ਬਠਿੰਡਾ, 20 ਦਸੰਬਰ (ਸੁਖਜਿੰਦਰ ਮਾਨ): ਬਠਿੰਡਾ ਦੇ ਟਿੱਬਿਆਂ ਨੂੰ ਭਾਗ ਲਾਉਣ ਵਾਲਾ ਗੁਰੂ ਨਾਨਕ ਦੇਵ ਥਰਮਲ ਪਲਾਂਟ ਹੁਣ ਰੋਸ਼ਨੀਆਂ ਨਹੀਂ ਵੰਡੇਗਾ। ਮੰਤਰੀ ਮੰਡਲ ਵਲੋਂ ਅੱਜ ਨਵੇਂ ਸਾਲ ਤੋਂ ਇਸ ਪਲਾਂਟ ਦੇ ਚਾਰਾਂ ਯੂਨਿਟਾਂ ਨੂੰ ਪੱਕੇ ਤੌਰ 'ਤੇ ਬੰਦ ਕਰਨ ਦੇ ਫ਼ੈਸਲੇ ਤੋਂ ਬਾਅਦ ਇਸ ਪਲਾਂਟ ਹੱਥੀਂ ਪਾਣੀ ਦੇਣ ਵਾਲੇ ਮੁਲਾਜ਼ਮਾਂ 'ਚ ਮਾਯੂਸੀ ਛਾ ਗਈ ਹੈ। ਇਸ ਪਲਾਂਟ ਦੇ ਸ਼ੁਰੂ ਹੋਣ ਕਾਰਨ ਨਾ ਸਿਰਫ਼ ਬਠਿੰਡਾ ਤੇ ਆਸਪਾਸ ਦੇ ਜ਼ਿਲ੍ਹਿਆਂ ਦੇ ਨੌਜਵਾਨਾਂ ਨੂੰ ਵੱਡੀ ਪੱਧਰ 'ਤੇ ਰੂਜ਼ਗਾਰ ਮਿਲਿਆ ਸੀ, ਬਲਕਿ ਖੇਤਰ 'ਚ ਬਿਜਲੀ ਉਪਲਬਧ ਹੋਣ ਕਾਰਨ ਛੋਟੇ ਉਦਯੋਗ ਵੀ ਵੱਡੀ ਪੱਧਰ 'ਤੇ ਪ੍ਰਫੁੱਲਤ ਹੋਏ ਸਨ। ਬਿਜਲੀ ਵਾਲੀਆਂ ਮੋਟਰ ਲੱਗਣ ਕਾਰਨ ਕਿਸਾਨੀ ਵੀ ਮਹਿਕੀ ਸੀ। ਕਰੀਬ ਚਾਲੀ ਸਾਲ ਪੂਰੇ ਜੋਬਨ 'ਤੇ ਇਲਾਕੇ ਦੀ ਸੇਵਾ ਕਰਨ ਵਾਲੇ ਇਸ ਥਰਮਲ ਪਲਾਂਟ ਨੂੰ ਪਿਛਲੇ ਚਾਰ-ਪੰਜ ਸਾਲਾਂ ਤੋਂ ਹੀ ਘੱਟ ਵੱਧ ਚਲਾਇਆ ਜਾ ਰਿਹਾ ਸੀ। ਉਂਜ ਇਨ੍ਹਾਂ ਸਾਲਾਂ 'ਚ 715 ਕਰੋੜ ਦਾ ਕਰਜ਼ ਚੁੱਕ ਇਸ ਪਲਾਂਟ ਦੇ ਚਾਰਾਂ ਯੂਨਿਟਾਂ ਦਾ ਨਵੀਨੀਕਰਨ ਕੀਤਾ ਗਿਆ ਸੀ ਜਿਸ ਨਾਲ ਇਸ ਬੁੱਢੇ ਪਲਾਂਟ ਦੀ ਉਮਰ 10 ਸਾਲ ਵਧ ਗਈ ਸੀ।
ਸਿੱਖ ਕੌਮ ਦੇ ਪਹਿਲੇ ਗੁਰੂ ਸ੍ਰੀ ਨਾਨਕ ਦੇਵ ਜੀ ਦੇ 500 ਸਾਲਾਂ ਜਨਮ ਦਿਨ ਨੂੰ ਸਮਰਪਿਤ ਇਸ ਪਲਾਂਟ ਦਾ ਨੀਂਹ ਪੱਥਰ 19 ਨਵੰਬਰ 1969 ਨੂੰ ਤਤਕਾਲੀ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਵਲੋਂ ਰਖਿਆ ਗਿਆ ਸੀ। ਕਰੀਬ 115 ਕਰੋੜ ਦੀ ਰਾਸ਼ੀ ਨਾਲ ਤਿਆਰ ਹੋਣ ਵਾਲੇ ਇਸ ਪਲਾਂਟ ਦਾ ਪਹਿਲਾਂ ਯੂਨਿਟ ਵਲੋਂ ਪੰਜ ਸਾਲਾਂ ਬਾਅਦ ਸਤੰਬਰ 1974 'ਚ ਬਿਜਲੀ ਦੇਣੀ ਸ਼ੁਰੂ ਕਰ ਦਿਤੀ ਸੀ। ਇਸੇ ਤਰ੍ਹਾਂ ਦੂਜੇ ਯੂਨਿਟ ਸਤੰਬਰ 1975, ਤੀਜੇ ਨੇ ਮਾਰਚ 1978 ਅਤੇ ਚੌਥੇ ਨੇ ਜਨਵਰੀ 1979 ਵਿਚ ਇਲਾਕੇ ਨੂੰ ਰੁਸ਼ਨਾਉਣਾ ਸ਼ੁਰੂ ਕਰ ਦਿਤਾ ਸੀ। ਕੋਲੇ 'ਤੇ ਚੱਲਣ ਵਾਲੇ 110-110 ਮੈਗਾਵਾਟ ਦੀ ਇਸ ਸਮਰੱਥਾ ਵਾਲੇ ਇਨ੍ਹਾਂ ਚਾਰਾਂ ਯੂਨਿਟਾਂ ਵਲੋਂ ਰੋਜ਼ਾਨਾ ਇਕ ਕਰੋੜ ਤੋਂ ਵੱਧ ਯੂਨਿਟ ਦੀ ਪੈਦਾਵਾਰ ਕੀਤੀ ਜਾਂਦੀ ਸੀ। ਇਸ ਪਲਾਂਟ ਲਈ ਸਰਕਾਰ ਵਲੋਂ ਬਠਿੰਡਾ ਦੇ ਆਸਪਾਸ ਪਿੰਡਾਂ ਦੀ ਕਰੀਬ 2000 ਏਕੜ ਜ਼ਮੀਨ ਐਕਵਾਈਰ ਕੀਤੀ ਸੀ।
ਮਹੱਤਵਪੂਰਨ ਗੱਲ ਇਹ ਹੈ ਕਿ ਮੌਜੂਦਾ ਸਮੇਂ ਵੀ ਸਿੱਧੇ ਤੇ ਅਸਿੱਧੇ ਤੌਰ 'ਤੇ ਕਰੀਬ 15 ਹਜ਼ਾਰ ਪਰਵਾਰ ਇਸ ਪਲਾਂਟ ਦੇ ਸਹਾਰੇ ਅਪਣੀ ਰੋਜ਼ੀ-ਰੋਟੀ ਕਮਾ ਰਿਹਾ ਸਨ ਜਿਨ੍ਹਾਂ ਵਿਚ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਮੌਜੂਦਾ ਸਮੇਂ 950 ਦੇ ਕਰੀਬ ਰੈਗੂਲਰ ਅਤੇ 750 ਦੇ ਕਰੀਬ ਕੱਚੇ ਕਾਮੇ ਨੌਕਰੀ ਕਰ ਰਹੇ ਹਨ। ਬੇਸ਼ੱਕ ਪੱਕੇ ਕਾਮਿਆਂ ਨੂੰ ਸਿਰਫ਼ ਬਦਲੀਆਂ ਦਾ ਡਰ ਸਤਾ ਰਿਹਾ ਹੈ ਪ੍ਰੰਤੂ ਕੱਚੇ ਕਾਮਿਆਂ ਨੂੰ ਇਸ ਪਲਾਂਟ ਦੇ ਬੰਦ ਹੋਣ ਕਾਰਨ ਅਪਣੇ ਘਰਾਂ ਦੇ ਚੁੱਲ੍ਹੇ ਠੰਢੇ ਹੋਣ ਦੀ ਚਿੰਤਾ ਲੱਗ ਗਈ ਹੈ।