ਬੱਚਿਆਂ ਦੀ ਚੰਗੀ ਪਡ਼੍ਹਾਈ ਲਈ ਸਕੂਲਾਂ ਵਿੱਚ ਮੂਰਤੀਆਂ ਲਗਾਉਣ ਦਾ ਫੈਸਲਾ

ਖ਼ਬਰਾਂ, ਪੰਜਾਬ

ਆਪਣੇ ਵਿਦਿਆਰਥੀਆਂ ਨੂੰ ਅੱਗੇ ਵਧਾਉਣ ਦੇ ਉਦੇਸ਼ ਨਾਲ, ਦੱਖਣੀ ਦਿੱਲੀ ਮਿਉਂਸਿਪਲ ਕਾਰਪੋਰੇਸ਼ਨ (ਐਸ.ਡੀ.ਐਮ.ਸੀ.) 582 ਪ੍ਰਾਇਮਰੀ ਸਕੂਲਾਂ ਵਿੱਚ ਦੇਵੀ ਸਰਸਵਤੀ ਦੀ ਮੂਰਤੀ ਸਥਾਪਤ ਕਰਨ ਲਈ ਤਿਆਰੀ ਖਿੱਚ ਰਹੀ ਹੈ। ਇਹ ਫੈਸਲਾ ਮਹੀਨਾਵਾਰ ਮੀਟਿੰਗ ਦੌਰਾਨ ਲਿਆ ਜਾ ਚੁੱਕਿਆ ਹੈ।
ਇਸ ਦੇ ਨਾਲ ਹੀ, ਨਿਗਮ ਨੇ ਇਹ ਵੀ ਐਲਾਨ ਕੀਤਾ ਕਿ ਸ਼ਨੀਵਾਰ ਨੂੰ ਸਕੂਲਾਂ ਵਿੱਚ ਕਿਤਾਬਾਂ ਅਤੇ ਬੈਗ ਲਿਆਉਣਾ ਬੰਦ ਕਰ ਦਿੱਤਾ ਜਾਵੇਗਾ। ਇਸ ਦੀ ਬਜਾਏ, ਵਿਦਿਆਰਥੀਆਂ ਨੂੰ ਭਗਤ ਸਿੰਘ, ਅਬਦੁਲ ਕਲਾਮ ਆਜ਼ਾਦ ਅਤੇ ਗੁਰੂ ਨਾਨਕ ਦੇਵ ਜੀ ਵਰਗੀਆਂ ਪ੍ਰਸਿੱਧ ਹਸਤੀਆਂ 'ਤੇ ਆਧਾਰਿਤ  ਛੋਟੀਆਂ ਫਿਲਮਾਂ ਦਿਖਾਈਆਂ ਜਾਣਗੀਆਂ। ਦੱਖਣੀ ਐਮਸੀਡੀ ਦੇ ਸਕੂਲਾਂ ਵਿੱਚ ਤਕਰੀਬਨ 2.5 ਲੱਖ ਬੱਚੇ ਪਡ਼੍ਹਦੇ ਹਨ ਜਿਹਨਾਂ ਵਿੱਚੋਂ ਜ਼ਿਆਦਾਤਰ ਨਿਚਲੀ ਆਰਥਿਕ ਸ਼੍ਰੇਣੀ ਤੋਂ ਹਨ।  
ਕਿਹਾ ਜਾ ਰਿਹਾ ਹੈ ਕਿ ਸਰਸਵਤੀ ਦੀ ਮੂਰਤੀ ਦੇ ਦਰਸ਼ਨਾਂ ਨਾਲ ਬੱਚੇ ਪਡ਼੍ਹਾਈ ਵਿੱਚ ਬਿਹਤਰ ਹੋਣਗੇ। ਹਿੰਦੂ ਮਤ ਵਿੱਚ ਸਰਸਵਤੀ ਨੂੰ ਗਿਆਨ ਦੀ ਦੇਵੀ ਮੰਨਿਆ ਜਾਂਦਾ ਹੈ। 

ਐਸ.ਡੀ.ਐਮ.ਸੀ. ਦੀ ਕਮੇਟੀ ਦੇ ਚੇਅਰਮੈਨ ਅਨੁਸਾਰ ਇਸ ਲਈ ਕੋਈ ਹੋਰ ਵਾਧੂ ਫੰਡ ਦੀ ਲੋਡ਼ ਨਹੀਂ ਹੈ। ਉਹਨਾਂ ਕਿਹਾ ਇਹਨਾਂ ਮੂਰਤੀਆਂ ਲਈ ਮਾਲੀਏ ਦਾ ਪ੍ਰਬੰਧ ਸਕੂਲ ਆਪਣੇ ਫੰਡਾਂ ਵਿੱਚੋਂ ਕਰ ਸਕਦੇ ਹਨ।
ਸੋਚਣ ਵਾਲੀ ਗੱਲ ਹੈ ਕਿ ਆਖਿਰਕਾਰ ਸਕੂਲਾਂ ਵਿੱਚ ਲੱਗਣ ਵਾਲੀਆਂ ਮੂਰਤੀਆਂ ਦੀ ਕਿੰਨੀ ਕੁ ਲੋਡ਼ ਹੈ ਅਤੇ ਕਿੰਨੀ ਕੁ ਸਾਰਥਕਤਾ ਹੋਵੇਗੀ। ਅਧਿਆਪਕਾਂ ਨੂੰ ਉਹਨਾਂ ਦੀ ਕਾਰਜ ਸ਼ੈਲੀ ਨੂੰ ਬਿਹਤਰ ਬਣਾਉਣ ਲਈ ਪ੍ਰੇਰਿਤ ਕਰਨਾ ਜ਼ਰੂਰੀ ਨਹੀਂ ਸਮਝਿਆ ਜਾ ਰਿਹਾ। ਬੱਚਿਆਂ ਨੂੰ ਪਡ਼੍ਹਾਈ ਨੂੰ ਸ਼ੌਂਕ ਵਜੋਂ ਅਪਨਾਉਣ ਲਈ ਰਚਨਾਤਮਕ ਢੰਗ ਨਾਲ ਸਿਖਾਉਣ ਵਾਲੀਆਂ ਗਤੀਵਿਧੀਆਂ ਅਪਨਾਉਣ ਦੀ ਬਜਾਇ ਮੂਰਤੀਆਂ ਨੂੰ ਦੇਣ ਦੀ ਗੱਲ ਕਹੀ ਜਾ ਰਹੀ ਹੈ।

ਕੀ ਅਧਿਆਪਕਾਂ ਅਤੇ ਸਿੱਖਿਆ ਵਿਭਾਗ ਦੀਆਂ ਪਹਿਲਕਦਮੀਆਂ ਤੋਂ ਬਿਨਾ ਵਿਦਿਆਰਥੀਆਂ ਦੀ ਬਿਹਤਰੀ ਸੰਭਵ ਹੈ ?
ਕੀ ਸਾਲਾਨਾ ਨਤੀਜਿਆਂ ਲਈ ਅਧਿਆਪਕਾਂ ਦੀ ਬਜਾਇ ਇਹਨਾਂ ਕੰਮਾਂ ਨੂੰ ਦਿੱਤਾ ਗਿਆ ਕਰੈਡਿਟ ਸਿੱਖਿਆ ਵਿਭਾਗ ਅਤੇ ਅਧਿਆਪਕਾਂ ਨੂੰ ਮਨਜ਼ੂਰ ਹੋਵੇਗਾ ?
ਕਾਮਯਾਬੀ ਦੀ ਸੂਰਤ ਵਿੱਚ ਕੀ ਅਧਿਆਪਕ ਇਹ ਕਬੂਲ ਕਰਨਗੇ ਕਿ ਜੋ ਪਡ਼੍ਹੇ ਲਿਖੇ ਅਧਿਆਪਕ ਨਹੀਂ ਕਰ ਸਕੇ ਉਹ ਮੂਰਤੀਆਂ ਨੇ ਕਰ ਦਿਖਾਇਆ ?

ਸਕੂਲ ਵਿੱਦਿਆ ਦੇ ਮੰਦਿਰ ਜ਼ਰੂਰ ਹੁੰਦੇ ਹਨ ਪਰ ਇਸਦਾ ਮਤਲਬ ਇਹ ਨਹੀਂ ਕਿ ਇੱਥੇ ਪਡ਼੍ਹਾਈ ਤੋਂ ਜ਼ਿਆਦਾ ਜ਼ੋਰ ਧਾਰਮਿਕ ਕਾਰਜਾਂ 'ਤੇ ਲਗਾਇਆ ਜਾਵੇ। ਧਾਰਮਿਕ ਕਿਰਿਆਵਾਂ ਲਈ ਸਾਡੇ ਕੋਲ ਦੇਵੀ ਦੇਵਤਿਆਂ ਦੇ ਮੰਦਿਰ ਹਨ। ਚੰਗਾ ਹੋਵੇਗਾ ਕਿ ਸਿੱਖਿਆ ਵਿਭਾਗ ਅਤੇ ਅਧਿਆਪਕ ਆਪਣੀਆਂ ਕਾਰਜ ਪ੍ਰਣਾਲੀਆਂ ਨੂੰ ਹੀ ਕਾਰਗਰ ਬਣਾਉਣ।