ਭਾਖੜਾ-ਪੌਂਗ ਦਾ ਪਾਣੀ ਪੱਧਰ ਟੀਸੀ ਨੇੜੇ ਪਹੁੰਚਿਆ

ਖ਼ਬਰਾਂ, ਪੰਜਾਬ

ਚੰਡੀਗੜ੍ਹ, 5 ਸਤੰਬਰ (ਜੀ.ਸੀ. ਭਾਰਦਵਾਜ) : ਇਸ ਸਾਲ ਜੁਲਾਈ-ਅਗੱਸਤ ਮਹੀਨੇ ਪਹਾੜੀ ਖੇਤਰ 'ਚ ਚੌਥੀ ਬਰਸਾਤ ਹੋਣ ਨਾਲ ਸਤਲੁਜ ਤੇ ਬਿਆਸ ਦਰਿਆਵਾਂ 'ਚ ਪਾਣੀ ਦਾ ਵਹਾਅ ਵਧਣ ਕਰ ਕੇ ਭਾਖੜਾ ਦੇ ਗੋਬਿੰਦ ਸਾਗਰ ਦਾ ਪੱਧਰ ਪਿਛਲੇ ਸਾਲ ਨਾਲੋਂ 25 ਫ਼ੁਟ ਜ਼ਿਆਦਾ ਅਤੇ ਪੌਂਗ ਡੈਮ ਤਲਵਾੜਾ ਦਾ ਪਾਣੀ ਪੱਧਰ 13 ਫ਼ੁਟ ਵਾਧੂ ਹੋ ਗਿਆ ਹੈ।
ਸਤਲੁਜ ਦਰਿਆ 'ਤੇ ਬਣੇ ਭਾਖੜਾ ਡੈਮ ਦਾ ਪੱਧਰ ਅੱਜ 1674 ਫੁੱਟ ਦੇ ਨੇੜੇ ਪਹੁੰਚ ਗਿਆ। ਬਿਆਸ ਦਰਿਆ 'ਤੇ ਉਸਾਰੇ ਪੌਂਗ ਡੈਮ ਦਾ ਪਾਣੀ ਪੱਧਰ 1385 ਫੁੱਟ ਦੇ ਨੇੜੇ ਆ ਗਿਆ ਹੈ। ਭਾਖੜਾ ਡੈਮ 1680 ਫੁੱਟ ਤਕ ਅਤੇ ਪੌਂਗ ਡੈਮ 'ਚ ਪਾਣੀ 1390 ਫੁੱਟ ਤੱਕ ਭਰਨ ਦੀ ਸਮਰੱਥਾ ਪਿਛਲੇ ਕੁਝ ਸਾਲਾਂ ਤੋਂ ਰਵਾਇਤ ਚੱਲੀ ਆਉਂਦੀ ਹੈ। ਅੱਜ ਇਥੇ 'ਰੋਜ਼ਾਨਾ ਸਪੋਕਸਮੈਨ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਬੀ.ਬੀ.ਐਮ.ਬੀ. ਚੇਅਰਮੈਨ ਇੰਜੀਨੀਅਰ ਡੀ.ਕੇ. ਸ਼ਰਮਾ ਨੇ ਦਸਿਆ ਕਿ ਅਜੇ ਵੀ ਭਾਖੜਾ ਦੇ ਗੋਬਿੰਦ ਸਾਗਰ 'ਚ ਰੋਜ਼ਾਨਾ 2,53,000 ਕਿਊਸਿਕ ਪਾਣੀ ਦਾ ਵਹਾਅ ਆ ਰਿਹਾ ਹੈ ਅਤੇ ਹਰ ਰੋਜ਼ 4 ਤੋਂ 6 ਇੰਚ ਲੈਵਲ ਵਧਣਾ ਜਾਰੀ ਹੈ। ਪੰਜਾਬ, ਹਰਿਆਣਾ ਦੀ ਜ਼ਰੂਰਤ ਵਾਸਤੇ ਭਾਖੜਾ ਤੋਂ ਰੋਜ਼ਾਨਾ 19,900 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਤੋਂ ਬੀ.ਬੀ.ਐਮ.ਬੀ. ਦੇ ਸਾਰੇ ਪਾਵਰ ਪਲਾਂਟਾਂ ਤੋਂ 345 ਲੱਖ ਯੂਨਿਟ ਬਿਜਲੀ ਦੇ ਟੀਚੇ ਨਾਲੋਂ 11 ਲੱਖ ਵੱਧ ਯਾਨੀ 356 ਲੱਖ ਯੂਨਿਟ ਬਿਜਲੀ ਬਣਾਈ ਜਾ ਰਹੀ ਹੈ।
ਚੇਅਰਮੈਨ ਨੇ ਦਸਿਆ ਕਿ 2918.73 ਮੈਗਾਵਾਟ ਦੀ ਕੁਲ ਸਮਰੱਥਾ ਵਾਲੇ ਭਾਖੜਾ ਦੇ ਖੱਬੇ ਤੇ ਸੱਜੇ ਕੰਢੇ ਦੀਆਂ 10 ਮਸ਼ੀਨਾਂ, ਡੇਹਰ ਪਾਵਰ ਪਲਾਂਟ ਦੀਆਂ 6 ਮਸ਼ੀਨਾਂ, ਗੰਗੂਵਾਲ-ਕੋਟਲਾ ਦੀਆਂ ਦੋ ਪਲਾਂਟ ਅਤੇ ਪੌਂਗ ਦੇ 6 ਜਨਰੇਟਰਾਂ ਤੋਂ ਬਿਜਲੀ ਬਣਾਉਣ ਵਾਲਾ ਇਹ ਭਾਖੜਾ-ਬਿਆਸ ਪ੍ਰਬੰਧਕ ਬੋਰਡ ਮੁਲਕ 'ਚ ਸਭ ਤੋਂ ਵੱਧ ਸ਼ਕਤੀਸ਼ਾਲੀ ਅਦਾਰਾ ਹੈ।
ਮੌਜੂਦਾ ਸਥਿਤੀ ਮੁਤਾਬਕ ਭਾਖੜਾ ਦੇ ਸੱਜੇ ਕੰਢੇ ਤੋਂ 5 ਜਨਰੇਟਰਾਂ ਤੋਂ 785 ਮੈਗਾਵਾਟ, ਖੱਬੇ ਕੰਢੇ ਦੀਆਂ 5 ਮਸ਼ੀਨਾਂ ਤੋਂ 594 ਮੈਗਾਵਾਟ, ਡੇਹਰ ਪਣਬਿਜਲੀ ਪਲਾਂਟਾਂ ਤੋਂ 990 ਮੈਗਾਵਾਟ, ਪੌਂਗ ਡੈਮ ਤਲਵਾੜਾ ਦੇ 6 ਪਾਵਰ ਮਸ਼ੀਨਾਂ ਤੋਂ 396 ਮੈਗਾਵਾਟ ਅਤੇ ਗੰਗੂਵਾਲ-ਕੋਟਲਾ ਦੇ ਦੋ ਜਨਰੇਟਰਾਂ ਤੋਂ 153.7 ਮੈਗਾਵਾਟ ਬਿਜਲੀ ਉਤਪਾਦਨ ਦੀ ਸਮਰੱਥਾ ਹੈ।
ਡੀ.ਕੇ. ਸ਼ਰਮਾ ਨੇ ਦਸਿਆ ਕਿ 1955-56 ਤੋਂ ਲਾਈਆਂ ਪਣਬਿਜਲੀ ਮਸ਼ੀਨਾਂ ਦੀ ਮੁਰੰਮਤ, ਸਮਰੱਥਾ ਸ਼ਕਤੀ ਵਧਾਉਣ ਅਤੇ ਤਕਨੀਕੀ ਨਵਿਆਉਣ ਦੀ ਪ੍ਰੀਕਿਰਿਆ ਹਮੇਸ਼ਾ ਚਲਦੀ ਰਹਿੰਦੀ ਹੈ। ਹੁਣ ਵੀ ਭਾਖੜਾ ਦੇ ਖੱਬੇ ਕੰਢੇ ਦੀਆਂ ਦੋ ਮਸ਼ੀਨਾਂ ਦੀ ਸਮਰੱਥਾ 108-108 ਮੈਗਾਵਾਟ ਤੋਂ ਵਧਾ ਕੇ 126-126 ਮੈਗਾਵਾਟ ਕਰ ਦਿਤੀ ਗਈ ਹੈ। ਤੀਸਰੀ 'ਤੇ ਕੰਮ ਜਾਰੀ ਹੈ। ਕੁਝ ਮਹੀਨੇ ਹੋਰ ਲੱਗਣਗੇ, ਜਦੋਂ ਕਿ ਚੌਥੀ ਅਤੇ ਪੰਜਵੀਂ ਬਿਜਲੀ ਮਸ਼ੀਨ ਦੀ ਸ਼ਕਤੀ ਵਧਾਉਣ ਦਾ ਮੁਰੰਮਦੀ ਕੰਮ ਅਗਲੇ ਸਾਲ ਸ਼ੁਰੂ ਕਰਕੇ 2019 'ਚ ਪੂਰਾ ਕਰ ਦਿਤਾ ਜਾਵੇਗਾ। ਉਨ੍ਹਾਂ ਦਸਿਆ ਕਿ ਗੰਗੂਵਾਲ-ਕੋਟਲਾ ਪਣਸ਼ਕਤੀ ਜਨਰੇਟਰਾਂ ਦਾ ਮੁਰੰਮਦੀ ਕੰਮ ਵੀ ਪੂਰਾ ਕਰਕੇ 31 ਅਕਤੂਬਰ ਤਕ ਚਾਲੂ ਕਰ ਦਿਤੇ ਜਾਣਗੇ।
ਚੇਅਰਮੈਨ ਨੇ ਇਹ ਵੀ ਦਸਿਆ ਕਿ ਬੀ.ਬੀ.ਐਮ.ਬੀ. ਨਾ ਸਿਰਫ ਪਾਣੀ ਤੋਂ ਬਿਜਲੀ ਬਣਾਉਣ ਵਾਲਾ ਅਦਾਰਾ ਹੈ, ਸਗੋਂ ਇਸ ਨੇ ਸੌਰ-ਊਰਜਾ ਦੇ ਖੇਤਰ 'ਚ ਵੀ ਵੱਡੀ ਪੁਲਾਂਘ ਪੁੱਟ ਕੇ 175 ਕਿਲੋਵਾਟ ਦਾ ਸੋਲਰ ਪਲਾਂਟ ਸਥਾਪਤ ਕਰ ਦਿਤਾ ਹੈ। ਡੀ.ਕੇ. ਸ਼ਰਮਾ ਨੇ ਕਿਹਾ ਕਿ ਆਵੁਣ ਵਾਲੇ ਸਮੇਂ 'ਚ ਚੰਡੀਗੜ੍ਹ ਹੈਡ ਕੁਆਰਟਰ ਤੋਂ ਇਲਾਵਾ ਨੰਗਲ, ਤਲਵਾੜਾ, ਸੁੰਦਰ ਨਗਰ, ਸਲਾਪੜਾ ਅਤੇ ਹੋਰ ਥਾਵਾਂ 'ਤੇ ਵੀ ਸੋਲਰ ਪਲਾਂਟ ਸਥਾਪਤ ਕਰਨ ਦਾ ਸਰਵੇਖਣ ਕੀਤਾ ਜਾ ਰਿਹਾ ਹੈ।