ਚੰਦੂਮਾਜਰਾ ਨੇ ਕੈਪਟਨ ਅਮਰਿੰਦਰ ਸਿੰਘ ਵਲੋਂ ਸੱਦੀ ਮੀਟਿੰਗ ਦਾ ਕੀਤਾ ਬਾਈਕਾਟ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰਾਂ ਦਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੁਲਾਈ ਗਈ ਮੀਟਿੰਗ ਦਾ ਬਾਈਕਾਟ ਕਰਨ ਦਾ ਫੈਸਲਾ ਹੈ ਅਤੇ ਇਸਦਾ ਕਾਰਨ ਹੈ ਕਿ ਮੁੱਖ ਮੰਤਰੀ ਖੁਦ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਰਹੇ ਹਨ। ਹੁਣ ਸੀਨੀਅਰ ਕਾਂਗਰਸੀ ਨੇਤਾ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਮੀਟਿੰਗ ਦੀ ਪ੍ਰਧਾਨਗੀ ਕਰਨਗੇ, ਇਸ ਫੈਸਲੇ ਤੋਂ ਬਾਅਦ ਇਹ ਫੈਸਲਾ ਸ਼੍ਰੋਮਣੀ ਅਕਾਲੀ ਦਲ ਨੇ ਲਿਆ।  


ਉਹਨਾਂ ਵੱਲੋਂ 'ਕਾਂਗਰਸ' ਅਤੇ ‘ਆਪ’ ਮੈਂਬਰਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਇਸ ਮੀਟਿੰਗ ਦਾ ਬਾਈਕਾਟ ਕਰਨ ਕਿਉਂ ਕਿ ਇਹ ਸੰਸਦ ਮੈਂਬਰਾਂ ਲਈ ਅਪਮਾਨਜਨਕ ਹੈ। ਸ੍ਰੀ ਅਨੰਦਪੁਰ ਸਾਹਿਬ ਦੇ ਐਮ.ਪੀ. ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਪ੍ਰੋਟੋਕੋਲ ਦੀ ਅਣਦੇਖੀ ਕੀਤੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਦੇ ਬ੍ਰਹਮ ਮਹਿੰਦਰਾ ਦੁਆਰਾ ਸੰਬੋਧਿਤ ਨਹੀਂ ਕੀਤੇ ਜਾ ਸਕਦੇ, ਜਿਨ੍ਹਾਂ ਕੋਲ ਹੁਣ ਸਿਰਫ ਦੋ ਵਿਭਾਗ ਹਨ। 


ਚੰਦੂਮਾਜਰਾ ਨੇ ਕਿਹਾ ਕਿ ਇਹ ਬਹੁਤ ਨਿੰਦਣਯੋਗ ਹੈ ਕਿ ਮੁੱਖ ਮੰਤਰੀ ਸੰਸਦ ਮੈਂਬਰਾਂ ਦੀਆਂ ਰਸਮੀ ਮੀਟਿੰਗਾਂ ਨੂੰ ਬਹੁਤ ਹਲਕਾ ਜਿਹਾ ਲੈ ਰਹੇ ਹਨ। ਉਹ ਕਹਿੰਦੇ ਹਨ ਕਿ ਇਹ ਪੰਜਾਬ ‘ਚ ਇਉਂ ਲੱਗਦਾ ਹੈ ਜਿਵੇਂ ਇਕ ਪ੍ਰੌਕਸੀ ਸਰਕਾਰ ਹੋਵੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਅਤੇ ਇਸਦੇ ਮਾਮਲਿਆਂ ਵਿਚ ਕੋਈ ਦਿਲਚਸਪੀ ਲੈਂਦੇ ਦਿਖਾਈ ਨਹੀਂ ਦੇ ਰਹੇ ਹਨ।


ਇਸ ਮੌਕੇ ਚੰਦੂਮਾਜਰਾ ਨੇ ਕਿਹਾ ਕਿ ਡੀਜ਼ਲ ਅਤੇ ਪੈਟਰੋਲ ਦੀਆ ਕੀਮਤਾਂ ਤੇ ਵੈਟ ਨੂੰ ਕਿਉ ਨਹੀਂ ਘਟ ਕੀਤਾ ਜਾਂਦਾ ਜਦ ਕਿ ਨਾਲ ਦੇ ਰਾਜਾਂ ਵਿਚ ਵੈਟ ਘੱਟ ਕੀਤੇ ਗਏ ਹਨ ਇਥੇ ਦੇ ਖਜਾਨਾ ਮੰਤਰੀ ਨੂੰ ਸ਼ਰਾਬ ਦੀ ਟੈਨਸ਼ਨ ਹੈ ਪਰ ਕਿਸਾਨ ਦੀ ਕੋਈ ਪ੍ਰਵਾਹ ਨਹੀਂ। ਦੂਜੇ ਪਾਸੇ ਗੰਨੇ ਦੇ ਰੇਟ ਨਹੀਂ ਵਧਾਏ ਗਏ ਜਦ ਕਿ ਸਾਰੇ ਰਾਜਾਂ ਨੇ ਵਧਾਏ ਹਨ। ਉਥੇ ਹੀ ਨਿਗਮ ਚੋਣਾਂ ਨੂੰ ਲੈ ਕੇ ਭਾਜਪਾ ਵਲੋਂ ਜਿਆਦਾ ਸੀਟਾਂ ਮੰਗਣ ਤੇ ਬੋਲਦਿਆਂ ਕਿਹਾ ਕਿ ਜੋ ਸਮਝੌਤਾ ਬੀਜੇਪੀ ਅਤੇ ਅਕਾਲੀ ਸਰਕਾਰ ਦਾ ਹੋਇਆ ਹੈ ਉਸੀ ਨੂੰ ਹੀ ਪਹਿਲ ਦਿੱਤੀ ਜਾਵੇਗੀ। 


ਉਨਾਂ ਕਿਹਾ ਕਿ ਪੰਜਾਬ ਵਿਚ ਪਿਛਲੇ 7 ਮਹੀਨੇ ਵਿਚ ਜੋ ਕੁਝ ਹੋ ਰਿਹਾ ਹੈ ਉਸ ਤੋਂ ਇੰਝ ਲੱਗਦਾ ਹੈ ਕਿ ਕੈਪਟਨ ਨੂੰ ਪੰਜਾਬ ਨਾਲ ਕੋਈ ਦਿਲਚਸਪੀ ਨਹੀਂ ਹੈ, ਉਹ ਕਿਸੀ ਹੋਰ ਕੰਮ ਵਿਚ ਹੀ ਰਹਿੰਦੇ ਹਨ। ਜਿਸ ਨਾਲ ਪੰਜਾਬ ਦੀ ਸਥਿਤੀ ਖ਼ਰਾਬ ਹੋਈ ਹੈ। ਐਸਜੀਪੀਸੀ ਚੋਣ ਤੇ ਬੋਲਦਿਆਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਮੈਂਬਰਾਂ ਨੂੰ ਬੁਲਾਣਗੇ ਅਤੇ ਉਨ੍ਹਾਂ ਤੋਂ ਉਨ੍ਹਾਂ ਦੀ ਰਾਏ ਲੈਣ ਤੋਂ ਬਾਅਦ ਹੀ ਪ੍ਰਧਾਨਗੀ ਤੇ ਕੋਈ ਫੈਸਲਾ ਲਿਆ ਜਾਵੇਗਾ। 


ਪ੍ਰੋ. ਕਿਰਪਾਲ ਸਿੰਘ ਬਾਡੁੰਗਰ ਵਲੋਂ ਖਾਲਿਸਤਾਨ ਉੱਤੇ ਦਿਤੇ ਬਿਆਨ ਤੇ ਬੋਲਦਿਆਂ ਚੰਦੂਮਾਜਰਾ ਨੇ ਬਿਆਨ ਦੀ ਜਾਣਕਾਰੀ ਨਾ ਹੁੰਦੀਆਂ ਕੁਝ ਵੀ ਕਹਿਣ ਤੋਂ ਗੁਰੇਜ ਕੀਤਾ ਅਤੇ ਕਿਹਾ ਕਿ ਉਹ ਕਲ ਹੀ ਬਾਹਰ ਤੋਂ ਆਏ ਹਨ। ਇਸ ਸੰਬੰਧੀ ਉਨ੍ਹਾਂ ਕੋਈ ਜਾਣਕਾਰੀ ਨਹੀਂ ਹੈ।