ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ 'ਚ ਤਬਦੀਲ ਕਰਨ ਵਾਲੀ ਪਟੀਸ਼ਨ 'ਤੇ ਫ਼ੈਸਲਾ ਰਾਖਵਾਂ

ਖ਼ਬਰਾਂ, ਪੰਜਾਬ

ਚੰਡੀਗੜ੍ਹ, 2 ਨਵੰਬਰ (ਨੀਲ ਭਲਿੰਦਰ ਸਿੰਘ): ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹਤਿਆ ਕੇਸ 'ਚ ਫਾਂਸੀ ਦੀ ਸਜ਼ਾ ਯਾਫ਼ਤਾ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ ਰਾਜੋਆਣਾ ਦੁਆਰਾ ਦਾਇਰ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਨ ਸਬੰਧੀ ਪਟੀਸ਼ਨ ਉਤੇ ਅਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਜਸਟਿਸ ਰਾਕੇਸ਼ ਕੁਮਾਰ ਜੈਨ ਵਾਲੇ ਬੈਂਚ ਕੋਲ ਅੱਜ ਇਸ ਨੁਕਤੇ 'ਤੇ ਸੁਣਵਾਈ ਹੋਈ ਕਿ ਕੀ ਕਿਸੇ ਪਰਵਾਰਕ ਜੀਅ ਨੂੰ ਅਜਿਹੀ ਪਟੀਸ਼ਨ ਪਾਉਣ ਦਾ ਕਾਨੂੰਨੀ ਅਧਿਕਾਰ ਹੈ ਜਾਂ ਨਹੀਂ? ਇਸ ਸਬੰਧੀ ਪਟੀਸ਼ਨਰ ਦੀ ਵਕੀਲ ਗੁਰਸ਼ਰਨ ਕੌਰ ਮਾਨ ਨੇ ਕੁੱਝ ਉਨ੍ਹਾਂ ਅਜਿਹੀਆਂ ਪਟੀਸ਼ਨਾਂ ਅਤੇ ਅਦਾਲਤੀ ਫ਼ੈਸਲਿਆਂ ਦੇ ਵੇਰਵੇ ਬੈਂਚ ਸਾਹਮਣੇ ਰੱਖੇ ਜਿਨ੍ਹਾਂ ਵਿਚ ਪਰਵਾਰਕ ਜੀਆਂ ਵਲੋਂ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿਚ ਅਜਿਹੀਆਂ ਪਟੀਸ਼ਨਾਂ ਪਾਈਆਂ ਗਈਆਂ ਸਨ।ਇਸ ਸਬੰਧੀ ਵਕੀਲ ਦਾ ਪੱਖ ਸੁਣਨ ਤੋਂ ਬਾਅਦ ਜਸਟਿਸ ਜੈਨ ਨੇ ਅਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਇਹ ਪਟੀਸ਼ਨ ਕਰੀਬ ਇਕ ਮਹੀਨਾ ਪਹਿਲਾਂ ਦਾਇਰ ਕੀਤੀ ਸੀ। ਇਸ ਬਾਰੇ ਜਾਰੀ ਪ੍ਰੈੱਸ ਬਿਆਨ 'ਚ ਬੀਬੀ ਰਾਜੋਆਣਾ ਨੇ ਕਿਹਾ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ 22 ਦਸੰਬਰ 1995 ਨੂੰ ਬੇਅੰਤ ਕੇਸ ਵਿਚ ਹੋਈ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਨੇ ਇਸ ਕੇਸ ਦੀ ਸੁਣਵਾਈ ਦੌਰਾਨ ਅਦਾਲਤ ਵਿਚ ਆ ਕੇ ਸਿਰਫ਼ ਅਪਣੇ ਕੀਤੇ ਹੋਏ ਕੰਮ ਨੂੰ ਸਵੀਕਾਰ ਹੀ ਨਹੀਂ ਕੀਤਾ ਸਗੋਂ ਅਦਾਲਤ ਨੂੰ ਇਹ ਵੀ ਦਸਿਆ ਕਿ ਇਹ ਸੱਭ ਕੁੱਝ ਉਨ੍ਹਾਂ ਕਿਉਂ ਕੀਤਾ ਹੈ। ਬੀਬੀ ਰਾਜੋਆਣਾ ਨੇ ਕਿਹਾ ਨੇ ਕਿਹਾ ਕਿ ਭਾਈ ਰਾਜੋਆਣਾ ਨੇ ਅਦਾਲਤ ਨੂੰ ਮੰਚ ਬਣਾ ਕੇ ਜੂਨ 1984 ਅਤੇ ਉਸ ਤੋਂ ਬਾਅਦ ਸਿੱਖ ਕੌਮ ਤੇ ਹੋਏ ਭਿਆਨਕ ਜ਼ੁਲਮ ਦੀ ਦਾਸਤਾਨ ਨੂੰ ਅਦਾਲਤ ਦੇ ਹਰ ਪੰਨੇ ਤੇ ਨੋਟ ਕਰਵਾ ਕੇ ਅਪਣੇ ਕੌਮੀ ਫ਼ਰਜ਼ ਅਦਾ ਕੀਤੇ। ਤਕਰੀਬਨ 13 ਸਾਲ ਲੰਬੀ ਇਸ ਅਦਾਲਤੀ ਪ੍ਰਕਿਰਿਆ ਤੋਂ ਬਾਅਦ ਚੰਡੀਗੜ੍ਹ ਦੀ ਸੈਸ਼ਨ ਅਦਾਲਤ ਨੇ 31 ਜੁਲਾਈ 2007 ਨੂੰ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਅਤੇ ਇਸ ਸਜ਼ਾ ਵਿਰੁਧ ਉਨ੍ਹਾਂ ਨੂੰ ਅਪੀਲ ਕਰਨ ਲਈ ਸੱਤ ਦਿਨਾਂ ਦਾ ਸਮਾਂ ਦਿਤਾ ਗਿਆ।