ਬੀ. ਐੱਸ. ਐੱਫ. ਜਵਾਨਾਂ ਨੇ ਭਾਰਤ- ਪਾਕਿ ਸਰਹੱਦ ਤੋਂ 20 ਕਰੋੜ ਦੀ ਹੈਰੋਇਨ ਕੀਤੀ ਬਰਾਮਦ

ਖ਼ਬਰਾਂ, ਪੰਜਾਬ

ਤਰਨਤਾਰਨ- ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਤਾਇਨਾਤ ਬੀ. ਐੱਸ. ਐੱਫ. ਦੀ 87ਵੀਂ ਬਟਾਲੀਅਨ ਦੇ ਜਵਾਨਾਂ ਨੇ ਬੁੱਧਵਾਰ ਦੀ ਰਾਤ ਨੂੰ ਪਾਕਿਸਤਾਨ ਵੱਲੋਂ ਭੇਜੀ ਗਈ 4 ਕਿਲੋ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 20 ਕਰੋੜ ਰੁਪਏ ਬਣਦੀ ਹੈ। 

ਜਾਣਕਾਰੀ ਅਨੁਸਾਰ ਸੈਕਟਰ ਅਮਰਕੋਟ 'ਚ ਤਾਇਨਾਤ ਬੀ. ਐੱਸ. ਐੱਫ. ਦੀ 87ਵੀਂ ਬਟਾਲੀਅਨ ਦੇ ਜਵਾਨਾਂ ਨੇ ਬੁੱਧਵਾਰ ਦੀ ਰਾਤ ਨੂੰ ਗੁਆਂਢੀ ਮੁਲਕ ਪਾਕਿਸਤਾਨ ਵੱਲੋਂ ਹਰਕਤ ਹੁੰਦੀ ਵੇਖੀ, ਜਿਸ ਤੋਂ ਬਾਅਦ ਮੁਸਤੈਦੀ 'ਚ ਵਾਧਾ ਕੀਤਾ ਗਿਆ। ਬੀ.ਐੱਸ.ਐੱਫ. ਦੀ ਟੀਮ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਤਲਾਸ਼ੀ ਮੁਹਿੰਮ ਚਲਾਈ, ਜਿਸ ਦੌਰਾਨ ਵਾਂ ਤਾਰਾ ਸਿੰਘ ਪੋਸਟ ਦੇ ਨਜ਼ਦੀਕ ਜਵਾਨਾਂ ਨੇ ਹੈਰੋਇਨ ਦੀ ਖੇਪ ਬਰਾਮਦ ਕੀਤੀ। ਇਸ ਖੇਪ 'ਚ ਕੁੱਲ 4 ਕਿਲੋ (4 ਪੈਕਟ) ਹੈਰੋਇਨ ਸੀ। 

ਬੀ. ਐੱਸ. ਐੱਫ. ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਕਤ ਖੇਪ ਭਾਰਤੀ ਖੇਤਰ 'ਚ ਕਿਨ੍ਹਾਂ ਸਮੱਗਲਰਾਂ ਤੱਕ ਪਹੁੰਚਾਈ ਜਾਣੀ ਸੀ।

ਇਸ ਸਬੰਧੀ ਐੱਸ.ਪੀ. (ਆਈ) ਤਿਲਕ ਰਾਜ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਤਸਕਰਾਂ ਦੇ ਖਿਲਾਫ਼ ਪਹਿਲਾਂ ਹੀ ਸ਼ਿਕੰਜਾ ਕੱਸਿਆ ਗਿਆ ਹੈ। ਹਾਲ ਹੀ ਵਿਚ ਹੈਰੋਇਨ ਦੀ ਖੇਪ ਕਿਨ੍ਹਾਂ ਤਸਕਰਾਂ ਤੱਕ ਪਹੁੰਚਾਈ ਜਾਣੀ ਸੀ, ਉਸ ਲਈ ਵਿਸ਼ੇਸ਼ ਟੀਮ ਵੱਲੋਂ ਪੜਤਾਲ ਕੀਤੀ ਜਾਵੇਗੀ।