ਬਿਨਾਂ ਪਰਾਲੀ ਸਾੜੇ ਪੰਜੌਲਾ ਦੇ ਕਿਸਾਨ ਵਲੋਂ ਆਲੂਆਂ ਦੀ ਸਫ਼ਲ ਕਾਸ਼ਤ

ਖ਼ਬਰਾਂ, ਪੰਜਾਬ

ਪਟਿਆਲਾ, 4 ਅਕਤੂਬਰ (ਬਲਵਿੰਦਰ ਸਿੰਘ ਭੁੱਲਰ): ਝੋਨੇ ਦੀ ਪਰਾਲੀ ਨੂੰ ਬਿਨਾਂ ਸਾੜੇ ਬਲਾਕ ਸਨੌਰ ਦੇ ਪਿੰਡ ਪੰਜੌਲਾ ਦੇ ਕਿਸਾਨ ਸੁਰਿੰਦਰ ਪੰਜੌਲਾ ਨੇ ਆਲੂਆਂ ਦੀ ਸਫ਼ਲ ਕਾਸ਼ਤ ਕਰ ਕੇ ਪਹਿਲ ਕਦਮੀ ਕਰਦੇ ਹੋਏ ਪਰਾਲੀ ਦਾ ਹੱਲ ਲੱਭ ਲਿਆ ਹੈ। ਬਿਨਾਂ ਪਰਾਲੀ ਸਾੜੇ ਤਿਆਰ ਕੀਤੇ ਗਏ ਖੇਤਾਂ ਦਾ ਜਾਇਜ਼ਾ ਲੈਣ ਲਈ ਅੱਜ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਅਤੇ ਪੰਜਾਬ ਦੇ ਨੋਡਲ ਅਧਿਕਾਰੀ ਸੁਰਿੰਦਰ ਸਿੰਘ ਮਠਾੜੂ ਅਤੇ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਅਰਵਿੰਦਰ ਸਿੰਘ ਅਪਣੀਆਂ ਟੀਮਾਂ ਸਮੇਤ ਪਹੁੰਚੇ ਅਤੇ ਉਨ੍ਹਾਂ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਅਗਾਂਹਵਧੂ ਕਿਸਾਨ ਸੁਰਿੰਦਰ ਪੰਜੌਲਾ ਵਲੋਂ ਕੀਤੀ ਪਹਿਲੀ ਕਦਮੀ ਦੀ ਸ਼ਲਾਘਾ ਕੀਤੀ। ਇਸ ਮੌਕੇ ਉਕਤ ਦੋਹਾਂ ਅਧਿਕਾਰੀਆਂ ਨੇ ਬਾਕੀ ਕਿਸਾਨਾਂ ਨੂੰ ਵੀ ਇਸ ਤਕਨੀਕ ਨੂੰ ਅਪਣਾ ਕੇ ਝੋਨੇ ਦੀ ਪਰਾਲੀ ਬਿਨਾਂ ਸਾੜੇ ਅਗਲੀ ਫ਼ਸਲ ਲਈ ਖੇਤ ਤਿਆਰ ਕਰਨ ਦੀ ਅਪੀਲ ਕੀਤੀ। 


ਸ੍ਰੀ ਮਠਾੜੂ ਅਤੇ ਅਰਵਿੰਦਰ ਸਿੰਘ ਨੇ ਕਿਹਾ ਕਿ ਇਸ ਤਕਨੀਕ ਨਾਲ ਜਿਥੇ ਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਬਚੇਗਾ, ਉਥੇ ਮਿੱਤਰ ਕੀੜੇ ਵੀ ਨਹੀਂ ਸੜਨਗੇ ਅਤੇ ਘੱਟ ਖਾਦ ਦਾ ਇਸਤੇਮਾਲ ਕਰ ਕੇ ਵਧੀਆ ਫ਼ਸਲ ਲਈ ਜਾ ਸਕੇਗੀ। ਉਨ੍ਹਾਂ ਕਿਹਾ ਕਿ ਲਗਾਤਾਰ ਇਸ ਵਿਧੀ ਨੂੰ ਅਪਣਾਉਣ ਨਾਲ ਹਰ ਵਾਰ ਜ਼ਮੀਨ ਦੀ ਉਪਜਾਊ ਸ਼ਕਤੀ ਵਧੇਗੀ ਅਤੇ ਜਿਹੜਾ ਇਕ ਵਾਰ ਜ਼ਿਆਦਾ ਖੇਤ ਵਹਾਉਣ ਦੀ ਜ਼ਰੂਰਤ ਹੁੰਦੀ ਹੈ, ਉਸ ਤੋਂ ਜ਼ਿਆਦਾ ਖਾਦ ਦਾ ਖਰਚਾ ਬਚੇਗਾ।ਕਿਸਾਨ ਸੁਰਿੰਦਰ ਪੰਜੌਲਾ ਨੇ ਦਸਿਆ ਕਿ ਪਹਿਲਾਂ ਉਨ੍ਹਾਂ ਵਲੋਂ ਮਸ਼ੀਨ ਨਾਲ ਪਰਾਲੀ ਦਾ ਕੁਤਰਾ ਕੀਤਾ ਗਿਆ। ਫਿਰ ਰੋਟਾਵੇਟਰ ਨਾਲ ਜ਼ਮੀਨ ਵਾਹ ਕੇ ਪਾਣੀ ਦੇਣ ਤੋਂ ਬਾਅਦ ਆਮ ਜਿੰਨੀ ਵਾਹੀ ਕੀਤੀ ਗਈ। ਸਿਰਫ਼ ਰੋਟਾਵੇਟਰ ਨਾਲ ਇਕ ਵਾਰ ਵਹਾਉਣਾ ਹੀ ਆਮ ਨਾਲੋਂ ਜ਼ਿਆਦਾ ਪਿਆ। ਉਨ੍ਹਾਂ ਦੱਸਿਆ ਕਿ ਕਣਕ ਦੀ ਫ਼ਸਲ ਲਈ ਤਾਂ ਬਿਨਾਂ ਰੋਟਾਵੇਟਰ ਤੋਂ ਵੀ ਸਾਰਿਆਂ ਜਾ ਸਕਦਾ ਹੈ, ਪ੍ਰੰਤੂ ਆਲੂ ਦੀ ਫ਼ਸਲ ਦੇ ਕਾਰਨ ਇਕ ਵਾਹ ਜ਼ਿਆਦਾ ਦੇਣੀ ਪਈ ਹੈ। ਉਨ੍ਹਾਂ ਦਸਿਆ ਕਿ ਇਸ ਨਾਲ ਜਿਥੇ ਸਾਡਾ ਵਾਤਾਵਰਣ ਬਚੇਗਾ, ਉਥੇ ਜ਼ਮੀਨ ਦੀ ਉਪਜਾਉ ਸ਼ਕਤੀ ਵੀ ਵਧੇਗੀ। 


ਇਸ ਮੌਕੇ ਗੁਰਮੀਤ ਸਿੰਘ ਖੇਤੀਬਾੜੀ ਅਫ਼ਸਰ ਨਾਭਾ, ਰਵਿੰਦਰਪਾਲ ਸਿੰਘ ਚੱਠਾ ਟੀ.ਏ, ਗੁਰਮੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ, ਹਰਮਨਜੀਤ ਸਬ ਇੰਸਪੈਕਟਰ ਤੋਂ ਇਲਾਵਾ ਮਿਲਕ ਪਲਾਂਟ ਪਟਿਆਲਾ ਦੇ ਡਾਇਰੈਕਟਰ ਸਤਪਾਲ ਸਿੰਘ ਪੂਨੀਆ, ਸੁਖਵਿੰਦਰ ਸਿੰਘ ਪ੍ਰਤਾਪਗੜ੍ਹ, ਜਥੇਦਾਰ ਜਸਕਰਨ ਸਿੰਘ ਕੱਕੇਪੁਰ, ਗੁਰਵਿੰਦਰ ਸਿੰਘ ਪ੍ਰਤਾਪਗੜ੍ਹ ਪ੍ਰਧਾਨ ਕੋਪਰੇਟਿਵ ਸੁਸਾਇਟੀ ਪੰਜੌਲਾ, ਗੁਰਧਿਆਨ ਸਿੰਘ ਪੰਜੌਲਾ, ਜਥੇਦਾਰ ਅਮਰ ਸਿੰਘ ਪੰਜੌਲਾ, ਰਾਮ ਸਿੰਘ ਪੰਜੌਲਾ, ਜੰਗੀਰ ਸਿੰਘ ਸਰਪੰਚ ਪ੍ਰਤਾਪਗੜ੍ਹ, ਗਿਆਨ ਸਿੰਘ, ਭੁਪਿੰਦਰ ਸਿੰਘ ਸਾਬਕਾ ਸਰਪੰਚ ਪਹਾੜੀਪੁਰ, ਹਰਜਿੰਦਰ ਸਿੰਘ ਪਹਾੜੀਪੁਰ, ਸਤਨਾਮ ਸਿੰਘ ਪੰਜੌਲਾ, ਜਸਮੇਰ ਸਿੰਘ ਪੰਜੌਲਾ, ਕ੍ਰਿਪਾਲ ਸਿੰਘ ਪ੍ਰਤਾਪਗੜ੍ਹ ਆਦਿ ਹਾਜ਼ਰ ਸਨ। ਕਾਲਾ ਕੱਕੇਪੁਰ, ਪੋਟੀ ਕੱਕੇਪੁਰ, ਰੱਮੀ ਕੱਕੇਪੁਰ, ਬੂਟਾ ਸਿੰਘ ਡੰਡੋਆ ਅਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

ਪ੍ਰਦੂਸ਼ਣ ਰੋਕਥਾਮ ਬੋਰਡ 'ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵਲੋਂ ਪਿੰਡ ਦਾ ਦੌਰਾ