ਚਾਰੇ ਓਵਰਬ੍ਰਿਜ : ਖ਼ਰਚਾ ਦੋ ਕਰੋੜ, ਵਰਤੋਂ ਸਿਫ਼ਰ

ਖ਼ਬਰਾਂ, ਪੰਜਾਬ

ਨਿਗਮ ਨੇ ਬਣਾਇਆ ਇਸ਼ਤਿਹਾਰਾਂ ਰਾਹੀਂ ਕਮਾਈ ਦਾ ਸਾਧਨ, ਅਸਲ ਮੰਤਵ ਫਿਰ ਵੀ ਹੋਇਆ ਫ਼ੇਲ

ਨਿਗਮ ਨੇ ਬਣਾਇਆ ਇਸ਼ਤਿਹਾਰਾਂ ਰਾਹੀਂ ਕਮਾਈ ਦਾ ਸਾਧਨ, ਅਸਲ ਮੰਤਵ ਫਿਰ ਵੀ ਹੋਇਆ ਫ਼ੇਲ

ਨਿਗਮ ਨੇ ਬਣਾਇਆ ਇਸ਼ਤਿਹਾਰਾਂ ਰਾਹੀਂ ਕਮਾਈ ਦਾ ਸਾਧਨ, ਅਸਲ ਮੰਤਵ ਫਿਰ ਵੀ ਹੋਇਆ ਫ਼ੇਲ
ਐਸ.ਏ.ਐਸ. ਨਗਰ, 8 ਫ਼ਰਵਰੀ (ਕੁਲਦੀਪ ਸਿੰਘ) : ਮੋਹਾਲੀ ਵਿਚ ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਵਲੋਂ 2011-12 ਵਿਚ ਬਣਾਏ ਗਏ 4 'ਫੁਟ ਓਵਰਬ੍ਰਿਜ' ਸਫੇਦ ਹਾਥੀ ਬਣ ਕੇ ਰਹਿ ਗਏ ਹਨ। ਇਨ੍ਹਾਂ ਦੀ ਕੋਈ ਵਰਤੋਂ ਲੋਕਾਂ ਵਲੋਂ ਨਹੀਂ ਕੀਤੀ ਜਾਂਦੀ। ਇਕ ਗੱਲ ਜ਼ਰੂਰ ਹੈ ਕਿ ਗਮਾਡਾ ਵਲੋਂ ਇਹ ਫ਼ੁਟ ਓਵਰਬ੍ਰਿਜ ਨਗਰ ਨਿਗਮ ਹਵਾਲੇ ਕੀਤੇ ਜਾਣ ਉਪਰੰਤ ਨਿਗਮ ਨੇ ਇਨ੍ਹਾਂ ਨੂੰ ਇਸ਼ਤਿਹਾਰ ਕੰਪਨੀਆਂ ਨੂੰ ਠੇਕੇ 'ਤੇ ਦੇ ਕੇ ਸਾਲਾਨਾ ਇਕ ਕਰੋੜ ਰੁਪਏ ਦੇ ਲਗਭਗ ਦੀ ਆਮਦਨ ਜ਼ਰੂਰ ਪੈਦਾ ਕਰ ਲਈ। ਇਸ ਦੇ ਨਾਲ-ਨਾਲ ਇਨ੍ਹਾਂ ਦੇ ਆਲੇ-ਦੁਆਲੇ ਕਈ ਤਰ੍ਹਾਂ ਦੇ ਕਬਜ਼ੇ ਹੋ ਗਏ ਹਨ ਅਤੇ ਇਸ ਤੋਂ ਵੀ ਵੱਧ ਕੇ ਇਨ੍ਹਾਂ ਨੂੰ ਖੜੇ ਕਰਨ ਲਈ ਬਣਾਏ ਗਏ ਖੰਭੇ ਨਾਜਾਇਜ਼ ਤੌਰ 'ਤੇ ਲਗਾਏ ਜਾਣ ਵਾਲੇ ਪੀ.ਜੀ. ਅਤੇ ਹੋਰ ਇਸ਼ਤਿਹਾਰਾਂ ਲਈ ਵਰਤੇ ਜਾਂਦੇ ਹਨ। ਇਸ ਤਰ੍ਹਾਂ ਇਨ੍ਹਾਂ ਨੂੰ ਬਣਾਉਣ ਲਈ ਜੋ ਮੰਤਵ ਸੀ, ਉਹ ਪੂਰੀ ਤਰ੍ਹਾਂ ਫ਼ੇਲ ਸਾਬਤ ਹੋ ਗਿਆ ਹੈ।2 ਕਰੋੜ ਰੁਪਏ ਕੀਤਾ ਸੀ ਖ਼ਰਚਾ : ਜਾਣਕਾਰੀ ਅਨੁਸਾਰ ਗਮਾਡਾ ਨੇ ਜਦੋਂ ਇਹ 4 ਫ਼ੁਟ ਓਵਰਬ੍ਰਿਜ ਉਸਾਰੇ ਸਨ ਤਾਂ ਇਨ੍ਹਾਂ 'ਤੇ 2 ਕਰੋੜ ਰੁਪਏ (ਪ੍ਰਤੀ ਓਵਰਬ੍ਰਿਜ 50 ਲੱਖ ਰੁਪਏ) ਦਾ ਖ਼ਰਚਾ ਕੀਤਾ ਗਿਆ ਸੀ ਪਰ ਇਨ੍ਹਾਂ ਦੀ ਵਰਤੋਂ ਕਦੇ ਵੀ ਨਹੀਂ ਹੋ ਸਕੀ ਕਿਉਂਕਿ ਸੀਨੀਅਰ ਸਿਟੀਜਨ ਤਾਂ ਇਸ 'ਤੇ ਚੜ੍ਹ ਹੀ ਨਹੀਂ ਸਕਦੇ ਕਿਉਂਕਿ ਇਸ ਦੀਆਂ ਪੌੜੀਆਂ ਬਹੁਤ ਹਨ ਅਤੇ ਨੌਜਵਾਨ ਲੋਕ ਇਸ ਦੀ ਵਰਤੋਂ ਵੈਸੇ ਹੀ ਕਰ ਕੇ ਰਾਜ਼ੀ ਨਹੀਂ। ਹਾਂ ਭੂੰਡ ਆਸ਼ਕ ਇਨ੍ਹਾਂ ਦੀ ਵਰਤੋਂ ਕਰਦੇ ਹਨ, ਨਸ਼ੇ ਖਾਣ ਵਾਲੇ ਨੌਜਵਾਨ ਇਨ੍ਹਾਂ ਦੀ ਵਰਤੋਂ ਕਰਦੇ ਹਨ ਅਤੇ ਇੱਕਾ-ਦੁੱਕਾ ਲੋਕ ਵੀ ਇਨ੍ਹਾਂ ਦੀ ਵਰਤੋਂ ਸੜਕ ਪਾਰ ਕਰਨ ਵਾਸਤੇ ਕਦੇ ਕਦਾਈਂ ਕਰ ਲੈਂਦੇ ਹਨ।