ਲੁਧਿਆਣਾ : ਸਥਾਨਕ ਨਗਰ ਨਿਗਮ ਦੀਆਂ 95 ਸੀਟਾਂ ਲਈ ਵੋਟਾਂ ਪੈਣ ਦਾ ਕੰਮ ਸ਼ਨੀਵਾਰ ਸਵੇਰ ਤੋਂ ਸ਼ੁਰੂ ਹੋ ਗਿਆ ਹੈ। ਲੋਕ ਪੋਲਿੰਗ ਬੂਥਾਂ 'ਤੇ ਆਪਣੇ ਉਮੀਦਵਾਰ ਦੀ ਚੋਣ ਕਰਨ ਲਈ ਵੋਟਾਂ ਪਾਉਣ ਆ ਰਹੇ ਹਨ। ਲੁਧਿਆਣਾ ਵਿਚ ਪੈ ਰਹੀ ਭਾਰੀ ਬਰਸਾਤ ਕਾਰਨ ਵੋਟਾਂ ਪੈਣ ਦਾ ਕੰਮ ਸੁਸਤ ਰਫ਼ਤਾਰ ਨਾਲ ਚੱਲ ਰਿਹਾ ਹੈ। ਬੀਤੀ ਰਾਤ ਤੋਂ ਰੁਕ ਰੁਕ ਕੇ ਹੋ ਰਹੀ ਬਰਸਾਤ ਹੁਣ ਤੇਜ਼ ਹੋ ਗਈ ਹੈ ਪਰ ਫਿਰ ਵੀ ਉਮੀਦਵਾਰਾਂ ਦੇ ਸਮਰਥਕਾਂ ਵੱਲੋਂ ਘਰ ਘਰ ਜਾ ਕੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ।
ਨਗਰ ਨਿਗਮ ਦੇ 95 ਵਾਰਡਾਂ ਲਈ ਕਰੀਬ 10.50 ਲੱਖ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਲੁਧਿਆਣਾ 'ਚ ਦੇਰ ਰਾਤ ਤੋਂ ਹੀ ਬਾਰਸ਼ ਹੋ ਰਹੀ ਸੀ ਪਰ ਹੁਣ ਬਾਰਸ਼ ਰੁਕ ਗਈ ਹੈ। ਨਗਰ ਨਿਗਮ ਦੀਆਂ ਵਧੇਰੇ ਸੀਟਾਂ 'ਤੇ ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ-ਲੋਕ ਇਨਸਾਫ ਪਾਰਟੀ ਗਠਜੋੜ ਵਿਚਕਾਰ ਹੈ। ਸ਼ਹਿਰ 'ਚ ਚੋਣ ਪ੍ਰਚਾਰ ਦੌਰਾਨ ਕਾਂਗਰਸ ਅਤੇ ਭਾਜਪਾ-ਅਕਾਲੀ ਗਠਜੋੜ ਅਤੇ ਲੋਕ ਇਨਸਾਫ ਪਾਰਟੀ ਦੇ ਕਾਰਕੁੰਨਾਂ ਵਿਚਕਾਰ ਕਈ ਥਾਵਾਂ 'ਤੇ ਝੜਪਾਂ ਵੀ ਹੋ ਚੁੱਕੀਆਂ ਹਨ, ਜਿਸ ਕਾਰਨ ਵੋਟਰਾਂ 'ਚ ਵੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਬੀਤੇ ਦਿਨ ਹੋਈਆਂ ਹਿੰਸਕ ਝੜਪਾਂ ਨੂੰ ਦੇਖਦਿਆਂ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਦੇਰ ਰਾਤ ਪੁਲਿਸ ਵੱਲੋਂ ਵੱਖ ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ ਵੋਟਰਾਂ ਨੂੰ ਰਾਸ਼ਨ ਵੰਡਦੇ ਉਮੀਦਵਾਰਾਂ ਦੇ ਸਮਰਥਕਾਂ ਨੂੰ ਕਾਬੂ ਵੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਥਾਨਕ ਸਲੇਮ ਟਾਬਰੀ ਵਿਚ ਚੋਣ ਪ੍ਰਬੰਧਾਂ ਵਿਚ ਲਾਪਰਵਾਹੀ ਕਰਨ ਕਾਰਨ ਪੁਲਿਸ ਕਮਿਸ਼ਨਰ ਵਲੋਂ ਥਾਣਾ ਸਲੇਮ ਟਾਬਰੀ ਦੇ ਮੁਖੀ ਵਿਜੇ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।