'ਬਠਿੰਡਾ ਥਰਮਲ ਪਲਾਂਟ ਦੁਬਾਰਾ ਸ਼ੁਰੂ ਕਰੋ'

ਖ਼ਬਰਾਂ, ਪੰਜਾਬ

ਚੰਡੀਗੜ੍ਹ, 6 ਜਨਵਰੀ (ਸਸਸ) : ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਠਿੰਡਾ ਥਰਮਲ ਪਲਾਂਟ ਨੂੰ ਦੁਬਾਰਾ ਸ਼ੁਰੂ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ 715 ਕਰੋੜ ਰੁਪਏ ਦੀ ਮੁਰੰਮਤ ਮਗਰੋਂ 2029 ਤਕ ਕੰਮ ਕਰਨ ਦੀ ਸਮਰੱਥਾ ਵਾਲੇ ਸੂਬੇ ਦੇ ਇਸ ਕੀਮਤੀ ਅਸਾਸੇ ਨੂੰ ਇਸ ਤਰ੍ਹਾਂ ਬੰਦ ਨਹੀਂ ਹੋਣ ਦੇਣਾ ਚਾਹੀਦਾ।ਇਥੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਜਿਸ ਪਲਾਂਟ ਦੀ ਮੁਰੰਮਤ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਕੇਂਦਰ ਤੋਂ 715 ਕਰੋੜ ਰੁਪਏ ਜਾਰੀ ਕਰਵਾਏ ਸਨ, ਉਸ ਨੂੰ ਹੁਣ ਆਪਹੁਦਰੇ ਤਰੀਕੇ ਨਾਲ ਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਪਲਾਂਟ ਨੂੰ ਨਵੀਂ ਜ਼ਿੰਦਗੀ ਦੇਣ ਲਈ ਇਸ ਦੀ ਮੁਰੰਮਤ ਕਰਵਾਈ, ਪਰ ਸੂਬਾ ਸਰਕਾਰ ਨੂੰ ਇਸ ਗੱਲ ਦੀ ਰੱਤੀ-ਭਰ ਵੀ ਪਰਵਾਹ ਨਹੀਂ ਹੈ ਕਿ ਇਸ ਪਲਾਂਟ ਨੂੰ ਬੰਦ ਕਰਵਾਉਣ ਇਸ ਦੀ ਮੁਰੰਮਤ 'ਤੇ ਲਗਿਆ ਪੈਸਾ ਜ਼ਾਇਆ ਚਲਾ ਜਾਵੇਗਾ। ਇਸ ਤਰ੍ਹਾਂ ਲੱਗਦਾ ਹੈ ਕਿ ਕੁੱਝ ਲੋਕਾਂ ਵਲੋਂ ਅਪਣੇ ਸੌੜੇ ਹਿਤਾਂ ਦੀ ਪੂਰਤੀ ਲਈ ਇਸ ਪਲਾਂਟ ਨੂੰ ਬੰਦ ਕੀਤਾ ਗਿਆ ਹੈ ਤਾਂ ਕਿ ਇਸ ਦੀ 2000 ਏਕੜ ਜ਼ਮੀਨ ਸਮੇਤ ਬਾਕੀ ਅਸਾਸਿਆਂ ਦਾ ਕਾਰੋਬਾਰੀ ਲਾਭ ਲਿਆ ਜਾ ਸਕੇ।