ਬੇਅਦਬੀ ਘਟਨਾਵਾਂ: ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਕੀਤਾ ਪਟਿਆਲਾ ਜ਼ਿਲ੍ਹੇ ਦੇ ਦੋ ਪਿੰਡਾਂ ਦਾ ਦੌਰਾ

ਖ਼ਬਰਾਂ, ਪੰਜਾਬ

ਪਟਿਆਲਾ/ਨਾਭਾ, 18 ਦਸੰਬਰ (ਬਲਵਿੰਦਰ ਸਿੰਘ ਭੁੱਲਰ, ਗੁਰਤੇਜ ਥੂਹੀ, ਬਲਵੰਤ ਹਿਆਣਾ): ਪੰਜਾਬ ਵਿਚ ਪਿਛਲੇ ਸਮੇਂ ਦੌਰਾਨ ਵਾਪਰੀਆਂ ਧਾਰਮਕ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਅੱਜ ਪਟਿਆਲਾ ਜ਼ਿਲ੍ਹੇ ਦੀ ਸਬ ਡਵੀਜਨ ਨਾਭਾ ਵਿਚ ਕਕਰਾਲਾ ਤੇ ਚਹਿਲ ਪਿੰਡਾਂ ਦਾ ਦੌਰਾ ਕਰ ਕੇ ਘਟਨਾਵਾਂ ਬਾਰੇ ਵੇਰਵੇ ਹਾਸਲ ਕੀਤੇ। ਕਮਿਸ਼ਨ ਦੇ ਚੇਅਰਮੈਨ ਜਸਟਿਸ ਰਣਜੀਤ ਸਿੰਘ ਪਿੰਡ ਵਾਸੀਆਂ ਨੂੰ ਮਿਲੇ ਅਤੇ ਦੋਹਾਂ ਘਟਨਾਵਾਂ ਬਾਰੇ ਵੇਰਵੇ ਇਕੱਤਰ ਕੀਤੇ।ਪਿੰਡਾਂ ਦੇ ਦੌਰੇ ਉਪਰੰਤ ਨਾਭਾ ਵਿਖੇ ਲੋਕ ਨਿਰਮਾਣ ਵਿਭਾਗ ਦੇ ਗੈਸਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਟਿਸ ਰਣਜੀਤ ਸਿੰਘ ਨੇ ਦਸਿਆ ਕਿ ਰਾਜ ਸਰਕਾਰ ਵਲੋਂ ਸਥਾਪਤ ਕੀਤੇ ਇਸ ਕਮਿਸ਼ਨ ਤਹਿਤ ਉਹ ਪਿਛਲੇ ਸਮੇਂ ਦੌਰਾਨ ਪੂਰੇ ਪੰਜਾਬ ਵਿਚ ਧਾਰਮਕ ਗ੍ਰੰਥਾਂ ਦੀ ਬੇਅਦਬੀ ਦੀਆਂ ਵਾਪਰੀਆਂ ਕਰੀਬ 122 ਘਟਨਾਵਾਂ ਦੀ ਜਾਂਚ ਕਰ ਰਹੇ ਹਨ। ਜਸਟਿਸ ਰਣਜੀਤ ਸਿੰਘ ਨੇ ਦਸਿਆ ਕਿ ਬਰਗਾੜੀ, ਬਹਿਬਲ ਕਲਾਂ ਘਟਨਾਵਾਂ ਦੀ ਜਾਂਚ ਰੀਪੋਰਟ ਉਹ ਇਸੇ ਮਹੀਨੇ ਪੰਜਾਬ ਸਰਕਾਰ ਨੂੰ ਸੌਂਪ ਦੇਣਗੇ। ਜਸਟਿਸ ਰਣਜੀਤ ਸਿੰਘ ਨੇ ਕਿਹਾ ਕਿ ਹਾਲ ਹੀ ਵਿਚ ਉਨ੍ਹਾਂ ਫ਼ਤਿਹਗੜ੍ਹ ਸਾਹਿਬ, ਮੁਹਾਲੀ, ਰੋਪੜ ਤੇ ਪਟਿਆਲਾ ਦਾ ਦੌਰਾ ਕੀਤਾ ਹੈ ਅਤੇ ਬਾਕੀ ਜ਼ਿਲ੍ਹਿਆਂ ਦਾ ਵੀ ਛੇਤੀ ਹੀ ਦੌਰਾ ਕਰਨਗੇ। ਕਮਿਸ਼ਨ ਨੇ ਇਸ ਦੌਰੇ ਮੌਕੇ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਤੋਂ ਇਲਾਵਾ ਜੁਆਇੰਟ ਡਾਇਰੈਕਟਰ ਪ੍ਰਾਸੀਕਿਊਸਨ ਏ.ਐਸ. ਰੰਧਾਵਾ, ਰਜਿਸਟਰਾਰ ਜੇ.ਪੀ. ਮਹਿਮੀ, ਡੀ.ਐਸ.ਪੀ. ਨਾਭਾ ਚੰਦ ਸਿੰਘ, ਐਸ.ਐਚ.ਓ. ਸਦਰ ਨਾਭਾ ਬਿੱਕਰ ਸਿੰਘ ਸੋਹੀ, ਐਸ.ਐਚ.ਓ. ਕੋਤਵਾਲੀ ਨਾਭਾ ਕਰਨੈਲ ਸਿੰਘ, ਐਸ.ਐਚ.ਓ. ਭਾਦਸੋਂ ਅੰਮ੍ਰਿਤਪਾਲ ਸਿੰਘ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।