ਅੰਮ੍ਰਿਤਸਰ, 14 ਦਸੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਅਕਾਲੀ ਦਲ ਦੇ 97ਵੇਂ ਸਥਾਪਨਾ ਦਿਵਸ ਮੌਕੇ ਪੰਥਕ ਤੇ ਸਿਆਸੀ ਹਲਕਿਆਂ 'ਚ ਚਰਚਾ ਛਿੜੀ ਰਹੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਮੁੜ ਪੰਥਕ ਏਜੰਡਾ ਅÎਪਣਾਉਣ ਦੀ ਨੀਂਹ ਰੱਖੀ ਹੈ। ਪੰਜਾਬ ਵਿਧਾਨ ਸਭਾ ਚੋਣਾਂ 'ਚ ਲੱਕ ਤੋੜ ਹਾਰ ਮਿਲਣ ਬਾਅਦ ਅੱਜ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਕਰੀਬ 20 ਸਾਲਾਂ ਬਾਅਦ ਇਹ ਕਾਨਫਰੰਸ ਕੀਤੀ ਗਈ, ਜਿਥੋਂ ਸਰਕਾਰਾਂ ਦੀਆਂ ਵਧੀਕੀਆਂ Îਵਿਰੁਧ ਮੋਰਚੇ ਲਗਦੇ ਰਹੇ ਹਨ। ਪੰਥਕ ਹਲਕਿਆਂ ਅਨੁਸਾਰ ਅੰਮ੍ਰਿਤਸਰ ਸਥਿਤ ਸ਼੍ਰੋਮਣੀ ਅਕਾਲੀ ਦਲ ਦਾ ਦਫਤਰ 33 ਸਾਲ ਪਹਿਲਾਂ ਸਾਲ 1984 'ਚ ਬੰਦ ਕਰ ਕੇ ਚੰਡੀਗੜ੍ਹ ਸ਼ਿਫ਼ਟ ਕਰ ਦਿਤਾ ਸੀ ਪਰ ਸੱਤਾਹੀਣ ਹੋਣ ਬਾਅਦ ਮੁੜ ਅੰਮ੍ਰਿਤਸਰ ਵਿਖੇ ਦਫ਼ਤਰ ਖੋਲ੍ਹਣ ਦਾ ਐਲਾਨ ਇਸ ਕਰ ਕੇ ਕੀਤਾ ਗਿਆ ਤਾਕਿ ਦਰਬਾਰ ਸਾਹਿਬ ਆਉਂਦੇ ਸਿੱਖਾਂ ਨੂੰ ਦਸਿਆ ਜਾ ਸਕੇ ਕਿ ਬਾਦਲ ਅਕਾਲੀ ਦਲ ਅਜੇ ਵੀ ਪੰਥਕ ਪਾਰਟੀ ਹੈ। ਬਾਦਲਾਂ 'ਤੇ ਦੋਸ਼ ਲੱਗ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਧਾਰਮਕ ਤੇ ਸਿਆਸੀ ਵਜੂਦ ਖ਼ਤਮ ਕਰ ਕੇ ਪੰਜਾਬੀ ਪਾਰਟੀ ਵਜੋਂ ਉਭਾਰਿਆ ਗਿਆ। ਹੁਣ ਜਦ ਪੰਥ ਤੋਂ ਸ਼੍ਰੋਮਣੀ ਅਕਾਲੀ ਦਲ ਦੂਰ ਚਲਾ ਗਿਆ ਹੈ ਤਾਂ ਹੁਣ ਇਨ੍ਹਾਂ ਨੇ ਦੁਬਾਰਾ ਗੁਰਦੁਆਰਿਆਂ ਦੀ ਸ਼ਰਨ ਲੈਣ ਦੀ ਰਣਨੀਤੀ ਘੜੀ ਹੈ। ਸਿੱਖ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਤੋਂ ਦੂਰ ਹੋ ਚੁੱਕਾ ਹੈ। ਬਾਦਲਾਂ ਨੇ ਪੰਥਕ ਮੁੱਦੇ ਪਹਿਲਾਂ ਤਿਆਗ ਦਿਤੇ ਸਨ। ਸੱਤਾਹੀਣ ਹੋਣ ਤੋਂ ਬਾਅਦ ਮੁੜ ਪੰਥ ਦੀ ਯਾਦ ਆਈ ਹੈ। ਨੌਜਵਾਨੀ ਨੂੰ ਅਕਾਲੀ ਦਲ ਨਾਲ ਜੋੜਨ ਲਈ ਉਪਰਾਲੇ ਸ਼ੁਰੂ ਕੀਤੇ ਜਾ ਰਹੇ ਹਨ। ਅੱਜ ਦੇ ਇਜਲਾਸ 'ਚ ਸਿਆਸੀ ਬੁਲਾਰਿਆਂ ਬਲਵਿੰਦਰ ਸਿੰਘ ਭੂੰਦੜ, ਸੁਖਦੇਵ ਸਿੰਘ ਢੀਂਡਸਾ, ਮਨਜੀਤ ਸਿੰਘ ਜੀ ਕੇ ਪ੍ਰਧਾਨ ਦਿੱਲੀ ਕਮੇਟੀ, ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਰਣਜੀਤ ਸਿੰਘ ਬ੍ਰਹਮਪੁਰਾ ਨੇ ਹੀ ਸੰਬੋਧਨ
ਕੀਤਾ। ਇਨ੍ਹਾਂ ਬੁਲਾਰਿਆਂ ਚੋ ਰਣਜੀਤ ਸਿੰਘ ਬ੍ਰਹਮਪੁਰਾ ਨੇ ਅਪਣੇ ਸੁਭਾਅ ਮੁਤਾਬਕ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਏ ਦਲ-ਬਦਲੂਆਂ ਨੂੰ ਨਿਸ਼ਾਨੇ 'ਤੇ ਲਿਆ ਅਤੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਜ਼ੋਰ ਦਿਤਾ ਕਿ ਉਹ ਭਵਿੱਖ ਵਿਚ ਅਜਿਹੇ ਮੌਕਾਪ੍ਰਸਤਾਂ ਤੋਂ ਸੁਚੇਤ ਰਹਿਣ ਜੋ ਸੱਤਾ ਹੰਢਾਉਣ ਤੋਂ ਬਾਅਦ ਲਭਦੇ ਨਹੀਂ। ਬਲਵਿੰਦਰ ਸਿੰਘ ਭੂੰਦੜ ਨੇ ਪਤਿਤਪੁਣੇ ਵਿਰੁਧ ਆਵਾਜ਼ ਬੁਲੰਦ ਕੀਤੀ। ਅੱਜ ਦੇ ਇਕੱਠ ਵਿਚ ਟਕਸਾਲੀ ਅਕਾਲੀ ਹੀ ਜ਼ਿਆਦਾ ਵਿਖਾਈ ਦਿਤੇ। ਦੀਵਾਨ ਹਾਲ 'ਚ ਸਿੱਖ ਨੌਜਵਾਨਾਂ ਦੀ ਸ਼ਮੂਲੀਅਤ ਘੱਟ ਸੀ। ਇਸ ਮੌਕੇ ਮਾਸਟਰ ਤਾਰਾ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪਹਿਲੇ ਪ੍ਰਧਾਨ ਸਰਮੁਖ ਸਿੰਘ ਝਬਾਲ ਨੂੰ ਵੀ ਯਾਦ ਕੀਤਾ ਗਿਆ। ਬਿਕਰਮ ਸਿੰਘ ਮਜੀਠੀਆ ਦੀਵਾਨ ਹਾਲ 'ਚ ਕੁੱਝ ਦੇਰੀ ਨਾਲ ਹੀ ਪੁੱਜੇ। ਪੰਥਕ ਤੇ ਸਿਆਸੀ ਹਲਕੇ ਇਹ ਮੰਨ ਕੇ ਚਲ ਰਹੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਤੇ ਅਕਾਲੀ ਵਰਕਰਾਂ 'ਚ ਕੋਈ ਉਤਸ਼ਾਹੀ ਨਹੀਂ ਸੀ। ਹਾਜ਼ਰੀ ਘੱਟ ਹੋਣ ਤੋਂ ਸਪੱਸ਼ਟ ਹੁੰਦਾ ਹੈ ਕਿ ਹੇਠਲੇ ਪੱਧਰ ਤੇ ਵਰਕਰਾਂ ਤਕ ਪਹੁੰਚ ਘੱਟ ਕੀਤੀ ਗਈ ਜਾਂ ਉਨ੍ਹਾਂ ਇਸ ਕਾਨਫ਼ਰੰਸ ਤੋਂ ਦੂਰੀ ਬਣਾ ਕੇ ਰੱਖੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਅੱਜ ਦੇ ਪੱਤਰਕਾਰ ਸੰਮੇਲਨ 'ਚ ਇਹ ਦੱਸਣ 'ਚ ਅਸਫ਼ਲ ਰਹੇ ਕਿ ਸ਼੍ਰੋਮਣੀ ਅਕਾਲੀ ਦਲ ਸੈਕੂਲਰ ਹੈ ਜਾਂ ਪੰਥਕ ਪਾਰਟੀ ਹੈ। ਇਹ ਵੀ ਜ਼ਿਕਰਯੋਗ ਹੈ ਕਿ ਕਾਨੂੰਨੀ ਅੜਚਣਾਂ ਤੋਂ ਬੱਚਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋÎ ਇਸ ਨੂੰ ਧਰਮ ਨਿਰਪੱਖ ਵੀ ਦਸ ਰਿਹਾ ਹੈ ਪਰ ਪੰਥਕ ਹਲਕਿਆਂ 'ਚ ਸਿੱਖਾਂ ਦਾ ਧਰਮ ਤੇ ਸਿਆਸਤ ਇਕੱਠੀ ਕਿਹਾ ਜਾਂਦਾ ਹੈ ਕਿ ਇਹ ਮੀਰੀ ਪੀਰੀ ਦੇ ਸਿਧਾਂਤ ਅਨੁਸਾਰ ਹੈ। ਡੇਰਾ ਸੌਦਾ ਸਾਧ ਤੇ ਨਿਰਭਰ ਰਹੇ ਅਕਾਲੀ ਆਗੂ ਮੁੜ ਪੰਥ ਦੀ ਦੁਹਾਈ ਤੇ ਸਰਕਾਰੀਆਂ ਵਧੀਕੀਆਂ ਦਾ ਰਾਗ ਅਲਾਪਣ ਲੱਗੇ ਹਨ। ਪਿੰਡਾਂ, ਕਸਬਿਆਂ 'ਚ ਵੀ ਅਕਾਲੀ ਦਲ ਦੇ ਸਥਾਪਨਾ ਦਿਵਸ ਬਾਰੇ ਜਿਆਦਾਤਰ ਲੋਕਾਂ ਤੇ ਸਿੱਖਾਂ ਕੋਈ ਦਿਲਚਸਪੀ ਨਹੀਂ ਵਿਖਾਈ।