ਚੰਡੀਗੜ੍ਹ, 16 ਅਕਤੂਬਰ (ਜੀ.ਸੀ. ਭਾਰਦਵਾਜ) : ਹਫ਼ਤਾ ਭਰ ਪਹਿਲਾਂ ਲਿਖਤੀ ਚਿੱਠੀ ਰਾਹੀਂ ਭੇਜੇ ਸੁਨੇਹੇ ਮੁਤਾਬਕ ਅੱਜ ਮੁੰਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਪਣੀ ਸਰਕਾਰੀ ਰਿਹਾਇਸ਼ 'ਤੇ ਤਿੰਨ ਘੰਟੇ ਕਿਸਾਨ ਯੂਨੀਅਨਾਂ ਦੇ ਅਹੁਦੇਦਾਰਾਂ ਨਾਲ ਕਿਸਾਨੀ ਕਰਜ਼ੇ ਮੁਆਫ਼ ਕਰਨ ਸਮੇਤ ਪਰਾਲੀ ਨਾ ਸਾੜਨ ਅਤੇ ਹੋਰ ਮੁੱਦਿਆਂ 'ਤੇ ਗੱਲਬਾਤ ਕੀਤੀ ਜੋ ਬੇਸਿੱਟਾ ਰਹੀ ਅਤੇ ਕੁੱਝ ਜਥੇਬੰਦੀਆਂ ਮੁਤਾਬਕ ਪੂਰੀ ਤਰ੍ਹਾਂ ਫੇਲ ਹੋ ਗਈ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ, ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਪਹੁੰਚਣ ਉਪ੍ਰੰਤ ਅੱਧਾ ਘੰਟਾ ਸੁਰੱਖਿਆ ਮੁਲਾਜ਼ਮਾਂ ਦੀ ਜਾਂਚ ਤੋਂ ਨਾਰਾਜ਼ ਹੋ ਕੇ ਗੁੱਸੇ ਵਿਚ ਵਾਪਸ ਚਲੇ ਗਏ। ਪਤਾ ਲੱਗਾ ਹੈ ਕਿ ਲੱਖੋਵਾਲ ਗਰੁਪ ਬੈਠਕ ਵਿਚ ਹੀ ਨਹੀਂ ਗਿਆ। ਬਾਕੀ ਸੱਤ ਜਥੇਬੰਦੀਆਂ ਜਿਨ੍ਹਾਂ ਵਿਚ ਉਗਰਾਹਾਂ, ਏਕਤਾ, ਡਕੌਂਦਾ, ਕਿਰਤੀ ਕਿਸਾਨ ਯੂਨੀਅਨ, ਕ੍ਰਾਂਤੀਕਾਰੀ, ਕਿਸਾਨੀ ਸੰਘਰਸ਼ ਕਮੇਟੀ ਤੇ ਹੋਰ ਸ਼ਾਮਲ ਹਨ, ਦੇ ਨੁਮਾਇੰਦਿਆਂ ਨੇ ਮੁੱਖ ਮੰਤਰੀ ਨਾਲ ਲਗਭਗ ਤਿੰਨ ਘੰਟੇ ਚਰਚਾ ਕੀਤੀ।ਵਿਚਾਰ ਅਧੀਨ ਮੁੱਦਿਆਂ ਵਿਚ ਕਿਸਾਨੀ ਕਰਜ਼ੇ ਮੁਆਫ਼ ਕਰਨੇ, ਪ੍ਰਦੂਸ਼ਣ ਰੋਕਣ ਲਈ ਝੋਨੇ ਦੀ ਪਰਾਲੀ ਨਾ ਸਾੜਨਾ, ਇਸ ਬਦਲੇ ਮੁਆਵਜ਼ਾ ਦੇਣਾ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਇਕ ਪਾਸੜ ਫ਼ੈਸਲੇ ਅਤੇ ਹੋਰ ਵਿਸ਼ੇ ਸ਼ਾਮਲ ਸਨ।