ਦੂਜੇ ਦਿਨ ਵੀ ਬੀਬੀ ਬਾਦਲ ਨੇ ਕੀਤਾ ਬਠਿੰਡਾ ਹਲਕੇ ਦਾ ਦੌਰਾ
ਬਠਿੰਡਾ, 8 ਜਨਵਰੀ (ਸੁਖਜਿੰਦਰ ਮਾਨ): ਥਰਮਲ ਪਲਾਂਟ ਨੂੰ ਬੰਦ ਕਰਨ ਦੇ ਮਾਮਲੇ 'ਤੇ ਘਿਰੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹਲਕੇ 'ਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਗੇੜੇ ਵਧਾ ਦਿਤੇ ਹਨ। ਬੇਸ਼ੱਕ ਖ਼ੁਦ ਬੀਬਾ ਬਾਦਲ ਬਠਿੰਡਾ ਲੋਕ ਸਭਾ ਹਲਕੇ ਤੋਂ ਲੋਕ ਸਭਾ ਮੈਂਬਰ ਹਨ ਜਿਸ ਵਿਚ ਬਠਿੰਡਾ ਸ਼ਹਿਰੀ ਹਲਕਾ ਵੀ ਆਉਂਦਾ ਹੈ। ਪ੍ਰੰਤੂ ਲਗਾਤਾਰ ਹਰ ਚੋਣਾਂ 'ਚ ਅਕਾਲੀ ਦਲ ਦੀ ਵੋਟ ਘਟਣ ਤੋਂ ਖਫ਼ਾ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਵਾਰ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਇਸ ਹਲਕੇ ਤੋਂ ਪਾਸਾ ਵੱਟਣਾ ਸ਼ੁਰੂ ਕਰ ਦਿਤਾ ਸੀ।
ਸੂਤਰਾਂ ਅਨੁਸਾਰ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਤੇ ਸ਼ਹਿਰੀ ਹਲਕੇ 'ਚ ਵਿੱਤ ਮੰਤਰੀ ਦੇ ਵੋਟ ਬੈਂਕ ਨੂੰ ਸੰਨ ਲਗਾਉਣ ਲਈ ਹੁਣ ਫਿਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਸ਼ਹਿਰੀਆਂ ਦੇ ਘਰਾਂ 'ਚ ਚੱਕਰ ਲਗਾਉਣੇ ਸ਼ੁਰੂ ਕਰ ਦਿਤੇ ਹਨ। ਬੀਤੇ ਦਿਨ ਵੀ ਉਹ ਸਥਾਨਕ ਮਾਡਲ ਟਾਊਨ 'ਚ ਔਰਤਾਂ ਦੇ ਵੱਡੇ ਪ੍ਰੋਗਰਾਮ 'ਧੀਆਂ ਦੀ ਲੋਹੜੀ' ਦੇ ਸਮਾਗਮ 'ਚ ਕਈ ਘੰਟੇ ਸ਼ਮੂਲੀਅਤ ਕੀਤੀ ਸੀ। ਅੱਜ ਫਿਰ ਦੂਜੇ ਦਿਨ ਕਰੀਬ ਢਾਈ ਘੰਟੇ ਬਠਿੰਡਾ ਸ਼ਹਿਰ 'ਚ ਰਹੇ। ਉਨ੍ਹਾਂ ਬੰਗੀ ਨਗਰ, ਅਮਰਪੁਰਾ ਬਸਤੀ, ਅਜੀਤ ਰੋਡ, 100 ਫੁੱਟੀ ਰੋਡ ਆਦਿ ਖੇਤਰਾਂ ਦਾ ਦੌਰਾ ਕੀਤਾ ਤੇ ਲੋਕਾਂ ਦੀਆਂ ਮੁਸ਼ਕਲਾਂ ਤੋਂ ਇਲਾਵਾ ਅਕਾਲੀ ਵਰਕਰਾਂ ਤੇ ਆਗੂਆਂ ਦੇ ਘਰਾਂ 'ਚ ਵੀ ਫੇਰੀ ਪਾਈ।
ਇਸ ਤੋਂ ਇਲਾਵਾ ਉਹ ਕਈ ਥਾਂ ਅਫ਼ਸੋਸ ਕਰਨ ਵੀ ਗਏ। ਇਨ੍ਹਾਂ ਵਿਚ ਕਈ ਅਕਾਲੀ ਵਰਕਰ ਅਜਿਹੇ ਵੀ ਹਨ, ਜਿਹੜੇ ਬਦਲੇ ਹਾਲਾਤਾਂ 'ਚ ਚੁੱਪ ਕਰ ਕੇ ਘਰਾਂ 'ਚ ਬੈਠੇ ਹੋਏ ਸਨ। ਸੂਚਨਾ ਮੁਤਾਬਕ ਉਨ੍ਹਾਂ ਵਾਰਡ ਨੰਬਰ 34 ਤੋਂ ਅਕਾਲੀ ਕੌਂਸਲਰ ਕਰਮਜੀਤ ਕੌਰ ਗਿਆਨਾ ਤੇ ਰੋਸ਼ਨ ਗਿਆਨਾ ਦੇ ਘਰ ਵਿਚ ਫੇਰੀ ਪਾਈ। ਇਸੇ ਤਰ੍ਹਾਂ ਉਹ ਸਾਬਕਾ ਅਕਾਲੀ ਕੌਂਸਲਰ ਮੱਖਣ ਸਿੰਘ ਨੂੰ ਵੀ ਹੱਲਾਸ਼ੇਰੀ ਦੇਣ ਉਨ੍ਹਾਂ ਦੇ ਪਹੁੰਚੇ।
ਅਕਾਲੀ ਦਲ ਦੇ ਉਚ ਸੂਤਰਾਂ ਮੁਤਾਬਕ ਬੀਬੀ ਬਾਦਲ ਦੀਆਂ ਪਿਛਲੇ ਕੁੱਝ ਮਹੀਨਿਆਂ ਤੋਂ ਬਠਿੰਡਾ ਲੋਕ ਸਭਾ ਹਲਕੇਤੇ ਖ਼ਾਸਕਰ ਬਠਿੰਡਾ ਸ਼ਹਿਰੀ ਹਲਕੇ 'ਚ ਫ਼ੇਰੀਆਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ। ਚੱਲ ਰਹੀ ਚਰਚਾ ਮੁਤਾਬਕ ਲੋਕ ਸਭਾ ਦੀਆਂ ਚੋਣਾਂ ਅਗੇਤੀਆਂ ਹੋਣ ਦੀਆਂ ਸੰਭਾਵਨਾ ਦੇ ਮੱਦੇਨਜ਼ਰ ਅਕਾਲੀ ਦਲ ਦੀ ਸੰਭਾਵੀ ਉਮੀਦਵਾਰ ਵਲੋਂ ਅਪਣੀ ਜਿੱਤ ਨੂੰ ਪੱਕੀ ਕਰਨ ਦੇ ਲਈ ਬੀਬੀ ਬਾਦਲ ਵਲੋਂ ਰੁੱਸੇ ਤੇ ਨਰਾਜ਼ ਅਕਾਲੀ ਵਰਕਰਾਂ ਨੂੰ ਨਾਲ ਤੋਰਣ ਦੀ ਕਵਾਇਦ ਮੰਨੀ ਜਾ ਰਹੀ ਹੈ।
ਬਦਲੇ ਹੋਏ ਸਿਆਸੀ ਹਾਲਾਤਾਂ ਮੁਤਾਬਕ ਥਰਮਲ ਮੁੱਦੇ ਨੂੰ ਲੈ ਕੇ ਇਸ ਹਲਕੇ ਤੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਸਿਆਸੀ ਗ੍ਰਾਫ਼ ਹੇਠਾਂ ਡਿੱਗਣ ਦੀ ਪੇਸ਼ੋਨਗਈ ਹੈ। ਅਕਾਲੀ ਦਲ ਇਸ ਮੌਕੇ ਨੂੰ ਗਨੀਮਤ ਸਮਝ ਕੇ ਅਪਣਾ 'ਡੇਮੇਜ਼ ਕੰਟਰੋਲ' ਕਰਨ ਲੱਗਿਆ ਹੋਇਆ ਹੈ, ਕਿਉਂਕਿ ਵਿਧਾਨ ਸਭਾ ਚੋਣਾਂ 'ਚ ਭਾਰੀ ਹਾਰ ਕਾਰਨ ਹਾਲੇ ਆਪ ਆਗੂ ਨਿਰਾਸ਼ਾ ਵਿਚ ਨਹੀਂ ਨਿਕਲੇ ਹਨ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਬਾਦਲ ਪ੍ਰਵਾਰ ਇਕ ਵਾਰ ਫਿਰ ਇਸ ਹਲਕੇ ਤੋਂ ਆਹਮੋ-ਸਾਹਮਣੇ ਹੋ ਸਕਦਾ ਹੈ ਜਿਸ ਦੇ ਚਲਦੇ ਦੋਵਾਂ ਹੀ ਧਿਰਾਂ ਵਲੋਂ ਇਕ-ਦੂਜੇ ਨੂੰ ਠਿੱਬੀ ਲਗਾਉਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿਤਾ ਜਾ ਰਿਹਾ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਤੇ ਮੇਅਰ ਬਲਵੰਤ ਰਾਏ ਨਾਥ ਆਦਿ ਸ਼ਹਿਰ ਦੇ ਆਗੂ ਵੀ ਹਾਜ਼ਰ ਸਨ।