ਬਾਦਲਾਂ ਨੇ ਵਪਾਰ ਵਾਂਗ ਸਰਕਾਰ ਚਲਾਈ, ਉਹੀ ਰਾਹ ਮੋਦੀ ਨੇ ਫੜਿਆ: ਜਾਖੜ

ਖ਼ਬਰਾਂ, ਪੰਜਾਬ

ਗੁਰਦਾਸਪੁਰ, 7 ਅਕਤੂਬਰ (ਹੇਮੰਤ ਨੰਦਾ): ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੇ ਬਾਦਲਾਂ 'ਤੇ ਵਰ੍ਹਦਿਆਂ ਕਿਹਾ ਹੈ ਕਿ ਇਨ੍ਹਾਂ ਨੇ 10 ਸਾਲ ਸਰਕਾਰ ਨੂੰ ਨਿਜੀ ਜਗੀਰ ਵਜੋਂ ਚਲਾਇਆ ਅਤੇ ਸਰਕਾਰ ਦੇ ਖ਼ਜ਼ਾਨੇ ਨੂੰ ਖੋਰਾ ਲਾ ਕੇ ਅਪਣੀਆਂ ਤਿਜੌਰੀਆਂ ਭਰੀਆਂ।
ਅੱਜ ਇਥੇ ਅਨਾਜ ਮੰਡੀ ਆੜ੍ਹਤੀਆ ਐਸੋਸੀਏਸ਼ਨ ਨਾਲ ਇਕ ਮੀਟਿੰਗ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਬਾਦਲਾਂ ਨੇ ਕਦੇ ਵੀ ਸੂਬੇ ਦਾ ਭਲਾ ਕਰਨ ਵਿਚ ਕੋਈ ਦਿਲਚਸਪੀ ਨਹੀਂ ਵਿਖਾਈ ਸਗੋਂ 10 ਸਾਲ ਅਪਣੇ ਕਾਰੋਬਾਰ ਨੂੰ ਵਧਾਉਣ 'ਤੇ ਹੀ ਲਾ ਦਿਤੇ। 

ਮੋਦੀ ਸਰਕਾਰ ਦੀਆਂ ਕਿਸਾਨ ਤੇ ਗ਼ਰੀਬ ਵਿਰੋਧੀ ਨੀਤੀਆਂ ਦਾ ਜ਼ਿਕਰ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਜਿਹੜੇ ਮੁਲਕ ਵਿਚ ਹਕੂਮਤ ਕਰਨ ਵਾਲੇ ਵਪਾਰੀ ਬਣ ਜਾਣ, ਉਸ ਮੁਲਕ ਵਿਚ ਆਮ ਲੋਕਾਂ ਦੀ ਦਸ਼ਾ ਭਿਖਾਰੀਆਂ ਵਾਲੀ ਬਣ ਜਾਵੇਗੀ। ਮੋਦੀ ਸਰਕਾਰ ਨੂੰ ਸਨਅਤਕਾਰਾਂ ਤੇ ਵਪਾਰਕ ਘਰਾਣਿਆਂ ਦੀ ਸਰਕਾਰ ਦਸਦਿਆਂ ਪੰਜਾਬ ਕਾਂਗਰਸ ਪ੍ਰਧਾਨ ਨੇ ਆਖਿਆ ਕਿ ਆਲਮੀ ਪੱਧਰ 'ਤੇ ਤੇਲ ਦੀਆਂ ਕੀਮਤਾਂ ਹੇਠਾਂ ਡਿੱਗਣ ਦੇ ਬਾਵਜੂਦ ਭਾਰਤ ਵਿਚ ਪਟਰੌਲ ਤੇ ਡੀਜ਼ਲਾਂ ਦੀਆਂ ਕੀਮਤਾਂ ਚੜ੍ਹ ਰਹੀਆਂ ਹਨ। ਅੱਜ ਸ੍ਰੀ ਜਾਖੜ ਵਲੋਂ ਮੀਟਿੰਗਾਂ ਅਤੇ ਰੈਲੀਆਂ ਕਰ ਕੇ ਪੂਰਾ ਦਿਨ ਹਲਕੇ ਦੀ ਚੋਣ ਮੁਹਿੰਮ ਭਖਾਈ ਰੱਖੀ ਅਤੇ ਉਨ੍ਹਾਂ ਨਾਲ ਕਈ ਕਾਂਗਰਸ ਵਿਧਾਇਕ ਤੇ ਹੋਰ ਪਾਰਟੀ ਲੀਡਰ ਹਾਜ਼ਰ ਸਨ।