ਚੰਡੀਗੜ੍ਹ, 18 ਜਨਵਰੀ (ਨੀਲ ਭਲਿੰਦਰ ਸਿਂੰਘ): ਗੁਰੂ ਗ੍ਰੰਥ ਸਾਹਿਬ ਦੀ ਬਰਗਾੜੀ 'ਚ ਹੋਈ ਬੇਅਦਬੀ ਦੇ ਪ੍ਰਤੀਕਰਮ ਵਜੋਂ ਰੋਸ ਪ੍ਰਗਟਾ ਰਹੀ ਸੰਗਤ ਉਤੇ ਵਾਪਰੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਤਹਿਤ ਵੱਡੇ ਪ੍ਰਗਟਾਵੇ ਹੋਏ ਹਨ। ਕੇਂਦਰੀ ਫ਼ੋਰੈਂਸਿਕ ਲੈਬਾਰਟਰੀ ਦੀ ਹਾਲੀਆ ਰੀਪੋਰਟ ਮੁਤਾਬਕ ਇਸ ਗੋਲੀ ਕਾਂਡ ਦੇ ਇਕ ਸ਼ਹੀਦ ਦੀ ਦੇਹ 'ਚੋਂ ਨਿਕਲੀ ਗੋਲੀ ਨਾਲ ਵੱਡੀ ਸਾਜ਼ਸ਼ ਤਹਿਤ ਛੇੜਛਾੜ ਕੀਤੀ ਗਈ ਹੈ। ਹਾਲਾਂਕਿ ਨਵੀਂ ਪੰਜਾਬ ਸਰਕਾਰ ਵਲੋਂ ਗਠਤ ਸਾਬਕਾ ਜਸਟਿਸ ਰਣਜੀਤ ਸਿਂੰਘ ਰੰਧਾਵਾ ਵਾਲੇ ਜਾਂਚ ਕਮਿਸ਼ਨ ਨੇ ਇਸ ਬਾਬਤ ਪੰਜਾਬ ਦੇ ਵਧੀਕ ਮੁੱਖ ਸਕੱਤਰ, ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਨੂੰ ਇਕ ਪੱਤਰ ਲਿਖ ਕੇ (ਨਕਲ ਰੋਜ਼ਾਨਾ ਸਪੋਕਸਮੈਨ ਕੋਲ ਮੌਜੂਦ) ਡੀਜੀਪੀ ਪੰਜਾਬ ਰਾਹੀਂ ਕਿਸੇ ਯੋਗ ਅਧਿਕਾਰੀ ਕੋਲੋਂ ਇਸ ਮਾਮਲੇ ਦੀ ਬਾਰੀਕੀ ਅਤੇ ਸਖ਼ਤੀ ਨਾਲ ਜਾਂਚ ਕਰਨ ਲਈ ਕਿਹਾ ਹੈ। ਪਰ ਅਸਲਾ ਮਾਹਰਾਂ ਅਤੇ ਅਤਿ ਭਰੋਸੇਯੋਗ ਅੰਦਰੂਨੀ ਸੂਤਰਾਂ ਨੇ ਬੜੀ ਹੀ ਪੁਖ਼ਤਾ ਅਤੇ ਤਕਨੀਕੀ ਮੁਹਾਰਤ ਨਾਲ ਗੋਲੀ ਨਾਲ ਛੇੜਛਾੜ ਹੋਈ ਹੋਣ ਦਾ ਖ਼ਦਸ਼ਾ ਪ੍ਰਗਟ ਕੀਤਾ ਹੈ। ਮਾਹਰਾਂ ਮੁਤਾਬਕ 'ਬੰਦੂਕ ਤੋਂ ਗੋਲੀ ਫ਼ਾਇਰ ਹੁੰਦਿਆਂ ਹੀ ਇਸ ਉਤੇ ਪੈਣ ਵਾਲੀਆਂ ਝਰੀਟਾਂ ਵੱਡਾ ਸਬੂਤ ਹੁੰਦੀਆਂ ਹਨ।' ਜਾਣਕਾਰੀ ਮੁਤਾਬਕ ਇਸ ਕੇਸ 'ਚ ਅਜਿਹੇ ਮਾਮਲਿਆਂ ਦੇ ਪੁਰਾਣੇ ਕਿਸੇ ਤਜਰਬੇਕਾਰ ਜਾਣਕਾਰ ਦੀ ਰਹਿਨੁਮਾਈ ਤਹਿਤ ਇਹ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਪਦੀ ਹੈ ਕਿ 'ਗੋਲੀ ਐਸਐਲਆਰ 'ਚੋਂ ਹੀ ਚਲੀ?' ਗੋਲੀ ਦੀ ਕਿਸਮ ਤੋਂ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਐਸਐਲਆਰ 7.62 ਹੀ ਹੈ। ਅਜਿਹੇ ਮਾਮਲਿਆਂ ਦੇ ਇਕ ਅੰਦਰੂਨੀ ਜਾਣਕਾਰ ਨੇ ਪਛਾਣ ਨਾ ਪ੍ਰਗਟ ਕਰਨ ਦੇ ਇਰਾਦੇ ਨਾਲ ਪ੍ਰਗਟਾਵਾ ਕੀਤਾ ਕਿ ਮੋਟੇ ਤੌਰ ਉਤੇ ਜਦੋਂ ਗੋਲੀ ਏਕੇ -47 (ਐਵਟੋਮੇਟ ਕਲਾਸ਼ਨੀਕੋਵ) ਗਨ 'ਚੋਂ ਫ਼ਾਇਰ ਕੀਤੀ ਜਾਂਦੀ ਹੈ ਤਾਂ ਨਿਕਲਣ ਵਾਲੇ ਬੁਲਟ ਉਤੇ 6 ਝਰੀਟਾਂ (ਗਰੂਵ) ਪੈਂਦੀਆਂ ਹਨ ਜਦਕਿ ਜਦੋਂ ਗੋਲੀ ਐਸਐਲਆਰ (ਸੈਲਫ਼ ਲੋਡਿੰਗ ਰਾਈਫਲ) 'ਚੋਂ ਫ਼ਾਇਰ ਕੀਤੀ ਜਾਂਦੀ ਹੈ ਤਾਂ ਬੁਲੇਟ ਉਤੇ ਚਾਰ ਝਰੀਟਾਂ ਪੈਂਦੀਆਂ ਹਨ। ਇਹ ਦੋਵੇਂ ਕਿਸਮ ਦੇ ਹਥਿਆਰ ਪੰਜਾਬ ਪੁਲਿਸ ਦੇ ਅਧਿਕਾਰਤ ਹਥਿਆਰ ਹਨ।
ਅੰਦਰੂਨੀ ਸੂਤਰਾਂ ਮੁਤਾਬਕ 14 ਅਕਤੂਬਰ 2015 ਨੂੰ ਬਹਿਬਲ ਕਲਾਂ ਵਿਖੇ ਸਿੱਖ ਸੰਗਤ ਦੇ ਰੋਸ ਪ੍ਰਦਰਸ਼ਨ ਮੌਕੇ ਤਾਇਨਾਤ ਪੁਲਿਸ ਬਲ ਕੋਲ 7.62 ਐਸਐਲਆਰ ਸਨ ਜਦਕਿ ਮੌਕੇ ਉਤੇ ਮੌਜੂਦ ਅਧਿਕਾਰੀਆਂ ਦੇ ਗਨਮੈਨ ਕੋਲ ਏਕੇ-47। ਦਸਣਯੋਗ ਹੈ ਕਿ ਗੋਲੀ ਸਮਰੱਥ ਅਧਿਕਾਰੀ ਦੇ ਹੁਕਮਾਂ ਬਗ਼ੈਰ ਨਹੀਂ ਚਲਾਈ ਜਾ ਸਕਦੀ ਪਰ ਫਿਰ ਵੀ ਬਹਿਬਲ ਕਲਾਂ 'ਚ ਗੋਲੀ ਚਲੀ ਤੇ ਦੋ ਵਿਅਕਤੀ ਮਰ ਗਏੇ। ਹੁਣ ਇਸ ਮਾਮਲੇ 'ਚ ਪੰਜਾਬ ਪੁਲਿਸ ਦੀ ਮੁਢਲੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਚ ਆ ਗਈ ਹੈ। ਇਹ ਗੋਲੀ ਲਾਸ਼ 'ਚੋਂ ਕਢਣ ਮਗਰੋਂ ਜਾਂਚ ਹਿਤ ਪਹਿਲਾਂ ਪੰਜਾਬ ਦੀ ਫੋਰੈਂਸਕ ਲੈਬਾਰਟਰੀ ਭੇਜੀ ਗਈ। ਸਟੇਟ ਲੈਬ ਵਾਲਿਆਂ ਨੇ ਜਾਂਚ ਹਿਤ ਆਈਆਂ ਐਸਐਲਆਰ ਨੂੰ ਇਕ ਤਰ੍ਹਾਂ ਨਾਲ ਕਲੀਨ ਚਿਟ ਦੇ ਦਿਤੀ। ਦਸਿਆ ਜਾ ਰਿਹਾ ਹੈ ਕਿ ਲਾਸ਼ 'ਚੋਂ ਨਿਕਲੀ ਗੋਲੀ ਉਤੇ ਝਰੀਟਾਂ ਦੀ ਗਿਣਤੀ ਹੀ ਅਜਿਹੀ ਹੈ ਕਿ ਐਸਐਲਆਰ ਅਤੇ ਏਕੇ 47 'ਚੋਂ ਨਿਕਲੀ ਹੋਣ ਬਾਰੇ ਤਾਂ ਕੀ ਅਜਿਹੇ ਕਿਸੇ ਹੋਰ ਹਥਿਆਰ 'ਚੋਂ ਨਿਕਲੀ ਹੋਣ ਬਾਰੇ ਹੀ ਥਾਹ ਪਾਉਣੀ ਮੁਸ਼ਕਲ ਹੋ ਗਈ ਹੈ। ਇਸ ਮਾਮਲੇ 'ਚ ਪੰਜਾਬ ਪੁਲਿਸ ਦੀ ਮੁਢਲੀ ਕਾਰਗੁਜ਼ਾਰੀ ਹੀ ਬੁਰੀ ਤਰ੍ਹਾਂ ਸ਼ੱਕ ਦੇ ਘੇਰੇ 'ਚ ਆ ਚੁਕੀ ਹੈ, ਕਿਉਂਕਿ ਲਾਸ਼ 'ਚੋਂ ਗੋਲੀ ਕਢਣ ਅਤੇ ਫ਼ੋਰੈਂਸਿਕ ਲੈਬਾਰਟਰੀ ਤਕ ਪੁਜਦੀ ਕਰਨ ਦਾ 'ਸਫਰ' ਪੁਲਿਸ ਨੇ ਨਿਭਾਇਆ ਹੈ। ਸ਼ਾਇਦ ਇਹੋ ਕਾਰਨ ਹੈ ਇਸ ਮਾਮਲੇ ਦੀ ਜਾਂਚ ਹਿਤ ਪਿਛਲੇ ਦੋ ਸਾਲਾਂ ਵਿਚ ਦੋ ਨਿਆਂ ਕਮਿਸ਼ਨ ਬਣੇ, ਪਰ ਹੁਣ ਤਕ ਗੋਲੀ ਚਲਾਉਣ ਵਾਲਿਆਂ ਦੀ ਪਹਿਚਾਣ ਨਹੀਂ ਹੋ ਸਕੀ। ਕੇਸ ਦਾ ਸੱਭ ਤੋਂ ਅਹਿਮ ਸਬੂਤ ਮ੍ਰਿਤਕਾਂ ਦੇ ਸਰੀਰ ਵਿਚੋਂ ਮਿਲੀਆਂ ਇਹ ਗੋਲੀਆਂ ਹੀ ਸਨ, ਜਿਨ੍ਹਾਂ ਨਾਲ ਸਬੰਧਤ ਹਥਿਆਰ ਅਤੇ ਫਿਰ ਗੋਲੀ ਚਲਾਉਣ ਵਾਲੇ ਦਾ ਪਤਾ ਲੱਗ ਸਕਦਾ। ਹੁਣ ਚੰਡੀਗੜ੍ਹ ਸਥਿਤ ਕੇਂਦਰੀ ਫ਼ੋਰੈਂਸਿਕ ਸਾਇੰਸ ਲੈਬ ਨੇ ਜਾਂਚ ਕਮਿਸ਼ਨ ਨੂੰ ਦਿਤੀ ਰੀਪੋਰਟ ਵਿਚ ਸਾਫ਼ ਕਿਹਾ ਹੈ ਕਿ ਜੋ ਗੋਲੀਆਂ ਜਾਂਚ ਨੂੰ ਭੇਜੀਆਂ ਗਈਆਂ, ਉਹ ਸਰਕਾਰੀ ਐਸਐਲਆਰ ਵਿਚੋਂ ਹੀ ਚਲੀਆਂ ਸਨ, ਪਰ ਕਿਸੇ ਨੂੰ ਕਹਿਣਾ ਬਹੁਤ ਮੁਸ਼ਕਲ ਹੈ ਕਿਉਂਕਿ ਗੋਲੀਆਂ ਨਾਲ ਛੇੜਛਾੜ ਕਰ ਦਿਤੀ ਹੈ। ਦਸਣਯੋਗ ਹੈ ਕਿ ਇਸ ਮਾਮਲੇ ਤਹਿਤ 12 ਅਕਤੂਬਰ 2015 ਨੂੰ ਕੋਟਕਪੂਰਾ ਦੇ ਬਰਗਾੜੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ। 14 ਅਕਤੂਬਰ 2015 ਨੂੰ ਬੇਅਦਬੀ ਦੇ ਰੋਸ ਵਿਚ ਪਿੰਡ ਬਹਿਬਲ ਕਲਾਂ ਵਿਚ ਸੜਕ 'ਤੇ ਸ਼ਾਂਤਮਈ ਧਰਨਾ ਦੇ ਰਹੇ ਲੋਕਾਂ 'ਤੇ ਪੁਲਿਸ ਨੇ ਫਾਇਰਿੰਗ ਕਰ ਦਿਤੀ। ਫ਼ਾਇਰਿੰਗ ਵਿਚ ਗੁਰਜੀਤ ਸਿੰਘ ਨਿਵਾਸੀ ਸਰਾਵਾਂ, ਕ੍ਰਿਸ਼ਨ ਭਗਵਾਨ ਸਿਂੰਘ ਨਿਵਾਸੀ ਨਿਆਮੀਵਾਲਾ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਜ਼ਖ਼ਮੀ ਹੋਏ ਸਨ।
'ਰਾਜ ਫ਼ੋਰੈਂਸਿਕ ਲੈਬਾਰਟਰੀ ਦੀ ਭੂਮਿਕਾ ਗੁਰਦਾਸਪੁਰ ਗੋਲੀਕਾਂਡ ਵੇਲੇ ਵੀ ਰਹਿ ਚੁਕੀ ਹੈ ਸ਼ੱਕੀ'
ਦਸਣਯੋਗ ਹੈ ਕਿ ਇਸ ਤੋਂ ਪਹਿਲਾਂ ਗੁਰਦਾਸਪੁਰ ਵਿਖੇ ਵਾਪਰੇ ਇਕ ਅਜਿਹੇ ਹੀ ਗੋਲੀ ਕਾਂਡ 'ਚ ਅਜਿਹੀ ਹੀ ਸਥਿਤੀ ਸਾਹਮਣੇ ਆ ਚੁਕੀ ਹੈ। ਜਿਸ ਤਹਿਤ ਵੀ ਜਸਪਾਲ ਨਾਮੀਂ ਇਕ ਸਿੱਖ ਨੌਜਵਾਨ ਦੀ ਮੌਤ ਹੋ ਗਈ ਸੀ। ਹਾਈ ਕੋਰਟ 'ਚ ਇਹ ਕੇਸ ਚੁੱਕਣ ਵਾਲੇ ਐਡਵੋਕੇਟ ਨਵਕਿਰਨ ਸਿਂੰਘ ਨੇ ਸਟੇਟ ਫ਼ੋਰੈਂਸਿਕ ਲੈਬਾਰਟਰੀ ਦੀ ਕਾਰਗੁਜ਼ਾਰੀ ਉਤੇ ਉਂਗਲ ਚੁਕਦਿਆਂ ਕਿਹਾ ਹੈ ਕਿ ਲੈਬ ਮਾਹਰ ਪਹਿਲਾਂ ਮੰਨਣ ਨੂੰ ਤਿਆਰ ਹੀ ਨਹੀਂ ਸਨ ਕਿ ਮ੍ਰਿਤਕ ਦੇ ਸਰੀਰ 'ਚੋਂ ਨਿਕਲੀ ਗੋਲੀ ਮੌਕੇ ਉਤੇ ਮੌਜੂਦ ਕਿਸੇ ਪੁਲਿਸ ਵਾਲੇ ਦੇ ਸਰਕਾਰੀ ਹਥਿਆਰ 'ਚੋਂ ਨਿਕਲੀ ਹੈ। ਹਾਈ ਕੋਰਟ ਦੇ ਹੁਕਮਾਂ ਉਤੇ ਜਾਂਚ ਕੇਂਦਰੀ ਫ਼ੋਰੈਂਸਿਕ ਲੈਬਾਰਟਰੀ ਕੋਲ ਗਈ ਤਾਂ ਸਰਕਾਰੀ ਹਥਿਆਰ ਦੀ ਪੁਸ਼ਟੀ ਹੋ ਗਈ। ਜਿਸ ਮਗਰੋਂ ਪੁਲਿਸ ਵਿਭਾਗ ਨੇ ਮੰਨਿਆ ਕਿ ਗੋਲੀ ਪੁਲਿਸ ਕੋਲੋਂ ਹੀ ਚਲੀ ਸੀ ਪਰ ਇਹ ਕਿਸੇ ਹੋਰ ਚੀਜ਼ ਨਾਲ ਟਕਰਾ ਕੇ ਜਸਪਾਲ ਸਿਂੰਘ ਨੂੰ ਵੱਜੀ ਜਿਸ ਕਰ ਕੇ ਪੁਲਿਸ ਅਮਲੇ ਵਿਰੁਧ ਕਾਰਵਾਈ ਨਹੀਂ ਕੀਤੀ ਜਾ ਰਹੀ।