ਚੈਕ ਗਣਰਾਜ ਦੇ ਰਾਜਦੂਤ ਵਲੋਂ ਮੁੱਖ ਮੰਤਰੀ ਨਾਲ ਪੰਜਾਬ 'ਚ ਨਿਵੇਸ਼ 'ਤੇ ਵਿਚਾਰਾਂ

ਖ਼ਬਰਾਂ, ਪੰਜਾਬ

ਅੰਮ੍ਰਿਤਸਰ, 7 ਦਸੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਪੰਜਾਬ 'ਚ ਮੈਨੂਫੈਕਚਰਿੰਗ ਖੇਤਰ ਵਿਚ ਸੰਭਾਵੀ ਨਿਵੇਸ਼ ਸਬੰਧੀ ਚੈਕ ਗਣਰਾਜ ਦੇ ਰਾਜਦੂਤ ਮੀਲਾਨ ਹੋਵੇਰਕਾ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰ ਕੇ ਅਹਿਮ ਵਿਚਾਰਾਂ ਕੀਤੀਆਂ। ਇਕ ਉਚ ਪਧਰੀ ਵਫ਼ਦ ਨਾਲ ਮੁੱਖ ਮੰਤਰੀ ਕੈਪਟਨ ਨੂੰ ਮਿਲਣ ਆਏ ਹੋਵੋਰਕਾ ਨੇ ਕਾਂਗਰਸ ਸਰਕਾਰ ਵਲੋਂ ਸੂਬੇ ਵਿਚ ਬਦਲੀ ਨਿਵੇਸ਼ ਦੀ ਹਵਾ ਦੇ ਮੱਦੇਨਜ਼ਰ ਪੰਜਾਬ ਵਿਚ ਨਿਵੇਸ਼ ਦੀ ਇੱਛਾ ਜ਼ਾਹਰ ਕੀਤੀ ਹੈ। ਸਥਾਨਕ ਸਰਕਾਰਾਂ, ਸੈਰ ਸਪਾਟਾ ਅਤੇ ਸਭਿਆਚਾਰ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਸਮੇਤ ਪੁੱਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਮਿਹਨਤਕਸ਼ ਲੋਕਾਂ ਸਦਕਾ ਰਾਜ ਅੰਦਰ ਸਿਹਤਮੰਦ ਉਦਯੋਗਿਕ ਵਾਤਾਵਰਣ ਹੈ ਜਿਸ ਤੋਂ ਭਾਰਤੀ ਅਤੇ ਵਿਦੇਸ਼ੀ ਨਿਵੇਸ਼ਕ ਉਦਯੋਗਾਂ ਦੀ ਮੰਗ ਅਨੁਸਾਰ ਲਾਹਾ ਲੈ ਸਕਦੇ ਹਨ। ਉਨ੍ਹਾਂ ਦਸਿਆ ਕਿ ਪੰਜਾਬ ਦੇਸ਼ ਅੰਦਰ ਉਦਯੋਗਾਂ ਲਈ ਸਸਤੀ ਬਿਜਲੀ ਮੁਹਈਆ ਕਰਵਾਉਣ ਤੋਂ ਇਲਾਵਾ ਸੌਰ ਊਰਜਾ ਦੇ ਖੇਤਰ ਵਿਚ ਵੱਡੇ ਪੱਧਰ 'ਤੇ ਆਧਾਰ ਸਥਾਪਤ ਕਰ ਰਿਹਾ ਹੈ। ਕੈਪਟਨ ਨੇ ਵਫ਼ਦ ਨੂੰ ਦਸਿਆ ਕਿ ਪੰਜਾਬ ਵਿਚ ਉਦਯੋਗਾਂ ਨੂੰ ਹੋਰ ਪ੍ਰਫ਼ੁੱਲਤ ਕਰਨ ਅਤੇ ਸਨਅਤ ਸਭਿਆਚਾਰ ਨੂੰ ਮਿੱਤਰਤਾ ਵਾਲਾ ਬਣਾਉਣ ਲਈ ਉਨ੍ਹਾਂ ਨੇ ਬੀਤੇ ਦਿਨੀਂ ਨਵੀਂ ਉਦਯੋਗਿਕ ਨੀਤੀ ਲਿਆਂਦੀ ਹੈ। ਉਦਯੋਗਾਂ ਦੀ ਸਥਾਪਤੀ ਲਈ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਕੈਪਟਨ ਨੇ ਕਿਹਾ ਕਿ ਪਿਛਲੀ ਸਰਕਾਰ ਵਲੋਂ ਦਰਨਿਕਾਰ ਕੀਤੇ ਉਦਯੋਗਿਕ ਵਿਕਾਸ ਨੂੰ ਮੁੜ ਪਟੜੀ 'ਤੇ ਲਿਆਉਣ ਲਈ ਉਨ੍ਹਾਂ ਦੀ ਸਰਕਾਰ 'ਬਿਜਨੈਂਸ ਫ਼ਸਟ' (ਪਹਿਲਾਂ ਵਪਾਰ) ਦੇ ਏਜੰਡੇ 'ਤੇ ਕੰਮ ਕਰ ਰਹੀ ਹੈ। ਚੈਕ ਗਣਰਾਜ ਨੂੰ ਦੁਨੀਆਂ ਦੀ ਤੇਜ਼ੀ ਨਾਲ ਵਧਦੀ ਆਰਥਿਕਤਾ ਕਰਾਰ ਦਿੰਦਿਆਂ ਚੈਕ ਰਾਜਦੂਤ ਹੋਵੋਰਕਾ ਨੇ ਦਸਿਆ ਕਿ ਉਨ੍ਹਾਂ ਦਾ ਮੁਲਕ ਪੰਜਾਬ ਸਰਕਾਰ ਵਲੋਂ ਇਲੈਕਟ੍ਰਾਨਿਕ, ਫ਼ੂਡ ਪ੍ਰੋਸੈਸਿੰਗ, ਸੁਰੱਖਿਆ, ਸੂਚਨਾ ਤਕਨਾਲੋਜੀ, ਪ੍ਰਾਹੁਣਚਾਰੀ, ਮਨੋਰੰਜਨ ਅਤੇ ਮੀਡੀਆ ਆਦਿ ਖੇਤਰਾਂ ਵਿਚ ਪੰਜਾਬ ਅੰਦਰਲੇ ਅਸੀਮ ਮੌਕਿਆਂ ਤੋਂ ਭਰਪੂਰ ਲਾਹਾ ਲੈਣ 'ਤੇ ਵਿਚਾਰ ਕਰ ਰਿਹਾ ਹੈ। ਖੇਤਰੀ ਆਵਾਜਾਈ ਨੂੰ ਹੁਲਾਰਾ ਦੇਣ ਦੇ ਮਕਸਦ ਲਈ 15 ਸੀਟਾਂ ਵਾਲੇ ਏਅਰ ਕਰਾਫ਼ਟ ਦੀ ਪੇਸ਼ਕਸ਼ ਕਰਦਿਆਂ ਰਾਜਦੂਤ ਨੇ ਕਿਹਾ ਕਿ ਇਹ ਛੋਟਾ ਜਹਾਜ਼ ਪੰਜਾਬ ਦੇ ਕਿਸੇ ਵੀ ਖੇਤਰ ਤੋਂ ਦੂਰ ਦਰਾਡੇ ਖੇਤਰਾਂ 'ਚ ਸਥਾਪਤ ਕੀਤੇ ਮੋਬਾਈਲ ਏਅਰਪੋਰਟਾਂ ਲਈ ਚਲਾਏ ਜਾ ਸਕਦੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਚੈਕ ਗਣਰਾਜ ਦੇ ਰਾਜਦੂਤ ਵਲੋਂ ਕੀਤੀ ਪੇਸ਼ਕਸ਼ ਅਤੇ ਦਿਤੇ ਸੁਝਾਅ ਤੇ ਭਵਿੱਖ ਵਿਚ ਵਿਚਾਰਾਂ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਪ੍ਰਧਾਨ ਪੰਜਾਬ ਕਾਂਗਰਸ, ਮੁੱਖ ਮੰਤਰੀ ਦੇ ਮੀਡੀਆਂ ਸਲਾਹਕਾਰ ਰਵੀਨ ਠੁਕਰਾਲ, ਪੰਜਾਬ ਬਿਊਰੋ ਆਫ਼ ਇਨਵੈਸਟਮੈਂਟ ਪ੍ਰਮੋਸ਼ਨ ਰਾਕੇਸ਼ ਵਰਮਾ ਵੀ ਮੌਜੂਦ ਸਨ।