ਬ੍ਰਹਮ ਮਹਿੰਦਰਾ ਵਲੋਂ ਮੈਡੀਕਲ ਕਾਲਜ ਦੇ ਹੋਸਟਲ ਦੀ ਤੁਰਤ ਮੁਰੰਮਤ ਦਾ ਐਲਾਨ

ਖ਼ਬਰਾਂ, ਪੰਜਾਬ

ਅੰਮ੍ਰਿਤਸਰ, 9 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ) : ਸਿਹਤ ਅਤੇ ਡਾਕਟਰੀ ਸਿੱਖਿਆ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਅੱਜ ਗੁਰੂ ਨਾਨਕ ਹਸਪਤਾਲ ਅਤੇ ਮੈਡੀਕਲ ਕਾਲਜ ਵਿਚ ਚੱਲ ਰਹੇ ਵਿਦਿਆਰਥੀਆਂ ਦੇ ਹੋਸਟਲ ਦਾ ਦੌਰਾ ਕੀਤਾ ਅਤੇ ਹੋਸਟਲ ਦੀ ਮਾੜੀ ਹਾਲਤ ਨੂੰ ਵੇਖਦੇ ਹੋਏ ਤੁਰੰਤ ਹੋਸਟਲ ਦੀ ਮੁਰੰਮਤ ਲਈ ਤੁਰੰਤ 10 ਲੱਖ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ। ਸਿਹਤ ਮੰਤਰੀ ਬ੍ਰਹਮ ਮਹਿੰਦਰਾ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਕੇਂਦਰ ਗਏ ਅਤੇ ਉਥੇ ਸਰਕਾਰ ਵੱਲੋਂ ਨਸ਼ਾ ਕਰਨ ਵਾਲੇ ਵਿਅਕਤੀਆਂ ਲਈ ਸ਼ੁਰੂ ਕੀਤੀ ਨਵੀਂ ਇਲਾਜ ਪ੍ਰਣਾਲੀ 'ਓਟਸ' ਬਾਰੇ ਡਾਕਟਰਾਂ ਅਤੇ ਮਰੀਜਾਂ ਕੋਲੋਂ ਰਾਇ ਲਈ। ਉਨ੍ਹਾਂ ਹਸਪਤਾਲ ਵਿਚ ਦਾਖਲ ਮਰੀਜਾਂ ਨਾਲ ਗੱਲਬਾਤ ਕਰਕੇ ਜਿੱਥੇ ਇਲਾਜ ਕੇਂਦਰ ਬਾਰੇ ਵਿਚਾਰ ਲਏ, ਉਥੇ ਨਸ਼ੇ ਦੀ ਸਪਲਾਈ ਲਾਇਨ ਬਾਰੇ ਪੁੱਛਣ ਦਾ ਯਤਨ ਵੀ ਕੀਤਾ। ਇਸ ਮੌਕੇ ਮੈਡੀਕਲ ਸਿੱਖਿਆ ਦੇ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਹੋਸਟਲ ਦੀ ਮਾੜੀ ਹਾਲਤ ਤੋਂ ਜਾਣੂੰ ਕਰਵਾਇਆ ਤਾਂ ਸਿਹਤ ਮੰਤਰੀ ਤਰੁੰਤ ਉਨਾਂ ਲੜਕਿਆਂ ਨੂੰ ਨਾਲ ਕੈ ਹੋਸਟਲ ਵੇਖਣ ਚਲੇ ਗਏ।  ਹੋਸਟਲ ਦੀ ਬਦਤਰ ਹਾਲਤ ਵੇਖਦਿਆਂ ਉਨ੍ਹਾਂ ਆਡੀਟੋਰੀਅਮ ਵਿਚ ਹੋਏ ਇਨਾਮ ਵੰਡ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਹੋਸਟਲ ਦੀ ਮੁਰੰਮਤ ਲਈ 10 ਲੱਖ ਰੁਪਏ ਦੇਣ ਦਾ ਐਲਾਨ ਕਰਦੇ ਕਿਹਾ ਕਿ ਸਾਡੇ ਸਾਰਿਆਂ ਲਈ ਸ਼ਰਮ ਵਾਲੀ ਗੱਲ ਹੈ ਕਿ ਅਸੀਂ ਇਸ ਪਾਸੇ ਪਿਛਲੇ 10 ਸਾਲ ਤੋਂ ਧਿਆਨ ਨਹੀਂ ਦੇ ਸਕੇ।