਵਰ੍ਹੇ ਵਿਚ ਚਾਲੂ ਖਾਤੇ ਦਾ ਘਾਟਾ ਦੋ ਫ਼ੀ ਸਦੀ ਤੋਂ ਘੱਟ ਹੋਵੇਗਾ ਅਤੇ ਵਿਦੇਸ਼ੀ ਮੁਦਰਾ ਭੰਡਾਰ 400 ਅਰਬ ਡਾਲਰ ਤੋਂ ਜ਼ਿਆਦਾ ਹੋ ਚੁਕਾ ਹੈ।

ਅਰੁਣ ਜੇਤਲੀ ਨੇ ਕਿਹਾ ਕਿ ਸਰਕਾਰੀ ਬੈਂਕਾਂ ਵਿਚ ਦੋ ਸਾਲ ਦੇ ਸਮੇਂ 'ਚ 2.11 ਲੱਖ ਕਰੋੜ ਰੁਪਏ ਦੀ ਪੂੰਜੀ ਪਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਡੁੱਬੇ ਕਰਜ਼ੇ ਦੇ ਬੋਝ ਨਾਲ ਦਬੇ ਜਨਤਕ ਖੇਤਰ ਦੇ ਬੈਂਕਾਂ ਵਿਚ ਇਹ ਪੂੰਜੀ ਪਾਉਣ ਦੀ ਯੋਜਨਾ ਬਣਾਈ ਹੈ। ਵਿੱਤੀ ਸੇਵਾ ਸਕੱਤਰ ਰਾਜੀਵ ਕੁਮਾਰ ਨੇ ਕਿਹਾ ਕਿ 1.35 ਲੱਖ ਕਰੋੜ ਰੁਪਏ ਬਾਂਡ ਅਤੇ ਬਾਕੀ 76000 ਕਰੋੜ ਰੁਪਏ ਕੇਂਦਰੀ ਬਜਟ ਵਿਚੋਂ ਦਿਤੇ ਜਾਣਗੇ। ਜੇਤਲੀ ਨੇ ਕਿਹਾ ਕਿ ਬੈਂਕਾਂ ਵਿਚ ਇਹ ਪੂੰਜੀ ਨਿਵੇਸ਼ ਅਗਲੇ ਦੋ ਵਿੱਤੀ ਵਰ੍ਹਿਆਂ ਵਿਚ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਬੈਂਕਿੰਗ ਖੇਤਰ ਵਿਚ ਸੁਧਾਰ ਲਾਗੂ ਕੀਤੇ ਜਾਣਗੇ। (ਏਜੰਸੀ)