ਬਹੁਤੇ ਵਾਅਦੇ ਪੂਰੇ ਕਰ ਦਿਤੇ ਹਨ, ਬਾਕੀ ਕਰ ਦਿਆਂਗੇ : ਕੈਪਟਨ

ਖ਼ਬਰਾਂ, ਪੰਜਾਬ

ਗੁਰਦਾਸਪੁਰ, 22 ਸਤੰਬਰ (ਹੇਮੰਤ ਨੰਦਾ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਇਹ ਚੋਣ ਵੱਡੇ ਫ਼ਰਕ ਨਾਲ ਜਿੱਤੇਗੀ। ਕੈਪਟਨ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਰਜ਼ਾ ਮੁਆਫ਼ੀ ਦੇ ਵਾਅਦੇ ਨੂੰ ਅਮਲ ਵਿਚ ਲਿਆਉਣ ਲਈ ਪੈਸਾ ਇਕੱਤਰ ਕਰਨ ਵਾਸਤੇ ਢੰਗ-ਤਰੀਕੇ ਲੱਭੇਗੀ। ਉਨ੍ਹਾਂ ਇਹ ਵਾਅਦਾ ਚੋਣਾਂ ਤੋਂ ਪਹਿਲਾਂ ਕੀਤਾ ਸੀ ਜਿਸ 'ਤੇ ਉਹ ਅਜੇ ਵੀ ਕਾਇਮ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਲਈ ਯਕੀਨਨ ਫ਼ੰਡਾਂ ਦਾ ਪ੍ਰਬੰਧ ਕਰੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਵਿੱਤੀ ਸਮੱਸਿਆਵਾਂ ਦੇ ਬਾਵਜੂਦ ਉਨ੍ਹਾਂ ਦੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਅਪਣੇ ਚੋਣ ਮਨੋਰਥ ਪੱਤਰ ਵਿਚ ਕੀਤੇ ਬਹੁਤ ਸਾਰੇ ਵਾਅਦੇ ਪੂਰੇ ਕਰ ਦਿਤੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਹਾਲ ਹੀ ਵਿਚ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਅਤੇ ਪਠਾਨਕੋਟ ਦੇ ਸਮੁੱਚੇ ਵਿਕਾਸ ਲਈ ਅਨੇਕਾਂ ਪ੍ਰਾਜੈਕਟਾਂ ਦਾ ਪਹਿਲਾਂ ਹੀ ਐਲਾਨ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਅਤੇ ਪਠਾਨਕੋਟ ਦੇ 750 ਕਰੋੜ ਰੁਪਏ ਦੇ ਪ੍ਰਾਜੈਕਟਾਂ ਲਈ ਰਾਸ਼ੀ ਪਹਿਲਾਂ ਹੀ ਪ੍ਰਵਾਨ ਕਰ ਦਿਤੀ ਗਈ ਹੈ।
ਇਕੱਠ ਨੂੰ ਸੰਬੋਧਨ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਸਲਾਰੀਆ ਨੂੰ ਮੈਦਾਨ 'ਚ ਉਤਾਰਨ ਦੇ ਫ਼ੈਸਲੇ ਨਾਲ ਉਨ੍ਹਾਂ ਦਾ ਕੰਮ ਹੋਰ ਸੌਖਾ ਹੋ ਗਿਆ ਹੈ ਕਿਉਂਕਿ ਉਹ ਵਿਨੋਦ ਖੰਨਾ ਦੇ ਬਹੁਤ ਤਗੜੇ ਪ੍ਰਸ਼ੰਸਕ ਸਨ ਅਤੇ ਕਵਿਤਾ ਖੰਨਾ ਵਿਰੁਧ ਚੋਣ ਲੜਨ ਨਾਲ ਉਨ੍ਹਾਂ ਦੇ ਦਿਲ 'ਤੇ ਬੋਝ ਰਹਿਣਾ ਸੀ। ਜਾਖੜ ਨੇ ਗੁਰਦਾਸਪੁਰ ਦੀ ਜਨਤਾ ਨੂੰ ਕਾਂਗਰਸ ਸਰਕਾਰ ਵਲੋਂ 6 ਮਹੀਨੇ 'ਚ ਕੀਤੇ ਗਏ ਕੰਮਾਂ ਬਾਰੇ ਜਾਣੂੰ ਕਰਵਾਇਆ ਤੇ ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਕਿ ਗੁਰਦਾਸਪੁਰ ਦੀ ਚੋਣ 2019 'ਚ ਹੋਣ ਵਾਲੀਆਂ ਚੋਣਾਂ ਲਈ ਬਹੁਤ ਅਹਿਮੀਅਤ ਰਖਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਗੁਰਦਾਸਪੁਰ ਦੇ ਲੋਕ ਉਨ੍ਹਾਂ ਨੂੰ ਇਕ ਵਿਧਾਇਕ ਦੇ ਤੌਰ 'ਤੇ ਨਹੀਂ ਸਗੋਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਪਾਰਲੀਮੈਂਟ 'ਚ ਪਹੁੰਚਾਉਣ ਤੇ ਉਨ੍ਹਾਂ ਦਾ ਹੱਲ ਕਰਵਾਉਣ ਵਾਲਾ ਸੇਵਕ ਸਮਝ ਕੇ ਜਿੱਤ ਦਿਵਾਉਣ। ਜਾਖੜ ਨੇ ਅਕਾਲੀ ਦਲ 'ਤੇ ਜੰਮ ਕੇ ਹੱਲਾ ਬੋਲਿਆ। ਉਨ੍ਹਾਂ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਕਾਂਗਰਸ ਦੇ 6 ਮਹੀਨੇ ਦੇ ਕਾਰਜਕਾਲ 'ਚ ਉਨ੍ਹਾਂ ਕੰਮਾਂ ਦਾ ਹੱਲ ਚਾਹੁੰਦੇ ਹਨ ਜਿਨ੍ਹਾਂ ਕੰਮਾਂ ਨੂੰ ਉਹ ਖ਼ੁਦ ਪੰਜਾਬ ਦੀ ਸੱਤਾ 'ਚ 10 ਸਾਲ ਰਾਜ ਕਰਨ 'ਤੇ ਵੀ ਨਹੀਂ ਕਰ ਸਕੇ। ਉਨ੍ਹਾਂ ਸਪੱਸ਼ਟ ਕਿਹਾ ਕਿ ਜੇ ਸੁਖਬੀਰ ਬਾਦਲ ਚਾਹੁੰਦੇ ਤਾਂ ਉਹ ਵੀ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰ ਸਕਦੇ ਸਨ ਪਰ ਉਨ੍ਹਾਂ ਅਜਿਹਾ ਕਰਨ ਦੀ ਬਜਾਏ ਹਰੀਕੇ ਪੱਤਣ 'ਚ ਪਾਣੀ ਵਾਲੀ ਬੱਸ ਨੂੰ ਚਲਾਉਣਾ ਜ਼ਿਆਦਾ ਜ਼ਰੂਰੀ ਸਮਝਿਆ। ਉਨ੍ਹਾਂ ਸੁਖਬੀਰ ਬਾਦਲ ਨੂੰ ਖੁਲ੍ਹੀ ਬਹਿਸ ਦੀ ਚੁਨੌਤੀ ਦਿਤੀ। ਜਾਖੜ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਪਣੀ ਵੋਟ ਦੀ ਸਹੀ ਵਰਤੋਂ ਕਰਨ।
ਸੈਰ-ਸਪਾਟਾ ਮੰਤਰੀ ਨਵਜੋਤ ਸਿੱਧੂ ਨੇ 'ਸਾਲਾ-ਜੀਜਾ' ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਦੀ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਸੂਬੇ ਨੂੰ ਤਬਾਹੀ ਦੇ ਕੰਢੇ 'ਤੇ ਧੱਕ ਦਿੱਤਾ। ਰੈਲੀ ਦੀ ਸਟੇਜ 'ਤੇ ਜੋਸ਼ ਵਿਖਾਉਂਦਿਆਂ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੱਧੂ ਨੇ ਅਕਾਲੀਆਂ ਤੇ ਆਮ ਆਦਮੀ ਪਾਰਟੀ ਨੂੰ ਚੰਗੇ ਰਗੜੇ ਲਾਏ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਲੁਟਿਆ ਤੇ ਕੁਟਿਆ। ਸਿੱਧੂ ਨੇ ਆਮ ਆਦਮੀ ਪਾਰਟੀ ਨੂੰ ਵੀ ਨਿਸ਼ਾਨੇ 'ਤੇ ਲੈਂਦਿਆਂ ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ 'ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ, ਹੁਣ ਵੇਖ ਚੋਣਾਂ ਤੋਂ ਬਾਅਦ ਤੇਰਾ ਹੈ ਕੀ ਹਾਲ।'
ਇਸ ਮੌਕੇ ਸਿਖਿਆ ਮੰਤਰੀ ਅਰੁਣਾ ਚੌਧਰੀ, ਆਸ਼ਾ ਕੁਮਾਰੀ, ਚਰਨਜੀਤ ਸਿੰਘ ਚੰਨੀ, ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ, ਸਮੇਤ ਹੋਰ ਕਾਂਗਰਸੀ ਨੇਤਾ ਮੌਜੂਦ ਸਨ।