ਪਟਿਆਲਾ, 23
ਸਤੰਬਰ (ਬਲਵਿੰਦਰ ਸਿੰਘ ਭੁੱਲਰ): ਭਾਰਤ ਵਿਚ ਕਰੋੜਾਂ ਲੋਕ ਭੁੱਖਮਰੀ ਨਾਲ ਜੂਝ ਰਹੇ ਹਨ।
ਇਸ ਦੇਸ਼ ਵਿਚ ਵਸਣ ਵਾਲੇ ਕਈ ਕਰੋੜ ਲੋਕਾਂ ਦੀ ਪ੍ਰਤੀ ਦਿਨ ਆਮਦਨ 20 ਰੁਪਏ ਤੋਂ ਘੱਟ ਹੈ
ਜਿਸ ਕਾਰਨ ਉਹ ਪੇਟ ਭਰ ਰੋਟੀ ਨਹੀਂ ਖਾ ਸਕਦੇ ਅਤੇ ਉਨ੍ਹਾਂ ਦੇ ਬੱਚੇ ਕੁਪੋਸ਼ਨ ਦਾ ਸ਼ਿਕਾਰ
ਹੋ ਜਾਂਦੇ ਜਦ ਕਿ ਸਾਡੇ ਦੇਸ਼ ਅੰਦਰ ਹਰ ਸਾਲ ਲਗਭਗ 700 ਕਰੋੜ ਰੁਪਏ ਦੀ ਕਣਕ ਅਤੇ ਚਾਵਲ
ਸਰਕਾਰੀ ਗੋਦਾਮਾਂ ਵਿਚੋਂ ਜਾਂ ਤਾਂ ਚੋਰੀ ਹੋ ਜਾਂਦੇ ਹਨ, ਖ਼ਰਾਬ ਹੋ ਜਾਂਦੇ ਹਨ ਜਾਂ ਇਸ
ਅਨਾਜ ਦੀ ਇਕ ਪਾਸਿਉਂ ਦੂਸਰੇ ਪਾਸੇ ਢੋਆ ਢੁਆਈ ਦੌਰਾਨ ਖ਼ੁਰਦ ਬੁਰਦ ਹੋ ਜਾਂਦੇ ਹਨ।
ਇਕ ਆਰ.ਟੀ.ਆਈ ਅੈਕਟੀਵਿਸਟ ਦੁਆਰਾ ਹਾਸਲ ਕੀਤੀ ਜਾਣਕਾਰੀ ਅਨੁਸਾਰ ਸਾਲ 2010 ਤੋਂ ਲੈ ਕੇ ਸਾਲ 2013 ਤਕ ਸਰਕਾਰੀ ਗੁਦਾਮਾਂ ਵਿਚ 11,07,638,8 ਮੀਟਰਕ ਟਨ ਕਣਕ ਅਤੇ ਚਾਵਲ ਚੋਰੀ ਹੋਇਆ, ਖ਼ਰਾਬ ਹੋਇਆ ਜਾਂ ਰਾਹਦਾਰੀ ਵਿਚ ਇਧਰੋਂ ਉਧਰ ਕਰ ਦਿਤਾ ਗਿਆ। ਇੰਨੀ ਵਿਸ਼ਾਲ ਤਾਦਾਦ ਵਿਚ ਖ਼ਰਾਬ ਹੋਏ ਅਨਾਜ ਦੁਆਰਾ ਭਾਰਤ ਦੇ ਕਰੋੜਾਂ ਗ਼ਰੀਬ ਲੋਕਾਂ ਨੂੰ ਕਈ ਹਫ਼ਤਿਆਂ ਤਕ ਪੇਟ ਭਰ ਭੋਜਨ ਕਰਵਾਇਆ ਜਾ ਸਕਦਾ ਹੈ। ਕੇਂਦਰ ਦੇ ਫ਼ੂਡ ਸਕਿਉਰਟੀ ਲਾਅ ਮੁਤਾਬਕ ਹਰ ਨਾਗਰਿਕ ਨੂੰ ਪੇਟ ਭਰ ਰੋਟੀ ਖਾਣ ਦਾ ਹੱਕ ਹੈ ਅਤੇ ਇਕ ਨੋਡਲ ਏਜੰਸੀ ਹੋਣ ਦੇ ਨਾਤੇ ਭਾਰਤੀ ਖ਼ੁਰਾਕ ਨਿਗਮ ਕਣਕ ਅਤੇ ਚਾਵਲ ਖ਼ਰੀਦ ਵੀ ਕਰਦੀ ਅਤੇ ਇਸ ਦਾ ਵਿਤਰਣ ਵੀ ਕਰਦੀ ਹੈ।
ਭਾਰਤ ਦੇ
ਤਤਕਾਲੀ ਕੇਂਦਰੀ ਖੇਤੀਬਾੜੀ ਰਾਜ ਮੰਤਰੀ ਤਾਰਿਕ ਅਨਵਰ ਨੇ ਇਕ ਵਾਰ ਕਿਹਾ ਸੀ ਕਿ ਗ਼ਰੀਬ
ਅਤੇ ਲੋੜਵੰਦ ਪਰਵਾਰਾਂ ਨੂੰ ਵੰਡੇ ਜਾਣ ਵਾਲੇ ਅਨਾਜ ਵਿਚੋਂ ਵਿਤਰਣ ਪ੍ਰਣਾਲੀ
ਦੀਆਂ ਖ਼ਾਮੀਆਂ ਕਾਰਨ ਹਰ ਸਾਲ ਲਗਭਗ 30 ਫ਼ੀ ਸਦੀ ਅਨਾਜ ਖ਼ੁਰਦ ਬੁਰਦ ਕਰ ਦਿਤਾ ਜਾਂਦਾ ਹੈ।
ਇਸੇ ਤਰਜ਼ 'ਤੇ ਭਾਰਤ ਦੇ ਸਰਕਾਰੀ ਗੁਦਾਮਾਂ ਵਿਚੋਂ ਸਾਲ 2010-11 ਵਿਚ ਲਗਭਗ 606 ਕਰੋੜ
ਰੁਪਏ, ਸਾਲ 2011-12 ਵਿਚ ਲਗਭਗ 750 ਕਰੋੜ ਰੁਪਏ ਅਤੇ ਸਾਲ 2012-13 ਵਿਚ ਲਗਭਗ 720
ਕਰੋੜ ਰੁਪਏ ਦਾ ਅਨਾਜ ਚੋਰੀ ਹੋਇਆ, ਖ਼ਰਾਬ ਹੋਇਆ ਜਾਂ ਆਵਾਜਾਈ ਦੌਰਾਨ ਖ਼ੁਰਦ ਬੁਰਦ ਕਰ
ਦਿਤਾ ਗਿਆ। ਇਨ੍ਹਾਂ ਤਿੰਨ ਸਾਲਾਂ ਵਿਚ ਸਰਕਾਰੀ ਗੁਦਾਮਾਂ ਵਿਚੋਂ ਲਗਭਗ 2050 ਕਰੋੜ ਰੁਪਏ
ਦੇ ਬਰਾਬਰ ਦਾ ਨੁਕਸਾਨ ਹੋਇਆ ਹੈ। ਇਸ ਸਚਾਈ ਨੂੰ ਵੀ ਸਾਰੇ ਦੇਸ਼ ਵਾਸੀ ਭਲੀ ਪ੍ਰਕਾਰ
ਜਾਣਦੇ ਹਨ ਕਿ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਜਿੰਨਾ ਅਨਾਜ ਇਕ ਸਾਲ ਦੌਰਾਨ ਪੈਦਾ
ਹੁੰਦਾ ਹੈ ਭਾਰਤ ਵਿਚ ਇਕ ਸਾਲ ਦੌਰਾਨ ਉਸ ਤੋਂ ਵੱਧ ਅਨਾਜ ਖ਼ਰਾਬ ਹੋ ਜਾਂਦਾ ਹੈ।