ਹਵਸ ਦੀ ਭੇਟ ਚਡ਼੍ਹਦੀਆਂ ਛੋਟੀਆਂ ਬੱਚੀਆਂ ਦੀਆਂ ਨਿੱਤ ਦੀਆਂ ਖ਼ਬਰਾਂ ਸਮਾਜ ਦੇ ਮੱਥੇ ਦਾ ਕਲੰਕ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਅਜਿਹੀਆਂ ਹੀ ਇੱਕ ਬੱਚੀ ਦੀਆਂ ਫੋਟੋਆਂ ਨੇ ਹਰ ਕਿਸੇ ਦੇ ਦਿਲ 'ਤੇ ਡੂੰਘਾ ਅਸਰ ਕੀਤਾ ਹੈ। ਇਸ ਲਡ਼ਕੀ ਦਾ ਦਾ ਬਲਾਤਕਾਰ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਹੈ ਅਤੇ ਲਾਸ਼ ਨੂੰ ਜੰਗਲ ਵਿੱਚ ਸੁੱਟਿਆ ਗਿਆ ਹੈ। 6-7 ਸਾਲ ਦੀ ਮਾਸੂਮ ਬੱਚੀ ਸਕੂਲ ਦੀ ਵਰਦੀ ਵਿੱਚ ਹੀ ਹੈ ਇਸ ਦਾ ਮਤਲਬ ਹੈ ਕਿ ਇਸ ਨਾਲ ਇਹ ਘਿਨਾਉਣੀ ਹਰਕਤ ਸਕੂਲ ਨੂੰ ਜਾਂਦੇ ਜਾਂ ਆਉਂਦੇ ਸਮੇਂ ਵਾਪਰੀ ਹੈ।
ਸਾਡੇ ਸਾਰਿਆਂ ਲਈ ਬੇਹੱਦ ਸ਼ਰਮਨਾਕ ਹੈ ਕਿ ਅਜਿਹੀਆਂ ਨੰਨ੍ਹੀਆਂ ਜਾਨਾਂ ਨਾਲ ਅਜਿਹੀ ਵਹਿਸ਼ੀਆਨਾ ਹਰਕਤ ਕਰਨ ਵਾਲੇ ਸਾਡੇ ਵਿੱਚੋਂ ਹੀ ਕੋਈ ਹਨ। ਸਾਨੂੰ ਮੰਨਣਾ ਪਵੇਗਾ ਕਿ ਕਿਤੇ ਨਾ ਕਿਤੇ ਪਰਿਵਾਰ ਵੱਲੋਂ ਸੁਰੱਖਿਆ ਵਿੱਚ ਕੋਈ ਕਮੀ ਰਹਿ ਜਾਂਦੀ ਹੈ ਜਿਸਦਾ ਸ਼ੈਤਾਨਾਂ ਵੱਲੋਂ ਫਾਇਦਾ ਚੁੱਕਿਆ ਜਾਂਦਾ ਹੈ। ਨਿੱਤ ਵਾਪਰਦੀਆਂ ਘਟਨਾਵਾਂ ਕਾਰਨ ਮਾਂ-ਬਾਪ ਦਾ ਫਰਜ਼ ਹੈ ਕਿ ਬੱਚਿਆਂ ਦੀ ਸੁਰੱਖਿਆ ਵਿੱਚ ਕਿਸੇ ਕਿਸਮ ਦੀ ਚੂਕ ਨਾ ਛੱਡੀ ਜਾਵੇ।
ਇਸ ਮਾਮਲੇ ਵਿੱਚ ਸਕੂਲ ਪ੍ਰਸ਼ਾਸਨ ਵੀ ਬਰਾਬਰ ਦਾ ਜ਼ਿੰਮੇਵਾਰ ਹੈ ਅਤੇ ਸਕੂਲ ਪ੍ਰਸ਼ਾਸਨ ਨੂੰ ਇਸ ਬਾਰੇ ਲੋਡ਼ੀਂਦੀਆਂ ਸਖਤ ਕਾਰਵਾਈਆਂ ਕਰਨੀਆਂ ਚਾਹੀਦੀਆਂ ਹਨ ਅਤੇ ਜ਼ਿਕਰ ਕਰਨਾ ਬਣਦਾ ਹੈ ਕਿ ਸਕੂਲ ਪ੍ਰਸ਼ਾਸਨ ਇਸ ਮਾਮਲੇ ਵਿੱਚ ਅਕਸਰ ਫੇਲ੍ਹ ਸਾਬਿਤ ਹੁੰਦਾ ਹੈ ਜਿਸ ਦੀਆਂ ਉਦਾਹਰਨਾਂ ਅਖਬਾਰਾਂ ਦੀਆਂ ਹੈਡਲਾਇਨਾਂ ਰੋਜ਼ ਬਣਦੀਆਂ ਹਨ। ਦਿੱਲੀ ਪ੍ਰਦਿਉਮਨ ਕਾਂਡ, ਪੰਜਾਬ ਵਿੱਚ ਸਕੂਲੀ ਬੱਚਿਆਂ ਵਿਚਕਾਰ ਗੁੰਡਾਗਰਦੀ ਅਤੇ ਛੋਟੀਆਂ ਬੱਚੀਆਂ ਨਾਲ ਬਲਾਤਕਾਰ। ਬੱਚਿਆਂ ਦੀ ਸੁਰੱਖਿਆ ਘਰ ਅਤੇ ਬਾਹਰ ਹਰ ਥਾਂ ਯਕੀਨੀ ਬਣਾਉਣੀ ਬਡ਼ੀ ਜ਼ਰੂਰੀ ਹੈ।