ਬਿਜਲੀ ਸਬਸਿਡੀ ਦੀ ਰਾਸ਼ੀ ਸਿੱਧੀ ਕਿਸਾਨਾਂ ਨੂੰ ਦਿਤੀ ਜਾਵੇਗੀ: ਮਨਪ੍ਰੀਤ

ਖ਼ਬਰਾਂ, ਪੰਜਾਬ

ਬਠਿੰਡਾ: ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵਿਰੋਧੀਆਂ ਵਲੋਂ ਕਾਂਗਰਸ ਸਰਕਾਰ ਦੁਆਰਾ ਖੇਤੀ ਮੋਟਰ ਟਿਊਬਵੈੱਲ ਕੁਨੈਕਸ਼ਨਾਂ 'ਤੇ ਬਿਜਲੀ ਬਿੱਲ ਲਾਏ ਜਾਣ ਦੇ ਕੀਤੇ ਜਾ ਰਹੇ ਪ੍ਰਚਾਰ ਦੀ ਨਿੰਦਾ ਕਰਦਿਆਂ ਦਾਅਵਾ ਕੀਤਾ ਹੈ ਕਿ ਪੰਜਾਬ ਸਰਕਾਰ ਵਲੋਂ 'ਟਰਾਈਲ ਦੇ ਤੌਰ 'ਤੇ ਸਿਰਫ਼ ਪੰਜ ਫ਼ੀਡਰਾਂ ਉਪਰ ਬਿਜਲੀ ਸਬਸਿਡੀ ਦੀ ਰਾਸ਼ੀ ਪਾਵਰਕਾਮ ਦੀ ਬਜਾਏ ਕਿਸਾਨਾਂ ਨੂੰ ਸਿੱਧੀ ਦੇਣ ਦਾ ਫ਼ੈਸਲਾ ਕੀਤਾ ਹੈ।

ਅਜੀਤ ਰੋਡ ਉਪਰ ਖੁਲ੍ਹੇ ਇਕ ਅੰਗਰੇਜ਼ੀ ਇੰਸਟੀਚਿਊਟ ਦਾ ਉਦਘਾਟਨ ਕਰਨ ਪੁੱਜੇ ਬਾਦਲ ਨੇ ਦਾਅਵਾ ਕੀਤਾ ਕਿ ਇਨ੍ਹਾਂ ਪੰਜ ਫ਼ੀਡਰਾਂ ਉਪਰ ਕਿਸਾਨਾਂ ਨੂੰ ਸਾਲ ਦੇ ਸ਼ੁਰੂ 'ਚ ਔਸਤਨ ਬਣਦਾ ਸਾਲਾਨਾ ਸਬਸਿਡੀ ਦਾ ਪੈਸਾ 48 ਹਜ਼ਾਰ ਰੁਪਏ ਪਹਿਲਾਂ ਦੇ ਦਿਤਾ ਜਾਵੇਗਾ ਤੇ ਉਨ੍ਹਾਂ ਨੂੰ ਉਤਸ਼ਾਹਤ ਕੀਤਾ ਜਾਵੇਗਾ ਕਿ ਉਹ ਅਪਣੇ ਟਿਊਬਵੈੱਲਾਂ ਉਪਰ ਘੱਟ ਤੋਂ ਘੱਟ ਬਿਜਲੀ ਦੀ ਖਪਤ ਕਰ ਕੇ ਨਾ ਸਿਰਫ਼ ਪੈਸੇ ਬਚਾਉਣ ਬਲਕਿ ਪਾਣੀ ਦੀ ਵੀ ਬੱਚਤ ਕਰਨ।