ਚੋਣਾਂ ਵਿਚ ਝਟਕੇ ਮਗਰੋਂ ਅਕਾਲੀ ਦਲ ਜਥੇਦਾਰੀ ਤੋਂ 'ਸੇਵਾਦਾਰੀ' ਵਲ

ਖ਼ਬਰਾਂ, ਪੰਜਾਬ

ਚੰਡੀਗੜ੍ਹ, 9 ਫ਼ਰਵਰੀ, (ਨੀਲ ਭਲਿੰਦਰ ਸਿੰਘ) : ਹਾਲੀਆ ਪੰਜਾਬ ਵਿਧਾਨ ਸਭਾ ਚੋਣਾਂ ਨਤਜੇ ਆਉਣ ਤੋਂ ਪਹਿਲਾਂ ਅਤੇ ਬਾਅਦ ਸੂਬਾਈ ਸਿਆਸਤ ਉਤੇ ਲਗਾਤਾਰ ਅਸਰ ਅੰਦਾਜ਼ ਹਨ। ਦਿੱਲੀ ਫ਼ਤਿਹ ਕਰਨ ਮਗਰੋਂ ਪੰਜਾਬ ਚ ਚਾਰ  ਕੁ ਸਾਲ ਪਹਿਲਾਂ ਹੋਈ ਆਮ ਆਦਮੀ ਪਾਰਟੀ ਦੀ ਆਮਦ ਤੇ ਪਿਛਲੀਆਂ  ਲੋਕ ਸਭਾ ਚੋਣਾਂ ਦੇ ਉਲਟਫੇਰ ਕਰਦੇ ਨਤੀਜੇ ਹੋਣ ਜਾਂ ਫਿਰ ਸੋਸ਼ਲ ਮੀਡੀਆ ਪ੍ਰਤੀ ਆਮ ਲੋਕਾਂ ਖਾਸਕਰ ਵੋਟਰਾਂ ਦੀ ਜਾਗਰੂਕਤਾ, ਅਜਿਹੇ ਰੁਝਾਨਾਂ ਨੇ ਪੰਜਾਬ ਦੀਆਂ ਪ੍ਰਮੁੱਖ ਰਵਾਇਤੀ ਸਿਆਸੀ ਪਾਰਟੀਆਂ ਨੂੰ ਇਕ ਤਰ੍ਹਾਂ ਝੰਜੋੜਿਆ ਹੋਇਆ ਹੈ। ਹਾਲਾਤ ਇਹ ਬਣ ਗਏ ਹਨ ਕਿ 'ਪ੍ਰਧਾਨ ਜੀ, ਜਥੇਦਾਰ ਸਾਹਿਬ, ਹਲਕਾ ਇੰਚਾਰਜ...' ਜਿਹੇ ਅਹੁਦਾ ਕ੍ਰਮਾਂ ਵਾਲੀ ਸੂਬੇ ਦੀ ਪੁਰਾਣੀ ਸਿਆਸੀ ਜਮਾਤ  ਸ਼੍ਰੋਮਣੀ ਅਕਾਲੀ ਦਲ ?ਨੂੰ ਹੁਣ ਇਹਨਾਂ ਵਿਸ਼ੇਸ਼ਣਾਂ ਤੋਂ ਹੀ ਕਿਨਾਰਾ ਕਰਨ ਦਾ ਤਜਰਬਾ ਕਰਨਾ ਪੈ ਰਿਹਾ ਹੈ। ਜਿਸ ਦੀ ਸਜਰੀ ਮਿਸਾਲ ਪਾਰਟੀ ਵਲੋਂ ਅੱਜ ਜਾਰੀ ਕੀਤਾ ਗਿਆ ਇਕ ਅਧਿਕਾਰਤ ਪ੍ਰੈਸ ਬਿਆਨ ਹੈ, ਜਿਸ ਦੀ ਇਬਾਰਤ ਕੁੱਝ ਇਸ ਤਰਾਂ ਹੈ, 'ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਦੀ ਸੇਵਾ ਕਰਨ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਅੱਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੂੰ ਭਦੌੜ ਹਲਕੇ ਦੇ ਸੇਵਾਦਾਰ ਨਿਯੁਕਤ ਕਰ ਦਿਤਾ ਹੈ।  ਉਨ੍ਹਾਂ ਸ. ਰਾਹੀ ਨੂੰ ਕਿਹਾ ਕਿ ਉਹ ਲੋਕਾਂ ਦੀਆਂ ਜਰੂਰਤਾਂ ਅਤੇ ਸਮੱਸਿਆਵਾਂ ਨੂੰ ਸਮਝਣ ਵਾਸਤੇ ਹਲਕੇ ਦੇ ਕੋਨੇ-ਕੋਨੇ ਵਿਚ ਜਾਣ ਅਤੇ ਲੋਕਾਂ ਦੇ ਮੁੱਦਿਆਂ ਨੂੰ  ਪ੍ਰਸਾਸ਼ਨ ਅੱਗੇ ਰੱਖਣ ਵਾਸਤੇ ਸਥਾਨਕ ਪਾਰਟੀ ਵਰਕਰਾਂ ਨੂੰ ਇੱਕਜੁਟ ਕਰਨ। ਇਸ ਪੱਤਰਕਾਰ ਵਲੋਂ ਇਸ ਬਾਬਤ ਉਚੇਚੇ ਤੌਰ ਉਤੇ ਸ਼੍ਰੋਮਣੀ ਅਕਾਲੀ ਦਲ ਦੇ ਕੁੱਝ ਪ੍ਰਮੁੱਖ ਆਗੂਆਂ ਦੀ ਨਿਜੀ ਰਾਏ ਲੈਣ ਦੀ ਕੋਸ਼ਿਸ ਕੀਤੀ ਗਈ ਤਾਂ ਉਨ੍ਹਾਂ ਦਬਵੀਂ ਸੁਰ 'ਚ ਇਹ ਪ੍ਰਭਾਵ ਦਿਤਾ ਕਿ ਹੈ ਤਾਂ ਇਹ ਹਲਕਾ ਪ੍ਰਧਾਨ ਜਾਂ ਜਥੇਦਾਰ ਹੀ ਪਰ.....!