ਭਾਜਪਾ ਸਿੱਖ ਸੈੱਲ ਦੇ ਵਫ਼ਦ ਨੇ ਕੀਤੀ ਉਤਰਾਖੰਡ ਦੇ ਮੁੱਖ ਮੰਤਰੀ ਨਾਲ ਮੁਲਾਕਾਤ

ਖ਼ਬਰਾਂ, ਪੰਜਾਬ

ਨਵੀਂ ਦਿੱਲੀ, 8 ਮਾਰਚ (ਸੁਖਰਾਜ ਸਿੰਘ): ਭਾਜਪਾ ਸਿੱਖ ਸੈਲ ਦੇ ਪੰਜ ਮੈਂਬਰੀ ਵਫਦ ਨੇ ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਵਿਖੇ ਜਾ ਕੇ ਮੁੱਖ ਮੰਤਰੀ ਤੇਰੇਂਦਰ ਸਿੰਘ ਰਾਵਤ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਹਰਿ ਕੀ ਪੌੜੀ ਹਰਿਦੁਆਰ ਵਿਖੇ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਅਸਥਾਨ ਗੁਰਦਵਾਰਾ ਗਿਆਨ ਗੋਦੜੀ ਦੀ ਸਥਾਪਣਾ ਨੂੰ ਲੈ ਕੇ ਇਕ ਮੰਗ ਪੱਤਰ ਸੌਂਪਿਆ।ਇਸ ਮੌਕੇ ਕਨਵੀਨਰ ਕੁਲਦੀਪ ਸਿੰਘ ਨੇ ਮੁੱਖ ਮੰਤਰੀ ਨਾਲ ਗੱਲਬਾਤ ਕਰਦਿਆਂ ਇਸ ਨੂੰ ਗੁਰੂ ਨਾਨਕ ਦੇਵ ਜੀ ਨਾਲ ਜੁੜਿਆ ਹੋਇਆ ਮੁੱਦਾ ਦਸਿਆ। ਉਨ੍ਹਾਂ ਕਿਹਾ ਕਿ ਇਹ ਕੇਵਲ ਉਤਰਾਖੰਡ ਸੂਬੇ ਦਾ ਹੀ ਨਹੀਂ ਸਗੋਂ ਪੂਰੇ ਸੰਸਾਰ ਭਰ ਦੇ ਸਿੱਖਾਂ ਦੀ ਆਸਥਾ ਦਾ ਪ੍ਰਤੀਕ ਹੈ।ਪ੍ਰਭਾਰੀ ਕੁਲਵਿੰਦਰ ਸਿੰਘ ਬੰਟੀ ਦਾ ਕਹਿਣਾ ਸੀ ਕਿ ਬਾਬੇ ਨਾਨਕ ਨੇ ਦੁਨੀਆਂ ਨੂੰ ਸਰਬ ਧਰਮ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਹੈ।ਗੁਰੂ ਸਾਹਿਬ ਸਿੱਖਾਂ ਦੇ ਨਾਲ-ਨਾਲ ਸਾਰੇ ਧਰਮਾਂ ਲਈ ਸਤਿਕਾਰਯੋਗ ਹਨ। ਕੋ-ਕਨਵੀਨਰ ਜਸਪ੍ਰੀਤ ਸਿੰਘ ਮਾਟਾ ਨੇ ਮੁੱਖ ਮੰਤਰੀ ਨੂੰ ਦਸਿਆ ਕਿ ਅਗਲੇ ਵਰ੍ਹੇ 2019 ਵਿਚ ਗੁਰੂ ਨਾਨਕ ਦੇਵ ਜੀ ਦੀ 550ਵੀਂ ਪ੍ਰਕਾਸ਼ ਪੁਰਬ ਸਤਾਬਦੀ ਆ ਰਹੀ ਹੈ 

ਜੇਕਰ ਇਸ ਮੌਕੇ ਉੱਤਰਾਖੰਡ ਸਰਕਾਰ ਸਿੱਖ ਸੰਗਤਾਂ ਨੂੰ ਗੁਰਦਵਾਰੇ ਦੀ ਜਗ੍ਹਾ ਸੌਂਪਦੀ ਹੈ ਤਾਂ ਇਹ ਦੇਸ਼-ਵਿਦੇਸ਼ ਵਿਚ ਵਸਦੇ ਸਿੱਖਾਂ ਵਿਚ ਇਹ ਚੰਗਾ ਸੁਨੇਹਾ ਜਾਵੇਗਾ ਅਤੇ ਘੱਟ ਗਿਣਤੀਆਂ ਦੇ ਮੰਨਾਂ ਵਿਚ ਸਰਕਾਰ ਪ੍ਰਤੀ ਵਿਸ਼ਵਾਸ਼ ਹੋਰ ਵਧੇਗਾ। ਇਸ ਮੌਕੇ ਮੁੱਖ ਮੰਤਰੀ ਤੇਰੇਂਦਰ ਸਿੰਘ ਰਾਵਤ ਨੇ ਕਿਹਾ ਕਿ ਇਸ ਮੁੱਦੇ 'ਤੇ ਉਤਰਾਖੰਡ ਸਰਕਾਰ ਨੇ ਪਹਿਲਾਂ ਤੋਂ ਹੀ ਇਕ ਕਮੇਟੀ ਬਣਾਈ ਹੋਈ ਹੈ ਜੋ ਬਹੁਤ ਜਲਦ ਹੀ ਆਪਣੀ ਰਿਪੋਰਟ ਮੈਨੂੰ ਸੌਂਪੇਗੀ। ਉਨ੍ਹਾਂ ਦਸਿਆ ਕਿ ਇਕ ਵਿਸਾਲ ਗੁਰਦਵਾਰਾ ਬਣਾਉਣ ਲਈ ਹਰਿ ਕੀ ਪੌੜੀ ਤੋਂ ਕੁਝ ਦੂਰੀ ਤੇ ਲਗਭਗ ਚਾਰ-ਪੰਜ ਏਕੜ ਜਮੀਨ ਸਿੱਖ ਸੰਗਤਾਂ ਨੂੰ ਸੌਪੀ ਜਾਵੇਗੀ। ਇਸ ਵਫਦ ਵਿਚ ਉਕਤ ਆਗੂਆਂ ਤੋਂ ਇਲਾਵਾ ਕੋ-ਕਨਵੀਨਰ ਜਗਦੀਪ ਸਿੰਘ ਕੋਹਲੀ ਅਤੇ ਮਨਪ੍ਰੀਤ ਸਿੰਘ ਹੰਸਪਾਲ ਆਦਿ ਮੌਜੂਦ ਸਨ।