ਬੇਅੰਤ ਸਿਂੰਘ ਹਤਿਆ ਕੇਸ 'ਚ ਭਾਈ ਤਾਰਾ ਅਪਣੇ ਕਬੂਲਨਾਮੇ 'ਤੇ ਕਾਇਮ

ਖ਼ਬਰਾਂ, ਪੰਜਾਬ

ਚੰਡੀਗੜ, 25 ਜਨਵਰੀ (ਨੀਲ ਭਲਿੰਦਰ ਸਿੰਘ) : ਸਾਲ 1995 'ਚ ਵਾਪਰੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹਤਿਆ ਕੇਸ ਵਿਚ ਭਾਈ ਜਗਤਾਰ ਸਿੰਘ ਤਾਰਾ (ਡੇਕਵਾਲਾ) ਅਪਣੇ ਕਬੂਲਨਾਮੇ ਉਤੇ ਬਰਕਰਾਰ ਹਨ। ਮਾਡਲ ਜੇਲ ਬੁੜੈਲ (ਚੰਡੀਗੜ੍ਹ) ਦੇ ਅੰਦਰ ਹੀ ਲੱਗਦੀ ਵਧੀਕ ਸੈਸ਼ਨ ਜੱਜ ਜੇ ਐਸ ਸਿੱਧੂ ਦੀ ਅਦਾਲਤ 'ਚ ਅੱਜ ਆਖ਼ਰੀ ਮੌਕੇ ਵਜੋਂ ਸੀਆਰਪੀਸੀ ਦੀ ਧਾਰਾ 313 ਤਹਿਤ (ਦੋਸ਼ੀਆਂ ਦੀ ਜਾਂਚ ਕਰਨ ਦਾ ਅ²ਖ਼ਤਿਆਰ) ਸੀਬੀਆਈ ਦੇ ਵਕੀਲ ਐਸ ਕੇ ਸਕਸੈਨਾ ਨੇ ਬਚਾਅ ਪੱਖ ਨੂੰ ਅਪਣਾ ਪੱਖ ਰੱਖਣ ਲਈ ਕਿਹਾ। ਇਸ ਤੋਂ ਪਹਿਲਾਂ ਸੀਬੀਆਈ ਵਕੀਲ ਨੇ ਇਸ ਕੇਸ ਤਹਿਤ ਭਾਈ ਜਗਤਾਰ ਸਿੰਘ ਹਵਾਰਾ ਕੋਲੋਂ ਪਹਿਲਾਂ ਹੀ ਪੁੱਛੇ ਜਾ ਚੁੱਕੇ ਦੋ ਹਜ਼ਾਰ ਸਵਾਲਾਂ ਨੂੰ ਸੰਖੇਪ ਕਰਦੇ ਹੋਏ ਅੱਜ 120 ਸਵਾਲਾਂ ਦੇ ਜਵਾਬ ਹਾਸਲ ਕਰ ਲਏ। ਇਨ੍ਹਾਂ ਤਹਿਤ ਸੰਵਿਧਾਨਕ ਵਿਵਸਥਾ ਮੁਤਾਬਕ ਭਾਈ ਤਾਰਾ ਨੂੰ ਅਪਣੇ ਬਚਾਅ 'ਚ ਕੁੱਝ ਹੋਵੇ ਤਾਂ  ਕਹਿਣ ਲਈ ਕਿਹਾ ਗਿਆ। ਐਡਵੋਕੇਟ ਸਿਮਰਜੀਤ ਸਿੰਘ ਦੇ ਨਿਜੀ ਸਹਿਯੋਗ ਨਾਲ ਖ਼ੁਦ ਹੀ ਅਪਣੇ ਕੇਸ ਦੀ ਪੈਰਵੀ ਕਰਦੇ ਹੋਏ ਤਾਰਾ ਨੇ ਅਦਾਲਤ ਨੂੰ ਅੱਜ 6 ਪੰਨਿਆਂ ਦੇ ਰੂਪ 'ਚ ਧਾਰਾ 313 ਦੀ ਵਿਵਸਥਾ ਤਹਿਤ ਅਪਣਾ ਜਵਾਬ ਸੌਂਪ ਦਿਤਾ। ਤਾਰਾ ਦੇ ਅੱਜ ਵਾਲੇ ਕਬੂਲਨਾਮੇ ਮੌਕੇ ਸਲਾਹਕਾਰ ਵਕੀਲ ਐਡਵੋਕੇਟ ਸਿਮਰਨਜੀਤ ਸਿੰਘ ਅਦਾਲਤ 'ਚ ਮੌਜੂਦ  ਸਨ। ਜਿਸ ਤਹਿਤ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹਤਿਆ ਬਾਰੇ ਅਪਣੇ ਕਬੂਲਨਾਮੇ 'ਤੇ ਬਰਕਰਾਰ ਰਹਿੰਦੇ ਹੋਏ ਕਿਹਾ ਕਿ ਉਨ੍ਹਾਂ ਦੋਖੀਆਂ ਨੂੰ ਸੋਧਣ ਵਾਲੀ ਸਿੱਖ ਪ੍ਰੰਪਰਾ ਤੋਂ ਪ੍ਰੇਰਿਤ ਹੋ ਕੇ ਇਸ ਹਤਿਆ ਕਾਂਡ ਨੂੰ ਅੰਜਾਮ ਦਿਤਾ ਸੀ । ਤਾਰਾ ਨੇ ਗੁਰਬਾਣੀ ਦੇ ਮਹਾਂਵਾਕ 'ਰਾਜੇ ਸੀਂਹ ਮੁਕੱਦਮ ਕੁੱਤੇ' ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਭਾਰਤ ਸਰਕਾਰ ਨੇ ਰਾਸ਼ਟਰਪਤੀ ਰਾਜ ਦੌਰਾਨ 1987 ਤੋਂ 1992 ਤਕ ਪੰਜਾਬ ਵਿਚ ਸਿੱਖਾਂ ਦਾ ਰੱਜ ਕੇ ਘਾਣ ਕੀਤਾ। ਪਰ ਮਨੁੱਖੀ ਹੱਕਾਂ ਦੀ ਘੋਰ ਉਲੰਘਣਾ ਵਜੋਂ ਇਸ ਮਾਮਲੇ ਨੂੰ ਸੰਯੁਕਤ ਰਾਸ਼ਟਰ 'ਚ ਚੁਨੌਤੀ ਦੇ ਡਰ ਤੋਂ ਕੇਂਦਰ ਨੇ ਸਾਲ 1992 'ਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਕਰਵਾ ਇਨ੍ਹਾਂ ਚੋਣਾਂ ਦੇ ਵੱਡੇ ਪੱਧਰ 'ਤੇ ਬਾਈਕਾਟ ਦੇ ਬਾਵਜੂਦ ਵੀ ਮਹਿਜ 6 ਫ਼ੀ ਸਦੀ ਦੇ ਕਰੀਬ ਵੋਟਾਂ ਨਾਲ ਬੇਅੰਤ ਸਿੰਘ ਦੀ ਅਗਵਾਈ ਵਾਲੀ ਸਰਕਾਰ ਬਣਾ ਦਿਤੀ।
ਅੱਜ ਅਦਾਲਤ ਨੂੰ ਸੌਂਪੇ ਅਪਣੇ ਪੱਤਰ 'ਚ ਤਾਰਾ ਨੇ ਕਿਹਾ ਕਿ ਬੇਅੰਤ ਸਿੰਘ ਵਲੋਂ ਅਪ੍ਰੇਸ਼ਨ ਬਲਿਊ ਸਟਾਰ, ਦਿੱਲੀ ਸਿੱਖ ਕਤਲੇਆਮ, ਰਾਸ਼ਟਰਪਤੀ ਰਾਜ 'ਚ ਪੰਜਾਬ 'ਚ ਸਿੱਖੀ ਦੇ ਹੁੰਦੇ ਆਏ ਘਾਣ ਨੂੰ ਬਰਕਰਾਰ ਰੱਖਦੇ ਹੋਏ ਖ਼ੁਦ ਵੀ ਸੂਬੇ ਦੇ ਮੁੱਖ ਮੰਤਰੀ ਵਜੋਂ ਬੇਕਸੂਰ ਸਿੱਖ ਨੌਜਵਾਨਾਂ ਨੂੰ ਮਰਵਾਇਆ। ਤਾਰਾ ਨੇ ਕਿਹਾ ਕਿ ਸਿੱਖੀ ਪ੍ਰੰਪਰਾ ਅਨੁਸਾਰ ਜੋ ਵੀ ਗ਼ਲਤ ਕੰਮ ਕਰਦਾ ਹੈ, ਉਸ ਨੂੰ ਸਜ਼ਾ ਦਿਤੀ ਜਾਂਦੀ ਹੈ ਜੋ ਉਨ੍ਹਾਂ ਵਲੋਂ ਬੇਅੰਤ ਸਿੰਘ ਨੂੰ ਦਿਤੀ।

  ਇਸ ਕੇਸ ਤਹਿਤ ਤਾਰਾ ਨੇ ਸੀਬੀਆਈ ਵਕੀਲ ਵਲੋਂ ਪੁੱਛੇ ਸਵਾਲਾਂ ਦੇ ਜਵਾਬ ਵਿਚ ਪਹਿਲਾਂ ਉਕਤ ਵਾਰਦਾਤ ਵਾਲੇ ਦਿਨ ਦੀ ਵਿਥਿਆ ਅਦਾਲਤ 'ਚ ਬਿਆਨ ਕਰਦੇ ਹੋਏ ਦਸਿਆ ਹੈ ਕਿ 30 ਅਗੱਸਤ 1995 ਵਾਲੇ ਦਿਨ ਉਹ (ਤਾਰਾ) ਮਨੁੱਖੀ ਬੰਬ ਬਣੇ ਦਿਲਾਵਰ ਸਿਂੰਘ ਅਤੇ ਬਲਵੰਤ ਸਿਂੰਘ ਰਾਜੋਆਣਾ ਸਣੇ ਅੰਬੈਂਸਡਰ ਕਾਰ ਨੰਬਰ 9598 'ਚ ਸਵਾਰ ਹੋ ਪੰਜਾਬ ਸਕੱਤਰੇਤ ਪਹੁੰਚੇ ਸਨ। ਉਨ੍ਹਾਂ ਨਾਲ ਕਾਰ ਵਿਚ ਉਸ ਮੌਕੇ ਜਗਤਾਰ ਸਿਂੰਘ ਤਾਰਾ ਬਿਲਕੁਲ ਨਹੀਂ ਸੀ। ਦਸਣਯੋਗ ਹੈ ਤਾਰਾ ਨੇ ਹਵਾਰਾ ਦੀ ਹਤਿਆ 'ਚ ਸ਼ਮੂਲੀਅਤ ਬਾਰੇ ਹਾਲੀਆ ਸੁਣਵਾਈ ਮੌਕੇ ਕੋਈ ਟਿਪਣੀ ਨਹੀਂ ਦਿਤੀ ਹੈ। ਤਾਰਾ ਨੇ ਅਦਾਲਤ ਨੂੰ ਦਸਿਆ ਕਿ ਜਦੋਂ ਉਸ ਦਿਨ ਉਨ੍ਹਾਂ ਨੂੰ ਪਤਾ ਲੱਗਾ ਕਿ ਤਤਕਾਲੀ ਮੁੱਖ ਮੰਤਰੀ ਬੇਅੰਤ ਸਿਂੰਘ ਪੰਜਾਬ ਸਕੱਤਰੇਤ ਤੋਂ ਜਾ ਚੁਕੇ ਹਨ ਤਾਂ ਉਹ ਮੁਹਾਲੀ ਪਰਤ ਆਏ ਅਤੇ ਇਕ ਸਰਕਾਰੀ ਟਿਊਬਵੈਲ ਦੇ ਕਮਰੇ 'ਚ ਠਹਿਰੇ। ਰਾਤ ਨੂੰ ਦਿਲਾਵਰ ਸਿੰਘ ਨੇ ਅਪਣੇ ਸਰੀਰ ਨਾਲ ਬੰਨੀ ਬੰਬ ਵਾਲੀ ਬੈਲਟ ਉਤਾਰ ਦਿਤੀ। ਅਗਲੇ ਦਿਨ 31 ਅਗੱਸਤ 1995 ਨੂੰ ਉਹ ਫਿਰ ਕਾਰ ਰਾਹੀਂ ਪੰਜਾਬ ਸਕੱਤਰੇਤ ਗਏ। ਤਾਰਾ ਨੇ ਕਿਹਾ ਉਹ ਖ਼ੁਦ ਕਾਰ ਚਲਾ ਰਿਹਾ ਸੀ। ਦਿਲਾਵਰ ਸਿੰਘ ਨਾਲ ਦੀ ਸੀਟ ਉਤੇ ਬੈਠਾ ਸੀ ਅਤੇ ਰਾਜੋਆਣਾ ਪਿੱਛੇ ਪਿੱਛੇ ਇਕ ਸਕੂਟਰ ਉਤੇ ਆ ਰਿਹਾ ਸੀ। ਇਸ ਮਗਰੋਂ ਕਰੀਬ 12 ਵਜੇ ਦੁਪਹਿਰ ਉਹ ਅਤੇ ਰਾਜੋਆਣਾ ਮੁੱਖ ਮੰਤਰੀ ਨਿਵਾਸ ਉਤੇ ਗਏ। ਜਿਥੇ ਉਨ੍ਹਾਂ ਮੁੱਖ ਮੰਤਰੀ ਨਿਵਾਸ ਦੇ ਬਾਹਰ ਵੱਡੀ ਗਿਣਤੀ ਕਾਰਾਂ ਖੜੀਆਂ ਵੇਖੀਆਂ ਅਤੇ ਬੇਅੰਤ ਸਿਂੰਘ ਅਪਣੇ ਨਿਵਾਸ ਵਿਚ ਮੌਜੂਦ ਸੀ ਜਿਸ ਮਗਰੋਂ ਉਹ ਸਕੂਟਰ ਉਤੇ ਮੁਹਾਲੀ ਆ ਗਏ ਅਤੇ ਉਥੋਂ ਦੋ ਟੀ-ਸ਼ਰਟ ਅਤੇ ਹੈਲਮਟ ਖ਼ਰੀਦੇ ਜਿਸ ਮਗਰੋਂ ਉਨ੍ਹਾਂ ਨੂੰ ਮੁੱਖ ਮੰਤਰੀ ਬੇਅੰਤ ਸਿਂੰਘ ਦੀ 1 ਵਜੇ ਤੋਂ 1.25 ਵਜੇ ਦਰਮਿਆਨ ਪੰਜਾਬ ਸਕੱਤਰੇਤ 'ਚ ਆਮਦ ਬਾਰੇ ਪਤਾ ਲਗਾ ਜਿਸ ਮਗਰੋਂ ਉਹ ਅੰਬੈਂਸਡਰ ਕਾਰ ਪੰਜਾਬ ਸਕੱਤਰੇਤ ਲੈ ਕੇ ਗਏ। ਕਾਰ ਦੀ ਪਿਛਲੀ ਸੀਟ ਉਤੇ ਬੈਠੇ ਰਾਜੋਆਣਾ ਨੇ ਮਨੁੱਖੀ ਬੰਬ ਬਣੇ ਨੂੰ ਇਕ ਨਵੀਂ ਬੈਟਰੀ ਦਿਤੀ। ਤਾਰਾ ਨੇ  ਅਦਾਲਤ ਨੂੰ ਅੱਗੇ ਦਸਿਆ ਕਿ ਉਸ ਮਗਰੋਂ ਉਸ ਨੇ ਚੰਡੀਗੜ੍ਹ ਬੱਸ ਅੱਡੇ ਤੋਂ ਨੌਂ ਸਵਾ ਨੌਂ ਦੇ ਦਰਮਿਆਨ ਦਿੱਲੀ ਲਈ ਬੱਸ ਫੜ ਲਈ। ਉਸ ਨੂੰ ਮੁੱਖ ਮੰਤਰੀ ਬੇਅੰਤ ਸਿੰਘ ਦੀ ਮੌਤ ਬਾਰੇ ਦਿੱਲੀ 'ਚ ਹੀ ਪਤਾ ਲੱਗਾ। ਤਾਰਾ ਨੇ ਕਿਹਾ ਕਿ ਪਹਿਲਾਂ ਤੋਂ ਹੀ ਵਿਉਂਤ ਕੀਤੀ ਸੀ ਕਿ ਪੁਲਿਸ ਦੀ ਵਰਦੀ ਪਹਿਨੀ ਦਿਲਾਵਰ ਸਿੰਘ ਉਦੋਂ ਅੱਗੇ ਜਵੇਗਾ ਜਦੋਂ ਪੁਲਿਸ ਕਮਾਂਡੋ  ਅਪਣੀ ਪੁਜੀਸ਼ਨ ਲੈ ਲੈਣਗੇ ਅਤੇ ਬੰਬ ਬਲਾਸਟ ਲਈ ਬੈਟਰੀ ਬਟਨ ਦਾ ਦਬਾਅ ਦੇਵੇਗਾ। ਕੇਸ ਦੀ ਸੁਣਵਾਈ ਦੀ ਅਗਲੀ ਤਰੀਕ 7 ਫ਼ਰਵਰੀ ਰੱਖੀ ਗਈ ਹੈ, ਜਿਸ ਦੌਰਾਨ ਸੀਬੀਆਈ ਵਕੀਲ ਵਲੋਂ ਤਾਰਾ ਦੇ ਅੱਜ ਵਾਲੇ ਕਬੂਲਨਾਮੇ ਅਤੇ ਪੱਤਰ ਉਤੇ ਅਪਣਾ ਪੱਖ ਰਖਿਆ ਜਾਵੇਗਾ ਜਿਸ ਮਗਰੋਂ ਇਸ ਕੇਸ ਦੇ ਫ਼ੈਸਲੇ ਵਲ ਜਾਣ ਦੇ ਆਸਾਰ ਬਣ ਗਏ ਹਨ।