ਐਸ.ਏ.ਐਸ. ਨਗਰ, 15 ਜਨਵਰੀ (ਕੁਲਦੀਪ ਸਿੰਘ) : ਨਗਰ ਨਿਗਮ ਵਲੋਂ ਮੁਹਾਲੀ ਦੇ ਕੁੱਝ ਸੈਕਟਰਾਂ ਦੇ ਘਰਾਂ ਵਿਚ ਬਰਸਾਤਾਂ ਦੇ ਮੌਸਮ ਦੌਰਾਨ ਪਾਣੀ ਦਾਖ਼ਲ ਹੋਣ ਦੀ ਸਮੱਸਿਆ ਦੇ ਪੱਕੇ ਹੱਲ ਲਈ ਤਿਆਰੀ ਵਿੱਢ ਦਿਤੀ ਹੈ। ਇਸ ਤਹਿਤ ਮੁਹਾਲੀ ਦੇ ਕੁੱਝ ਫ਼ੇਜ਼ਾਂ ਅਤੇ ਸੈਕਟਰਾਂ ਵਿਚ ਬਾਕਾਇਦਾ ਤੌਰ 'ਤੇ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਹੰਸ ਦੀ ਅਗਵਾਈ ਹੇਠ ਨਿਗਮ ਦੀ ਇਕ ਟੀਮ ਨੇ ਸਰਵੇ ਕੀਤਾ। ਇਸ ਮੌਕੇ ਕਮਿਸ਼ਨਰ ਨੇ ਇਨ੍ਹਾਂ ਇੰਜਨੀਅਰਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਦੀ ਵਿਊਂਤਬੰਦੀ ਕਰਨ ਲਈ ਕਿਹਾ ਤਾਂ ਜੋ ਪਾਣੀ ਨੂੰ ਚੈਨਲਾਈਜ਼ ਕਰ ਕੇ ਇਸ ਦਾ ਪੱਕੇ ਤੌਰ 'ਤੇ ਹੱਲ ਕੀਤਾ ਜਾ ਸਕੇ। ਇਸ ਮੌਕੇ ਸੜਕਾਂ ਦਾ ਪੁਰਾਣਾ ਪੱਧਰ ਬਰਕਰਾਰ ਰੱਖਣ ਲਈ ਲੋੜ ਪੈਣ 'ਤੇ ਸੜਕਾਂ ਦੀ ਸਕਰੈਪਿੰਗ ਕਰਨ ਦੀ ਤਜਵੀਜ਼ ਵੀ ਸਾਹਮਣੇ ਆਈ ਹੈ। ਇਸ ਦੌਰਾਨ ਵੱਡੀ ਗੱਲ ਇਹ ਸਾਹਮਣੇ ਆਈ ਹੈ ਕਿ ਬਰਸਾਤਾਂ ਦੇ ਮੌਸਮ ਵਿਚ ਜਾਂ ਅਚਾਨਕ ਵਧ ਬਰਸਾਤ ਹੋਣ ਕਾਰਨ ਸ਼ਹਿਰ ਵਿਚ ਲੋਕਾਂ ਦੇ ਘਰਾਂ ਵਿਚ ਪਾਣੀ ਵੜਨ ਦੀ ਸਮੱਸਿਆ ਦੇ ਹੱਲ ਲਈ ਸੈਕਟਰਾਂ ਨੂੰ ਵੰਡਣ ਵਾਲੀਆਂ ਸੜਕਾਂ ਦਾ ਪੁਰਾਣਾ ਪੱਧਰ ਬਰਕਰਾਰ ਰੱਖਣਾ ਪਵੇਗਾ। ਇਸ ਵਾਸਤੇ ਜੇ ਸੜਕਾਂ ਨੂੰ ਪੁਰਾਣੇ ਪੱਧਰ 'ਤੇ ਲਿਆਉਣ ਲਈ ਸੜਕਾਂ ਦੀ ਭੰਨ-ਤੋੜ ਕਰਨੀ ਪਈ ਤਾਂ ਇਹ ਵੀ ਕੀਤਾ ਜਾਵੇਗਾ।ਇਸ ਮਾਮਲੇ ਵਿਚ 12 ਜਨਵਰੀ ਨੂੰ ਕਮਿਸ਼ਨਰ ਵਲੋਂ ਨਿਗਮ ਅਧਿਕਾਰੀਆਂ ਅਤੇ ਰੈਜ਼ੀਡੈਂਟਸ ਵੈਲਫ਼ੇਅਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਨਾਲ ਲੈ ਕੇ ਫ਼ੇਜ਼ 3ਬੀ2, 7, 4 ਅਤੇ ਫੇਜ਼ 5 ਤੋਂ ਇਲਾਵਾ
ਸੈਕਟਰ 70-71 ਦਾ ਦੌਰਾ ਕੀਤਾ ਗਿਆ। ਇਸ ਟੀਮ ਨੇ ਫੇਜ਼ 3ਬੀ2, ਫੇਜ਼ 7, ਸੈਕਟਰ 70-71 ਜੰਕਸ਼ਨ ਤੋਂ ਸੜਕਾਂ ਦਾ ਮੁਆਇਨਾ ਸ਼ੁਰੂ ਕਰ ਕੇ ਸ਼ਾਪਿੰਗ ਸੈਂਟਰ ਰੋਡ 'ਤੇ ਫੇਜ਼3ਬੀ1 ਤੋਂ ਫੇਜ਼-4 ਦੇ ਬੋਗਨਵਿਲੀਆ ਪਾਰਕ ਨੇੜੇ ਤਕ ਦੀ ਡਿਵਾਈਡਿੰਗ ਸੜਕਾਂ ਅਤੇ ਸ਼ਾਪਿੰਗ ਰੋਡ 'ਤੇ ਬਰਸਾਤਾਂ ਦੌਰਾਨ ਆਈ ਸਮੱਸਿਆ ਦਾ ਮੁਆਇਨਾ ਕੀਤਾ। ਇਨ੍ਹਾਂ ਸੜਕਾਂ 'ਤੇ 21 ਅਗੱਸਤ 2017 ਨੂੰ ਪਾਣੀ ਦੀ ਭਾਰੀ ਸਮੱਸਿਆ ਆਈ ਸੀ।ਕਮਿਸ਼ਨਰ ਸੰਦੀਪ ਹੰਸ ਨੇ ਨਿਗਮ ਦੇ ਸਿਵਲ ਵਿੰਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਵਿਚ ਪਾਣੀ ਦੀ ਸਮੱਸਿਆ ਦੇ ਹੱਲ ਲਈ ਸੈਕਟਰਾਂ ਨੂੰ ਵੰਡਦੀਆਂ ਸੜਕਾਂ ਦਾ ਪੱਧਰ ਬਰਕਰਾਰ ਰੱਖਣ ਲਈ ਓ.ਐਂਡ ਐਮ. ਸ਼ਾਖਾ ਵਲੋਂ ਦਰਸਾਏ ਗਏ ਪੁਆਇੰਟਾਂ ਦੇ ਲੈਵਲ ਕਰਵਾਉਣ ਸਬੰਧੀ ਤੁਰਤ ਕਾਰਵਾਈ ਕੀਤੀ ਜਾਵੇ।ਇਸ ਮੌਕੇ ਮੁਕੇਸ਼ ਗਰਗ ਨਿਗਮ ਇੰਜੀਨੀਅਰ ਹੈਡਕੁਆਟਰ, ਨਗਰ ਨਿਗਮ ਮੁਹਾਲੀ, ਹਰਕਿਰਨਪਾਲ ਸਿੰਘ ਸਿਵਲ ਇੰਜੀਨੀਅਰ, ਨਰਿੰਦਰ ਸਿੰਘ ਦਾਲਮ ਸਿਵਲ ਇੰਜੀਨੀਅਰ, ਅਸ਼ਵਨੀ ਕੁਮਾਰ ਇੰਜੀਨੀਅਰ ਓ.ਐਂਡ ਐਮ., ਅਵਨੀਤ ਕੌਰ ਸਹਾਇਕ ਕਮਿਸ਼ਨਰ, ਹਰਪ੍ਰੀਤ ਸਿੰਘ ਸਹਾਇਕ ਨਿਗਮ ਇੰਜੀਨੀਅਰ ਓ.ਐਂਡ ਐਮ., ਸੁਖਵਿੰਦਰ ਸਿੰਘ ਸਹਾਇਕ ਨਿਗਮ ਇੰਜੀਨੀਅਰ ਸਿਵਲ, ਨੀਲਮ ਮਹਿਮੀ ਸਹਾਇਕ ਇੰਜੀਨੀਅਰ ਸਿਵਲ, ਮਨਜੀਤ ਸਿੰਘ ਉਪ ਮੰਡਲ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਉਪ ਮੰਡਲ ਨੰ: 8, ਮੁਹਾਲੀ, ਸੀ.ਐਲ. ਗਰਗ ਪ੍ਰਧਾਨ ਕਨਫੈਡਰੇਸ਼ਨ ਆਫ ਗਰੇਟਰ ਮੁਹਾਲੀ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਮੁਹਾਲੀ ਅਤੇ ਸੰਸਥਾ ਦੇ ਸਲਾਹਕਾਰ ਐਨ.ਐਸ. ਕਲਸੀ ਵੀ ਹਾਜ਼ਰ ਸਨ।