ਔਰਤਾਂ ਦੀ ਰਾਖੀ ਦੇ ਹੋਕੇ ਨਾਲ 'ਗਲੋਅ ਮੈਰਾਥਨ' ਸ਼ੁਰੂ

ਖ਼ਬਰਾਂ, ਪੰਜਾਬ

ਚੰਡੀਗੜ੍ਹ, 16 ਸਤੰਬਰ (ਨੀਲ ਭਲਿੰਦਰ ਸਿੰਘ) : ਪ੍ਰਸਿੱਧ ਬਾਲੀਵੁਡ ਫ਼ਿਲਮ 'ਉੜਤਾ ਪੰਜਾਬ' ਨੇ ਜਿਥੇ ਨਸ਼ਿਆਂ 'ਚ ਗ਼ਲਤਾਨ ਪੰਜਾਬ ਦੀ ਬਾਤ ਪਾਈ, ਉਥੇ ਹੀ ਇਸੇ ਨੁਕਤੇ ਨੂੰ ਉਸਾਰੂ ਰਵਈਏ ਨਾਲ ਛੋਹੰਦੇ ਹੋਏ 'ਦੌੜਦਾ ਪੰਜਾਬ' ਨਾਂ ਦੀ ਸਮਾਜਸੇਵੀ ਸੰਸਥਾ ਸਰਗਰਮ ਹੋਈ ਹੈ।
ਅੱਜ ਚੰਡੀਗੜ੍ਹ ਸੁਖਨਾ ਝੀਲ ਦੇ ਕੰਢੇ ਸਿਹਤਮੰਦ ਜਿੰਦਗੀ, ਨਸ਼ਾ ਰਹਿਤ ਜਵਾਨੀ ਅਤੇ ਔਰਤਾਂ ਦੀ ਰਾਖੀ ਦੇ ਹੋਕੇ ਨਾਲ ਚੰਡੀਗੜ੍ਹ 'ਚ 'ਗਲੋਅ ਮੈਰਾਥਨ' ਦਾ ਆਗਾਜ਼ ਕੀਤਾ। 'ਗਲੋਅ ਰਨ' ਦਾ ਇਹ ਤੀਜਾ ਐਡੀਸ਼ਨ ਹੈ, ਜਿਸ ਦਾ ਮੁੱਖ ਈਵੈਂਟ ਆਗਾਮੀ 14 ਅਕਤੂਬਰ ਨੂੰ ਹੋਵੇਗਾ। ਅੱਜ ਇਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਚੰਡੀਗੜ੍ਹ ਪ੍ਰਸ਼ਾਸਨ ਖ਼ਾਸਕਰ ਟੂਰਿਜ਼ਮ ਵਿਭਾਗ ਦੇ ਸਹਿਯੋਗ ਨਾਲ ਇਥੇ ਲੋਕਾਂ ਨੂੰ ਸੱਦਿਆ ਗਿਆ।
'ਦੌੜਦਾ ਪੰਜਾਬ' ਦੇ ਕਰਤਾ-ਧਰਤਾ ਅਤੇ ਨਾਮੀਂ ਕ੍ਰਿਕਟਰ ਗੁਲਜ਼ਾਰ ਚਹਿਲ ਨੇ 'ਸਪੋਕਸਮੈਨ ਟੀ.ਵੀ.' ਨਾਲ ਗੱਲਬਾਤ ਕਰਦੇ ਹੋਏ ਦਸਿਆ ਕਿ ਇਸ ਤੋਂ ਪਹਿਲਾਂ ਉਹ ਪਟਿਆਲਾ ਮੈਰਾਥਨ ਦਾ ਤਜਰਬਾ ਕਰ ਚੱਕੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਵੱਡਾ ਜ਼ੋਰ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨਾ ਹੈ, ਜਿਸ ਲਈ ਅਜਿਹੀਆਂ ਦੌੜਾਂ ਕਰਵਾਉਣਾ ਕਾਫੀ ਢੁਕਵਾਂ ਅਤੇ ਲਾਹੇਵੰਦ ਹੈ।
ਚਹਿਲ ਨੇ ਦਸਿਆ ਕਿ ਪਟਿਆਲਾ ਮੈਰਾਥਨ 'ਚ ਜਿਥੇ ਆਸੇ-ਪਾਸੇ ਦੇ ਪਿੰਡਾਂ ਤੋਂ ਸੈਂਕੜੇ ਨੌਜਵਾਨ ਬੜੇ ਉਤਸ਼ਾਹ ਨਾਲ ਹਿੱਸਾ ਲੈਣ ਪੁੱਜੇ, ਉਥੇ ਹੀ ਹੁਣ ਚੰਡੀਗੜ੍ਹ ਤਲਵੰਡੀ ਸਾਬੋ ਤੋਂ ਦਰਜਨਾਂ ਨੌਜਵਾਨ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਹੀ ਇਕ ਅਜਿਹਾ ਜ਼ਰੀਆ ਹਨ, ਜੋ ਯੂਥ ਨੂੰ ਨਸ਼ਿਆਂ ਅਤੇ ਹੋਰਨਾਂ ਬੁਰੀਆਂ ਅਲਾਮਤਾਂ ਤੋਂ ਦੂਰ ਕਰ ਸਕਦੀਆਂ ਹਨ।
ਪੰਜ ਕਿਲੋਮੀਟਰ ਦੀ ਇਸ ਮੈਰਾਥਨ 'ਚ ਪਿਛਲੇ ਸਾਲ ਰਾਤ ਨੂੰ ਦੋ ਹਜ਼ਾਰ ਦੇ ਕਰੀਬ ਵਲੰਟੀਅਰ ਦੌੜੇ ਸਨ। 'ਰੋਜ਼ਾਨਾ ਸਪੋਕਸਮੈਨ' ਇਸ ਉਪਰਾਲੇ 'ਚ ਬਤੌਰ ਮੀਡੀਆ ਸਹਿਯੋਗੀ ਸ਼ਾਮਲ ਹੈ। ਗੁਲਜ਼ਾਰ ਚਹਿਲ ਦਾ ਕਹਿਣਾ ਹੈ ਕਿ ਉਹ ਇਸ ਈਵੇਂਟ ਨੂੰ ਪਿੰਡਾਂ-ਕਸਬਿਆਂ 'ਚ ਵੀ ਲਿਜਾਉਣ ਦੇ ਇਛੁੱਕ ਹਨ।