ਚੋਰੀ ਦੇ ਪੰਜ ਮੋਟਰਸਾਈਕਲ ਸਣੇ ਚਾਰ ਗ੍ਰਿਫ਼ਤਾਰ, ਇਕ ਫ਼ਰਾਰ

ਖ਼ਬਰਾਂ, ਪੰਜਾਬ

ਮੱਲਾਂਵਾਲਾ, 28 ਦਸੰਬਰ (ਬਾਬਾ ਹਰਸਾ ਸਿੰਘ, ਸੁਖਵਿੰਦਰ ਸਿੰਘ) : ਥਾਣਾ ਮੱਲਾਂਵਾਲਾ ਦੀ ਪੁਲਿਸ ਨੇ ਬੀਤੇ ਦਿਨ ਗਸ਼ਤ ਦੇ ਦੌਰਾਨ ਪਿੰਡ ਕਾਮਲ ਵਾਲਾ ਕੋਲ ਕਬਾੜੀਏ ਸਮੇਤ ਤਿੰਨ ਚੋਰਾਂ ਨੂੰ ਚੋਰੀ ਦੇ ਪੰਜ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਗਿਆ ਹੈ ਜਦਕਿ ਇਸ ਚੋਰ ਗਰੋਹ ਦਾ ਮੁਖੀ ਫਰਾਰ ਦਸਿਆ ਜਾ ਰਿਹਾ ਹੈ। ਇਸ ਸਬੰਧੀ ਪੁਲਿਸ ਵਲੋਂ ਉਕਤ ਚਾਰੇ ਚੋਰਾਂ ਦੇ ਵਿਰੁਧ ਆਈਪੀਸੀ ਤਹਿਤ ਮੁਕੱਦਮਾ ਦਰਜ ਕੀਤਾ ਹੈ।ਵਧੇਰੇ ਜਾਣਕਾਰੀ ਦਿੰਦਿੰਆਂ ਥਾਣਾ ਮੱਲਾਂਵਾਲਾ ਦੇ ਏਐਸਆਈ ਅੰਗਰੇਜ ਸਿੰਘ ਨੇ ਦਸਿਆ ਕਿ ਬੀਤੇ ਦਿਨ ਜਦੋਂ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਕਿਸੇ ਖਾਸ ਮੁਖਬਰ ਨੇ ਇਤਲਾਹ ਦਿਤੀ ਕਿ ਪਿੰਡ ਗੁਰਦਿੱਤੀ ਵਾਲਾ ਅਤੇ ਕਸਬਾ ਮੱਲਾਂਵਾਲਾ ਦੇ ਰਹਿਣ ਵਾਲੇ ਤਿੰਨ ਚੋਰ ਇਕ ਕਬਾੜੀਏ ਨਾਲ ਮਿਲ ਕੇ ਮੋਟਰਸਾਈਕਲ ਚੋਰੀ ਕਰਦੇ ਹਨ ਅਤੇ ਪਿੰਡ ਕਾਮਲ ਵਾਲਾ ਕੋਲ ਚੋਰੀ ਦੇ ਮੋਟਰਸਾਈਕਲ ਵੇਚਣ ਦੀ ਤਾਕ ਵਿਚ ਹਨ।