ਅਸੈਂਬਲੀ ਚੋਣਾਂ ਮਗਰੋਂ ਅੰਮ੍ਰਿਤਸਰ, ਜਲੰਧਰ ਤੇ ਪਟਿਆਲਾ ਦੀਆਂ ਕਾਰਪੋਰੇਸ਼ਨਾਂ, 29 ਮਿਉਂਸੀਪਲ ਕਮੇਟੀਆਂ ਤੇ ਨਗਰ ਪੰਚਾਇਤਾਂ ਵਿਚ ਕਾਂਗਰਸ ਰਹੀ ਜੇਤੂ

ਖ਼ਬਰਾਂ, ਪੰਜਾਬ

ਚੰਡੀਗੜ੍ਹ, 17 ਦਸੰਬਰ (ਸਸਸ):  ਅੱਜ ਪੰਜਾਬ ਵਿਚ ਹੋਈਆਂ ਤਿੰਨ ਕਾਰਪੋਰੇਸ਼ਨਾਂ, 29 ਮਿਉਂਸੀਪਲ ਕਮੇਟੀਆਂ ਤੇ ਨਗਰ ਪੰਚਾਇਤਾਂ ਵਿਚ ਕਾਂਗਰਸ ਨੂੰ ਬਹੁਤ ਵੱਡੀ ਜਿੱਤ ਪ੍ਰਾਪਤ ਹੋਈ ਜਦਕਿ ਅਕਾਲੀ-ਭਾਜਪਾ ਗਠਜੋੜ ਨੂੰ ਮਾਮੂਲੀ ਜਹੀ ਸਫ਼ਲਤਾ ਨਾਲ ਹੀ ਸਬਰ ਕਰਨਾ ਪਿਆ ਹੈ ਅਤੇ 'ਆਪ' ਪਾਰਟੀ ਤਾਂ ਬਿਲਕੁਲ ਹੀ ਖ਼ਾਤਮੇ ਦੇ ਨੇੜੇ ਪੁਜ ਗਈ ਪ੍ਰਤੀਤ ਹੋਈ। ਬੇਸ਼ੱਕ ਵਿਰੋਧੀ ਪਾਰਟੀਆਂ ਨੇ ਸਰਕਾਰੀ ਧਾਂਦਲੀ, ਬੂਥਾਂ ਉਤੇ ਕਬਜ਼ਿਆਂ ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਹਨ ਪਰ ਇਹੀ ਪਾਰਟੀਆਂ ਜਦ ਆਪ ਵੀ ਰਾਜ ਸੱਤਾ ਵਿਚ ਸਨ, ਉਦੋਂ ਇਹੀ ਇਲਜ਼ਾਮ ਉਨ੍ਹਾਂ ਉਤੇ ਵੀ ਇਸੇ ਤਰ੍ਹਾਂ ਲੱਗੇ ਸਨ ਤੇ ਉਨ੍ਹਾਂ ਨੇ ਇਨ੍ਹਾਂ ਇਲਜ਼ਾਮਾਂ ਨੂੰ 'ਫ਼ਜ਼ੂਲ' ਕਹਿ ਕੇ ਰੱਦ ਕਰ ਦਿਤਾ ਸੀ। ਉਸੇ ਤਰ੍ਹਾਂ ਹੁਣ ਦੀ ਸਰਕਾਰ ਵੀ ਕਰੇਗੀ। ਲੋਕਾਂ ਉਤੇ ਵੀ ਹੁਣ ਹਰ ਰਾਜ ਵਿਚਲੀਆਂ ਸਥਾਨਕ ਚੋਣਾਂ ਸਮੇਂ ਇਕੋ ਜਹੇ ਲਾਏ ਜਾਂਦੇ ਇਲਜ਼ਾਮਾਂ ਦਾ ਕੋਈ ਅਸਰ ਨਹੀਂ ਹੁੰਦਾ ਤੇ ਹਕੀਕਤ ਇਹ ਰਹਿੰਦੀ ਹੈ ਕਿ ਸਥਾਨਕ ਚੋਣਾਂ ਅਕਸਰ ਸੱਤਾ ਉਤੇ ਕਾਬਜ਼ ਸਰਕਾਰ ਦੀ ਮਨਸ਼ਾ ਅਨੁਸਾਰ ਹੀ ਹੁੰਦੀਆਂ ਹਨ। ਵੱਖ-ਵੱਖ ਰੀਪੋਰਟਾਂ ਹੇਠਾਂ ਅਨੁਸਾਰ ਹਨ।
ਪਟਿਆਲਾ ਤੋਂ ਬਲਵਿੰਦਰ ਸਿੰਘ ਭੁੱਲਰ ਅਨੁਸਾਰ: ਨਗਰ ਨਿਗਮ ਪਟਿਆਲਾ, ਨਗਰ ਪੰਚਾਇਤ ਘੱਗਾ ਅਤੇ ਘਨੌਰ ਦੀਆਂ ਅੱਜ ਹੋਈਆਂ ਆਮ ਚੋਣਾਂ ਦੌਰਾਨ ਵੱਡੀ ਗਿਣਤੀ ਕਾਂਗਰਸ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ। ਇਨ੍ਹਾਂ ਚੋਣਾਂ 'ਚ ਨਗਰ ਨਿਗਮ ਪਟਿਆਲਾ ਦੇ 62.22 ਫ਼ੀ ਸਦੀ ਵੋਟਰਾਂ ਨੇ ਅਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ, ਜਦਕਿ ਨਗਰ ਪੰਚਾਇਤ ਘੱਗਾ 'ਚ 90 ਫ਼ੀ ਸਦੀ ਅਤੇ ਘਨੌਰ ਨਗਰ ਪੰਚਾਇਤ ਲਈ 80.6 ਫ਼ੀ ਸਦੀ ਵੋਟਰਾਂ ਨੇ ਵੋਟਾਂ ਪਾਈਆਂ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਕੁਮਾਰ ਅਮਿਤ ਨੇ ਦਸਿਆ ਕਿ ਨਗਰ ਨਿਗਮ ਪਟਿਆਲਾ ਦੇ 60 ਵਾਰਡਾਂ ਵਿਚੋਂ 58 ਦੇ ਨਤੀਜੇ ਐਲਾਨੇ ਜਾ ਚੁਕੇ  ਹਨ, ਜਿਨ੍ਹਾਂ ਵਿਚੋਂ 58 'ਚ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ ਹਨ। ਵਾਰਡ ਨੰਬਰ 37 ਦੇ ਇਕ ਬੂਥ ਦੀ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ 'ਚ ਤਕਨੀਕੀ ਖ਼ਰਾਬੀ ਆਉਣ ਕਰ ਕੇ ਰਾਜ ਚੋਣ ਕਮਿਸ਼ਨ ਵਲੋਂ ਮੁੜ ਚੋਣ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਜਦਕਿ ਵਾਰਡ ਨੰਬਰ 14 ਦਾ ਨਤੀਜਾ ਅਜੇ ਆਉਣਾ ਹੈ। ਉਨ੍ਹਾਂ ਦਸਿਆ ਕਿ ਨਗਰ ਪੰਚਾਇਤ ਘੱਗਾ 'ਚ ਕਾਂਗਰਸ ਪਾਰਟੀ ਦੇ 8, ਭਾਰਤੀ ਜਨਤਾ ਪਾਰਟੀ ਦੇ 2, ਸ਼੍ਰੋਮਣੀ ਅਕਾਲੀ ਦਲ ਦੇ 1 ਅਤੇ 2 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ।
ਇਸੇ ਤਰ੍ਹਾਂ ਨਗਰ ਪੰਚਾਇਤ ਘਨੌਰ ਦੇ ਕੁਲ 11 ਵਾਰਡਾਂ 'ਚੋਂ ਕਾਂਗਰਸ ਪਾਰਟੀ ਦੇ 5 ਉਮਦੀਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਸਨ। ਜਦਕਿ ਅੱਜ ਐਲਾਨੇ ਗਏ ਨਤੀਜਿਆਂ 'ਚ 5 ਕਾਂਗਰਸ ਅਤੇ 1 ਭਾਜਪਾ ਦੀ ਉਮੀਦਵਾਰ ਜੇਤੂ ਰਹੀ ਹੈ।
ਅੰਮ੍ਰਿਤਸਰ ਤੋਂ ਸੁਖਵਿੰਦਰਜੀਤ ਸਿੰਘ ਬਹੋੜੂ ਅਨੁਸਾਰ : ਅੰਮ੍ਰਿਤਸਰ ਨਗਰ ਨਿਗਮ ਦੀਆਂ ਚੋਣਾਂ 'ਚ 85 ਵਾਰਡਾਂ ਤੋਂ ਅੱਜ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ ਹੈ।
ਕਾਂਗਰਸ ਨੇ 64, ਸ਼੍ਰੋਮਣੀ ਅਕਾਲੀ ਦਲ ਨੇ 7, ਭਾਜਪਾ ਨੇ 6 ਅਤੇ ਅਜ਼ਾਦ ਉਮੀਦਵਾਰਾਂ ਨੇ 8 ਸੀਟਾਂ ਤੇ ਜਿੱਤੀਆਂ ਹਨ। ਕਾਂਗਰਸ ਵਲੋਂ ਜਿੱਤੀਆਂ ਸੀਟਾਂ ਦਾ ਵੇਰਵਾ ਇਸ ਤਰ੍ਹਾਂ ਹੈ ਵਾਰਡ 3 ਤੋਂ ਸ਼ਰਨਜੀਤ ਕੌਰ, ਵਾਰਡ 5 ਤੋਂ ਜਤਿੰਦਰ ਕੌਰ ਸੋਨੀਆ, ਵਾਰਡ 11 ਤੋਂ ਮਮਤਾ ਦੱਤਾ, ਵਾਰਡ 12 ਤੋਂ ਕਰਮਜੀਤ ਸਿੰਘ ਰਿੰਟੂ, ਵਾਰਡ 13 ਤੋਂ ਪਿੰਅਕਾ ਸ਼ਰਮਾ, ਵਾਰਡ 16 ਤੋਂ ਰਾਜਕੰਵਲਪ੍ਰੀਤ ਸਿੰਘ ਲੱਕੀ, ਵਾਰਡ 18 ਤੋਂ ਸੰਦੀਪ ਕੁਮਾਰ ਸ਼ਰਮਾ, ਵਾਰਡ 20 ਤੋਂ ਨਵਦੀਪ ਸਿੰਘ ਹੁੰਦਲ, ਵਾਰਡ 21 ਤੋਂ ਪਰਮਿੰਦਰ ਕੌਰ, ਵਾਰਡ 22 ਤੋਂ ਜਸਵਿੰਦਰ ਸਿੰਘ, ਵਾਰਡ 23 ਤੋਂ ਰਜਿੰਦਰ ਕੌਰ, ਵਾਰਡ 24 ਤੋਂ ਰਜਿੰਦਰ ਸਿੰਘ, ਵਾਰਡ 25 ਤੋਂ ਮਨਦੀਪ ਕੌਰ, ਵਾਰਡ 26 ਤੋਂ ਦਮਨਦੀਪ ਸਿੰਘ, ਵਾਰਡ 27 ਤੋਂ ਮੋਨਿਕਾ ਸ਼ਰਮਾ, ਵਾਰਡ 28 ਜਤਿੰਦਰ ਸਿੰਘ ਮੋਤੀ ਭਾਟੀਆ, ਵਾਰਡ 29 ਤੋਂ ਵਿਜੇ ਮੈਦਾਨ, ਵਾਰਡ 30 ਅਜੀਤ ਸਿੰਘ ਭਾਟੀਆ, ਵਾਰਡ 32 ਤੋਂ ਰਾਜੇਸ਼ ਮੈਦਾਨ, ਵਾਰਡ 39 ਤੋਂ ਪਰਮਜੀਤ ਕੌਰ ਸ਼ੇਰਗਿੱਲ, ਵਾਰਡ 46 ਤੋਂ ਸ਼ੈਲਿੰਦਰ ਸਿੰਘ ਸ਼ੈਲੀ, ਵਾਰਡ 47 ਤੋਂ ਜਤਿੰਦਰ ਕੌਰ, ਵਾਰਡ 49 ਤੋਂ ਮਿਤਾਜਲੀ ਸ਼ਰਮਾ, ਵਾਰਡ 50 ਤੋਂ ਗੁਰਦੀਪ ਸਿੰਘ ਭਲਵਾਨ, ਵਾਰਡ 53 ਤੋਂ ਨੀਤੂ ਟਾਂਗਰੀ, ਵਾਰਡ 54 ਤੋਂ ਸੁਦੇਸ਼ ਕੁਮਾਰ, ਵਾਰਡ 56 ਤੋਂ ਪ੍ਰਮੋਦ ਬੱਬਲਾ, ਵਾਰਡ 58 ਤੋਂ ਯੂਨਸ ਕੁਮਾਰ, ਵਾਰਡ 59 ਤੋਂ ਮੰਜੂ ਮਹਿਰਾ, ਵਾਰਡ 60 ਤੋਂ ਮਹੇਸ਼ ਖੰਨਾ, ਵਾਰਡ 62 ਤੋਂ ਜਗਦੀਪ ਸਿੰਘ ਰਿੰਕੂ ਨਰੂਲਾ, ਵਾਰਡ 66 ਤੋਂ ਸੰਨੀ ਕੁੰਦਰਾ, ਵਾਰਡ 67 ਤੋਂ ਪੂਜਾ ਰਾਣੀ, ਵਾਰਡ 68 ਤੋਂ ਤਾਹਿਰ ਸ਼ਾਹ, ਵਾਰਡ 69 ਤੋਂ ਰੀਨਾ ਚੋਪੜਾ, ਵਾਰਡ 70 ਤੋਂ ਵਿਕਾਸ ਸੋਨੀ, ਵਾਰਡ 72 ਜਗਦੀਸ਼ ਸਿੰਘ, ਵਾਰਡ 73 ਤੋਂ ਤਲਵਿੰਦਰ ਕੌਰ, ਵਾਰਡ 75 ਤੋਂ ਕੰਚਨ ਗੁਲਾਟੀ, ਵਾਰਡ 76 ਤੋਂ ਸੁਖਦੇਵ ਸਿੰਘ ਚਾਹਲ, ਵਾਰਡ 77 ਤੋਂ ਊਸ਼ਾ ਰਾਣੀ, ਵਾਰਡ 80 ਤੋਂ ਸਕੱਤਰ ਸਿੰਘ ਬੱਬੂ, ਵਾਰਡ 81 ਤੋਂ ਸੁਨੀਤਾ, ਵਾਰਡ 83 ਤੋਂ ਰਜਨੀ ਸ਼ਰਮਾ, ਵਾਰਡ 84 ਤੋਂ ਰਮਨ ਬਖਸ਼ੀ ਆਦਿ ਉਮੀਦਵਾਰ ਜੇਤੂ ਰਹੇ ਹਨ। ਇਸੇ ਤਰ੍ਹਾਂ ਭਾਜਪਾ ਦੇ ਜੇਤੂ 7 ਉਮੀਦਵਾਰ ਵਾਰਡ 17 ਤੋਂ ਸੰਧੀਆਂ ਸਿੱਕਾ, ਵਾਰਡ 48 ਤੋਂ ਜਰਨੈਲ ਸਿੰਘ ਢੋਟ, ਵਾਰਡ 74 ਤੋਂ ਦਵਿੰਦਰ ਸਿੰਘ, ਵਾਰਡ 82 ਦੀ ਗਿਣਤੀ ਜਾਰੀ ਹੈ। ਸ਼੍ਰੋਮਣੀ ਅਕਾਲੀ ਦਲ ਦੇ 7 ਜੇਤੂ ਜਿੱਤੇ ਹਨ ਜਿੰਨ੍ਹਾਂ 'ਚ ਵਾਰਡ 1 ਦੀ ਨਗਵੰਤ ਕੌਰ, ਵਾਰਡ 43 ਤੋਂ ਜਸਕਰਨ ਕੌਰ, ਵਾਰਡ 31 ਤੋਂ ਰਣਜੀਤ ਕੌਰ, ਵਾਰਡ 71 ਤੋਂ ਪਰਮਜੀਤ ਕੌਰ, ਵਾਰਡ 78 ਤੋਂ ਸੁਖਬੀਰ ਸਿੰਘ ਸੋਨੀ, ਵਾਰਡ 85 ਤੋਂ ਸੁਰਜੀਤ ਸਿੰਘ ਆਦਿ।  ਅਜ਼ਾਦ ਉਮੀਦਵਾਰ 8 ਜਿੱਤੇ ਹਨ ਜਿੰਨ੍ਹਾਂ 'ਚ ਵਾਰਡ 2 ਤੋਂ ਸੁਰਿੰਦਰ ਚੌਧਰੀ, ਵਾਰਡ 7 ਤੋਂ ਕਾਜਲ, ਵਾਰਡ 15 ਤੋਂ ਪਿੰਕੀ ਸ਼ਰਮਾ, ਵਾਰਡ 54 ਤੋਂ ਅਵਿਨਾਸ਼ ਕੁਮਾਰ ਜੌਲੀ, ਵਾਰਡ 57 ਤੋਂ ਗੁਰਪ੍ਰੀਤ ਕੌਰ, ਵਾਰਡ 61 ਤੋਂ ਕੁਲਬੀਰ ਕੌਰ, ਵਾਰਡ 79 ਤੋਂ ਨਿਸ਼ਾ ਢਿੱਲੋ ਜੇਤੂ ਰਹੇ ਰਹੇ। ਆਮ ਆਦਮੀ ਪਾਰਟੀ ਦਾ ਉਮੀਦਵਾਰ ਕੋਈ ਖਾਤਾ ਨਹੀਂ ਖੋਲ੍ਹ ਸਕਿਆ।
ਮਮਤਾ ਦੱਤਾ, ਰਮਨ ਬਖ਼ਸ਼ੀ, ਕਰਮਜੀਤ ਰਿੰਟੂ,ਕੰਵਲਪ੍ਰੀਤ ਲੱਕੀ ਮੇਅਰ ਬਣਨ ਦੀ ਦੌੜ 'ਚ
ਡੱਬੀ : ਇਹ ਵੀ ਜਿਕਰਯੋਗ ਹੈ ਕਿ ਕਾਂਗਰਸ ਦੇ ਜੇਤੂ ਉਮੀਦਵਾਰ ਕੰਵਲਪ੍ਰੀਤ ਸਿੰਘ ਲੱਕੀ, ਕਰਮਜੀਤ ਸਿੰਘ ਰਿੰਟੂ, ਰਮਨ ਬਖਸ਼ੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੀ ਮਹਿਲਾ ਪ੍ਰਧਾਨ ਮਮਤਾ ਦੱਤਾ ਮੇਅਰ ਬਣਨ ਦੀ ਦੌੜ 'ਚ ਹਨ। ਉਕਤ ਕੰਵਲਪ੍ਰੀਤ ਲੱਕੀ ਵਿਰੋਧੀ ਧਿਰ ਦੇ ਨਿਗਮ ਹਾਊਸ 'ਚ ਨੇਤਾ ਸਨ। ਕਰਮਜੀਤ ਸਿੰਘ ਰਿੰਟੂ ਨੂੰ ਹਲਕਾ ਉੱਤਰੀ ਤੋਂ ਵਿਧਾਨ ਸਭਾ ਚੋਣਾਂ 'ਚ ਟਿਕਟ ਨਾਲ ਦੇਣ ਕਰਕੇ ਮੇਅਰ ਲਈ ਨਿਗਮ ਚੋਣਾਂ 'ਚ ਉਤਾਰਿਆ ਗਿਆ ਹੈ। ਰਮਨ ਬਖ਼ਸ਼ੀ ਸੀਨੀਅਰ ਕਾਂਗਰਸ ਲੀਡਰਸ਼ਿਪ ਦੇ ਨਜ਼ਦੀਕੀ ਹਨ। ਮਮਤਾ ਦੱਤਾ ਮਹਿਲਾਵਾਂ ਦੇ ਕੋਟੇ ਚੋ ਦਾਅਵੇਦਾਰ ਹਨ।  
ਜਲੰਧਰ ਦੇ 66 ਵਾਰਡਾਂ ਵਿਚੋਂ ਕਾਂਗਰਸ ਜਿੱਤੀ
ਜਲੰਧਰ, 17 ਦਸੰਬਰ :  ਜਲੰਧਰ ਦੇ 80 ਵਾਰਡਾਂ ਵਿਚੋਂ ਕਾਂਗਰਸ ਨੇ 66 'ਚ ਜਿੱਤ ਦਰਜ ਕੀਤੀ ਹੈ। ਜਦਕਿ ਭਾਜਪਾ ਨੂੰ 8 ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 4 ਵਾਰਡਾਂ 'ਚ ਜਿੱਤ ਮਿਲੀ ਹੈ। ਆਮ ਆਦਮੀ ਪਾਰਟੀ ਕਿਸੇ ਵਾਰਡ 'ਚ ਜਿੱਤ ਦਰਜ ਕਰਨ 'ਚ ਕਾਮਯਾਬ ਨਹੀਂ ਰਹੀ। ਇਥੋਂ ਦੋ ਆਜ਼ਾਦ ਉਮੀਦਵਾਰ ਵੀ ਜੇਤੂ ਰਹੇ।