ਬਿਜਲੀ ਦੇ ਰੇਟਾਂ ਵਿਚ ਵਾਧੇ ਵਿਰੁਧ 'ਆਪ' ਦਾ ਧਰਨਾ

ਖ਼ਬਰਾਂ, ਪੰਜਾਬ

ਪਟਿਆਲਾ/ਚੰਡੀਗੜ੍ਹ, 27 ਅਕਤੂਬਰ (ਬਲਵਿੰਦਰ ਸਿੰਘ ਭੁੱਲਰ/ਨੀਲ ਭਲਿੰਦਰ) : ਆਮ ਆਦਮੀ ਪਾਰਟੀ ਨੇ ਸ਼ੁਕਰਵਾਰ ਨੂੰ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮੀਟੇਡ ਦੇ ਪਟਿਆਲਾ ਦਫਤਰ ਦੇ ਬਾਹਰ ਧਰਨਾ ਦੇ ਕੇ ਪੰਜਾਬ ਸਰਕਾਰ ਦੁਆਰਾ ਬਿਜਲੀ ਦੇ ਰੇਟਾਂ ਵਿਚ ਕੀਤੇ 9.33 ਫ਼ੀ ਸਦੀ ਵਾਧੇ ਦਾ ਵਿਰੋਧੀ ਕੀਤਾ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਅਤੇ ਸਹਿ-ਪ੍ਰਧਾਨ ਅਮਨ ਅਰੋੜਾ ਸਮੇਤ ਪਾਰਟੀ ਦੇ ਵਿਧਾਇਕ ਅਤੇ ਆਗੂ ਇਸ ਦੌਰਾਨ ਮੌਜੂਦ ਰਹੇ।ਲੋਕਾਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫ਼ਰੰਟ 'ਤੇ ਫੇਲ ਹੋਈ ਹੈ ਅਤੇ ਸਰਕਾਰ ਸਥਾਪਤੀ ਦੇ 6 ਮਹੀਨਿਆਂ ਬਾਅਦ ਹੀ ਲੋਕ ਕਾਂਗਰਸ ਤੋਂ ਦੁਖੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਲੀਡਰ ਅਤੇ ਸਰਕਾਰ ਵਿਚਲੇ ਮੰਤਰੀ ਖ਼ੁਦ ਹੀ ਭ੍ਰਿਸ਼ਟਾਚਾਰ ਵਿਚ ਲਿਪਤ ਹੋ ਗਏ ਹਨ ਅਤੇ ਜਿਸ ਦਾ ਖ਼ਮਿਆਜ਼ਾ ਆਮ ਜਨਤਾ ਨੂੰ ਭੁਗਤਨਾ ਪੈ ਰਿਹਾ ਹੈ। ਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿਤੀ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਤੋਂ ਲੋਕ ਪੱਖੀ ਨੀਤੀਆਂ ਲਾਗੂ ਕਰਨਾ ਸਿੱਖਣ। ਮਾਨ ਨੇ ਕਿਹਾ ਕਿ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੀ ਥਾਂ ਸਰਕਾਰ ਉਨ੍ਹਾਂ 'ਤੇ ਵਾਧੂ ਭਾਰ ਕੇ ਅਪਣੀ ਮੰਤਰੀਆਂ ਅਤੇ ਨੇਤਾਵਾਂ ਨੂੰ ਲਾਭ ਪਹੁੰਚਾਉਣ ਦਾ ਯਤਨ ਕਰ ਰਹੀ ਹੈ। ਸਰਕਾਰ ਦੇ ਮੰਤਰੀ ਸੂਬੇ ਵਿਚ ਗ਼ੈਰ ਕਾਨੂੰਨੀ ਰੇਤ, ਬਜਰੀ, ਟਰਾਂਸਪੋਰਟ ਅਤੇ ਨਸ਼ੇ ਦੇ ਵਪਾਰ ਵਿਚ ਲੱਗੇ ਹੋਏ ਹਨ ਉਨ੍ਹਾਂ ਕਿਹਾ ਕਿ ਸਰਕਾਰ ਨੇ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਭੁਲਾ ਦਿਤੇ ਹਨ। ਅਮਰਿੰਦਰ ਸਿੰਘ ਸਰਕਾਰ ਦੁਆਰਾ ਸੂਬੇ ਦੇ ਲੋਕਾਂ ਉਤੇ ਬਿਜਲੀ ਰੇਟਾਂ ਵਿਚ ਵਾਧੇ ਰਾਹੀਂ ਭਾਰ ਪਾਉਣ ਦੀ ਆਲੋਚਨਾ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਅਜਿਹਾ ਕਰ ਕੇ ਸਰਕਾਰ ਪਹਿਲਾਂ ਤੋਂ ਹੀ ਖ਼ੁਦਕੁਸ਼ੀਆਂ ਕਰ ਰਿਹਾ ਕਿਸਾਨਾਂ ਅਤੇ ਖੇਤ ਮਜਦੂਰਾਂ ਨੂੰ ਅਜਿਹੇ ਕਦਮ ਉਠਾਉਣ ਲਈ ਮਜਬੂਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਆਮਦਨੀ ਵਧਾਉਣ ਦੀ ਥਾਂ ਸਰਕਾਰ ਉਨ੍ਹਾਂ ਉਤੇ ਤਰ੍ਹਾਂ-ਤਰ੍ਹਾਂ ਦੇ ਟੈਕਸ ਲਗਾ ਕੇ ਉਨ੍ਹਾਂ ਦਾ ਕਚੂਮਰ ਕੱਢ ਰਹੀ ਹੈ। 

ਖਹਿਰਾ ਨੇ ਕਿਹਾ ਕਿ ਜਿਹੜੀ ਸਰਕਾਰ ਨੇ ਵੱਡੇ-ਵੱਡੇ ਝੂਠੇ ਵਾਅਦੇ ਕਰ ਕੇ ਸੱਤਾ ਪ੍ਰਾਪਤ ਕੀਤੀ ਸੀ, ਹੁਣ ਵਾਅਦੇ ਪੂਰੇ ਨਾ ਕਰਨ ਦੀ ਸੂਰਤ ਵਿਚ ਅਪਣੇ ਹੀ ਲੋਕਾਂ ਉਤੇ ਅਤਿਆਚਾਰ ਕਰ ਰਹੀ ਹੈ। ਖਹਿਰਾ ਨੇ ਕਿਹਾ ਕਿ ਬਿਜਲੀ ਦੇ ਰੇਟਾਂ ਵਿਚ 7 ਤੋਂ 12 ਫ਼ੀ ਸਦੀ ਦਾ ਵਾਧਾ ਅਤਿ ਨਿੰਦਣ ਯੋਗ ਹੈ ਅਤੇ ਸਰਕਾਰ ਨੂੰ ਇਹ ਫੌਰੀ ਤੌਰ 'ਤੇ ਵਾਪਸ ਲੈਣਾ ਚਾਹੀਦਾ ਹੈ।
ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਇਹ ਵਾਅਦਾ ਉਸ ਸਮੇਂ ਆਇਆ ਹੈ ਜਦੋਂ ਕਿ ਆਮ ਆਦਮੀ ਪਹਿਲਾਂ ਹੀ ਮਹਿੰਗਾਈ ਦੀ ਮਾਰ ਅਤੇ ਵਪਾਰੀ ਵਰਗ ਮੰਦੀ ਕਾਰਨ ਦਿਨ ਗੁਜਰ ਕਰ ਰਿਹਾ ਹੈ। ਉਨਾਂ ਨੇ ਕਿਹਾ ਕਿ ਹੈ ਕਿ ਇਹ ਅਤਿ ਦੁਖਦਾਈ ਹੈ ਕਿ ਸਰਕਾਰ ਨੇ ਟੈਕਸ ਲਗਾਉਂਦਿਆਂ ਅਤੇ ਬਿਜਲੀ ਦੇ ਰੇਟਾਂ ਵਿਚ ਵਾਧਾ ਕਰਨ ਸਮੇਂ ਅਤਿ ਗ਼ਰੀਬ ਲੋਕਾਂ ਨੂੰ ਵੀ ਨਹੀਂ ਬਖ਼ਸ਼ਿਆ। ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਇਹ ਵਾਧਾ 1 ਅਪ੍ਰੈਲ 2017 ਤੋਂ ਲਾਗੂ ਹੋਵੇਗਾ ਅਤੇ ਲੋਕਾਂ ਨੂੰ ਪਿਛਲੇ ਕਰੀਬ 7 ਮਹੀਨਿਆਂ ਦਾ ਵੀ ਹੋਰ ਬਿਲ ਦੇਣਾ ਪਵੇਗਾ। ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਨੇ ਹੁਣੇ ਹੀ ਮਾਰਕੀਟ ਕਮੇਟੀ ਫ਼ੀਸ ਅਤੇ ਰੂਰਲ ਡਿਵੈਲਪਮੈਂਟ ਫ਼ੀਸ 1 ਫ਼ੀ ਸਦੀ ਤੋਂ 3 ਫ਼ੀ ਸਦੀ ਕੀਤੀ ਹੈ ਜਿਸ ਨਾਲ ਕਿ ਪੰਜਾਬ ਦੇ ਕਿਸਾਨਾਂ ਉਤੇ 900 ਕਰੋੜ ਰੁਪਏ ਦਾ ਵਾਧੂ ਭਾਰ ਆਇਆ ਹੈ। ਅਰੋੜਾ ਨੇ ਮਨੋਰੰਜਨ ਅਤੇ ਪ੍ਰੋਫ਼ੈਸ਼ਨਲ ਟੈਕਸ ਲਗਾਏ ਜਾਣ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਹ ਸਰਕਾਰ ਦੇ ਇਕ ਦੇਸ਼ ਇਕ ਟੈਕਸ ਦੀ ਫਾਰਮੂਲੇ ਨੂੰ ਹੀ ਝੂਠਾ ਸਾਬਤ ਕਰਦਾ ਹੈ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਬਿਜਲੀ ਦੇ ਰੇਟਾਂ ਵਿਚ ਕੀਤੇ ਵਾਧੇ ਨੂੰ ਫੌਰ ਤੌਰ 'ਤੇ ਵਾਪਸ ਲਿਆ ਜਾਵੇ ਅਤੇ ਪਹਿਲਾਂ ਤੋਂ ਹੀ ਨਿਘਰ ਚੁੱਕੇ ਪੰਜਾਬ ਦੇ ਵਪਾਰ ਨੂੰ ਹੋਰ ਨਾ ਉਜਾੜਿਆ ਜਾਵੇ। ਆਪ ਵਿਧਾਇਕ ਸਰਬਜੀਤ ਕੌਰ ਮਾਣੂਕੇ, ਬਲਜਿੰਦਰ ਕੌਰ, ਨਾਜਰ ਸਿੰਘ ਮਾਨਸ਼ਾਹੀਆ, ਮੀਤ ਹੇਅਰ, ਪਿਰਮਲ ਸਿੰਘ ਧੌਲਾ, ਜਗਦੇਵ ਸਿੰਘ ਕਮਾਲੂ, ਪ੍ਰਿੰਸੀਪਲ ਬੁਧ ਰਾਮ, ਕੁਲਤਾਰ ਸਿੰਘ, ਅਮਰਜੀਤ ਸਿੰਘ ਸੰਧੋਆ, ਆਪ ਆਗੂ ਦਲਵੀਰ ਢਿੱਲੋਂ, ਬਲਦੇਵ ਅਜ਼ਾਦ, ਡਾ. ਬਲਵੀਰ ਸਿੰਘ, ਕਰਨ ਟੀਵਾਣਾ, ਗਿਆਨ ਸਿੰਘ ਮੰਗੋ, ਤੇਜਿੰਦਰ ਮਹਿਤਾ, ਪਲਵਿੰਦਰ ਕੌਰ ਅਤੇ ਸੂਬੇ ਦੇ ਹੋਰ ਆਗੂ ਇਸ ਮੌਕੇ ਹਾਜ਼ਰ ਸਨ।