ਅਤਿ-ਆਧੁਨਿਕ ਪੁਲਿਸ ਸਿਖਲਾਈ ਲਈ 2 ਕਰੋੜ ਦੀ ਸਾਲਾਨਾ ਗ੍ਰਾਂਟ ਦੇਣ ਦਾ ਐਲਾਨ

ਖ਼ਬਰਾਂ, ਪੰਜਾਬ

ਜਲੰਧਰ/ਫਿਲੌਰ, 28 ਫ਼ਰਵਰੀ (ਪ੍ਰਦੀਪ ਬਸਰਾ/ਰਾਜ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਿਸ ਨੂੰ ਵਰਤਮਾਨ ਸਮੇਂ ਦੀਆਂ ਚੁਨੌਤੀਆਂ ਦੇ ਟਾਕਰੇ ਲਈ ਸਮਰੱਥ ਬਣਾਉਣ ਲਈ ਅਤਿ-ਆਧੁਨਿਕ ਤਰੀਕੇ ਨਾਲ ਉਨਤ ਸਿਖਲਾਈ ਮੁਹਈਆ ਕਰਾਉਣ ਵਾਸਤੇ ਸਾਲਾਨਾ 2 ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ। ਇਹ ਸਿਖਲਾਈ ਕਾਂਸਟੇਬਲ ਤੋਂ ਲੈ ਕੇ ਪੀ.ਪੀ.ਐਸ. ਪੱਧਰ ਦੇ ਅਧਿਕਾਰੀਆਂ ਨੂੰ ਦੇਸ਼ ਅਤੇ ਵਿਦੇਸ਼ ਦੇ ਸਿਖਲਾਈ ਕੇਂਦਰਾਂ ਵਿਚ ਦਿਵਾਈ ਜਾਵੇਗੀ ਤਾਂ ਜੋ ਉਹ ਆਧੁਨਿਕ ਪੁਲਿਸਿੰਗ ਦੀਆਂ ਚੁਨੌਤੀਆਂ ਨਾਲ ਨਿਪਟਣ ਦੇ ਸਮਰੱਥ ਹੋ ਸਕਣ।

ਇਸ ਮੌਕੇ ਮੁੱਖ ਮੰਤਰੀ ਵਲੋਂ ਬਹਾਦਰੀ ਦਿਖਾਉਣ ਲਈ ਇਕ ਪੁਲਿਸ ਮੈਡਲ ਪ੍ਰਦਾਨ ਕੀਤਾ ਅਤੇ ਡਾਇਰੈਕਟਰ ਵਿਜੀਲੈਂਸ ਬੀ.ਕੇ.ਉਪਲ, ਆਈ.ਜੀ. ਗੁਰਪ੍ਰੀਤ ਦਿਓ, ਡੀ.ਆਈ.ਜੀ. ਰਣਬੀਰ ਖੱਟੜਾ, ਵਧੀਕ ਆਈ.ਜੀ.ਅਰੁਣ ਸੈਣੀ ਅਤੇ ਵਧੀਕ ਡੀ.ਜੀ.ਰੋਹਿਤ ਚੌਧਰੀ ਸਮੇਤ ਸੱਤ ਅਧਿਕਾਰੀਆਂ ਨੂੰ ਸ਼ਾਨਦਾਰ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲਾਂ ਨਾਲ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਸ਼ਾਨਦਾਰ ਸੇਵਾਵਾਂ ਲਈ 59 ਪੁਲਿਸ ਮੈਡਲ ਵੀ ਪ੍ਰਦਾਨ ਕੀਤੇ।